JALANDHAR WEATHER

ਸੋਹਲ ਜਾਗੀਰ ਨੇੜੇ ਪੁਲਿਸ ਮੁਕਾਬਲਾ: ਗੋਲੀਬਾਰੀ ਮਾਮਲੇ ਵਿਚ ਦੋ ਮੁਲਜ਼ਮ ਗ੍ਰਿਫ਼ਤਾਰ

ਜਲੰਧਰ, 20 ਜਨਵਰੀ- ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਸੁਪਰਡੈਂਟ ਹਰਵਿੰਦਰ ਸਿੰਘ ਵਿਰਕ ਨੇ ਵੇਰਵੇ ਸਾਂਝੇ ਕਰਦੇ ਹੋਏ ਦੱਸਿਆ ਕਿ 11 ਜਨਵਰੀ, 2026 ਨੂੰ ਪਿੰਡ ਸੋਹਲ ਜਾਗੀਰ ਦੇ ਰਹਿਣ ਵਾਲੇ ਸੁਖਚੈਨ ਸਿੰਘ ਪੁੱਤਰ ਲਾਲ ਸਿੰਘ ਦੇ ਘਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਘਟਨਾ ਦੇ ਸੰਬੰਧ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 109 ਅਤੇ ਅਸਲਾ ਐਕਟ ਦੀ ਧਾਰਾ 25/27, 54 ਅਤੇ 59 ਦੇ ਤਹਿਤ ਪੁਲਿਸ ਸਟੇਸ਼ਨ ਸ਼ਾਹਕੋਟ ਵਿਖੇ ਐਫ.ਆਈ.ਆਰ. ਨੰਬਰ 14 ਮਿਤੀ 13-01-2026 ਦਰਜ ਕੀਤੀ ਗਈ ਸੀ ਅਤੇ ਪੂਰੀ ਜਾਂਚ ਸ਼ੁਰੂ ਕੀਤੀ ਗਈ ਸੀ।

ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਐਸ.ਪੀ. ਜਲੰਧਰ ਦਿਹਾਤੀ ਦੇ ਨਿਰਦੇਸ਼ਾਂ ਹੇਠ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਹ ਕਾਰਵਾਈ ਸਬ ਡਿਵੀਜ਼ਨ ਸ਼ਾਹਕੋਟ ਦੇ ਡੀ.ਐਸ.ਪੀ. ਸੁਖਪਾਲ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ, ਜਿਸ ਵਿਚ ਇੰਸਪੈਕਟਰ ਬਲਵਿੰਦਰ ਸਿੰਘ, ਥਾਣਾ ਸ਼ਾਹਕੋਟ ਦੇ ਸਟੇਸ਼ਨ ਹਾਊਸ ਅਫਸਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਕੰਮ ਕਰ ਰਹੀਆਂ ਸਨ।

ਜਾਂਚ ਦੌਰਾਨ ਪੁਲਿਸ ਨੂੰ ਭਰੋਸੇਯੋਗ ਗੁਪਤ ਸੂਚਨਾ ਮਿਲੀ ਕਿ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਿਲ ਦੋ ਦੋਸ਼ੀ ਹਥਿਆਰਬੰਦ ਹੋ ਕੇ ਸੋਹਲ ਜਾਗੀਰ ਦੇ ਨੇੜੇ ਘੁੰਮ ਰਹੇ ਸਨ ਅਤੇ ਇਕ ਹੋਰ ਅਪਰਾਧਿਕ ਕਾਰਵਾਈ ਕਰਨ ਦਾ ਇਰਾਦਾ ਰੱਖਦੇ ਸਨ। ਸੂਚਨਾ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ।

ਨਾਕਾਬੰਦੀ ਦੌਰਾਨ ਦੋ ਸ਼ੱਕੀ ਇਕ ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਗਿਆ ਤੇ ਉਨ੍ਹਾਂ ਨੇ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰ ਦਿੱਤੀ। ਜਵਾਬ ਵਿਚ ਪੁਲਿਸ ਨੇ ਕਾਰਵਾਈ ਕੀਤੀ।

ਗੋਲੀਬਾਰੀ ਦੌਰਾਨ ਮੁਲਜ਼ਮ ਕਰਨਵੀਰ ਦੇ ਪੱਟ ਵਿਚ ਗੋਲੀ ਲੱਗੀ ਅਤੇ ਉਸਨੂੰ ਤੁਰੰਤ ਡਾਕਟਰੀ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ, ਜਿਥੇ ਉਸਦਾ ਪੁਲਿਸ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ। ਦੂਜੇ ਮੁਲਜ਼ਮ ਅੰਗਰੇਜ ਸਿੰਘ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਦੀ ਪਛਾਣ ਤਰਨਤਾਰਨ ਦੇ ਵਾਸੀਆਂ ਵਜੋਂ ਹੋਈ ਹੈ। ਪੁਲਿਸ ਨੂੰ ਇਨ੍ਹਾਂ ਪਾਸੋਂ ਇਕ .30 ਬੋਰ ਪਿਸਤੌਲ, ਇਕ ਜ਼ਿੰਦਾ ਕਾਰਤੂਸ, ਇਕ ਖਾਲੀ ਕਾਰਤੂਸ ਦਾ ਖੋਲ ਤੇ ਇਕ ਸਪਲੈਂਡਰ ਮੋਟਰਸਾਈਕਲ, ਜੋ ਕਿ ਅਪਰਾਧ ਵਿੱਚ ਵਰਤਿਆ ਗਿਆ ਸੀ, ਬਰਾਮਦ ਕੀਤਾ ਗਿਆ ਹੈ।

ਐਸ.ਐਸ.ਪੀ. ਜਲੰਧਰ ਦਿਹਾਤੀ ਨੇ ਅੱਗੇ ਖੁਲਾਸਾ ਕੀਤਾ ਕਿ ਜਾਂਚ ਵਿਚ ਗੋਲੀਬਾਰੀ ਦੀ ਘਟਨਾ ਵਿਦੇਸ਼ ਤੋਂ ਰਚੀ ਗਈ ਇਕ ਅਪਰਾਧਿਕ ਸਾਜ਼ਿਸ਼ ਦਾ ਹਿੱਸਾ ਹੋਣ ਦਾ ਖੁਲਾਸਾ ਹੋਇਆ ਹੈ। ਮੁੱਖ ਸਾਜ਼ਿਸ਼ਕਰਤਾ ਬਲਵੰਤ ਸਿੰਘ ਉਰਫ਼ ਬੰਤਾ, ਵਾਸੀ ਪਿੰਡ ਸੋਹਲ ਜਗੀਰ ਅਤੇ ਵਰਤਮਾਨ ਵਿਚ ਅਮਰੀਕਾ ਵਿਚ ਰਹਿ ਰਿਹਾ ਹੈ।

ਐਸ.ਐਸ.ਪੀ. ਜਲੰਧਰ ਦਿਹਾਤੀ ਨੇ ਦੱਸਿਆ ਕਿ ਵਿਦੇਸ਼ ਤੋਂ ਕੰਮ ਕਰ ਰਹੇ ਮੁਲਜ਼ਮਾਂ ਵਿਰੁੱਧ ਹਵਾਲਗੀ ਦੀ ਕਾਰਵਾਈ ਸ਼ੁਰੂ ਕਰਨ ਦੀ ਪ੍ਰਕਿਰਿਆ ਕਾਨੂੰਨ ਅਨੁਸਾਰ ਢੁਕਵੇਂ ਕੂਟਨੀਤਕ ਚੈਨਲਾਂ ਰਾਹੀਂ ਕੀਤੀ ਜਾ ਰਹੀ ਹੈ।

ਮਾਮਲੇ ਦੀ ਅਗਲੇਰੀ ਜਾਂਚ ਪੂਰੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ