ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਦਿਹਾੜੇ ’ਤੇ ਸੰਘਣੀ ਧੁੰਦ ਦਰਮਿਆਨ ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ ਢਿੱਲੋਂ)- ਮਾਘੀ ਜੋੜ ਮੇਲੇ ਮੌਕੇ ਅੱਜ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦਰਮਿਆਨ ਅੱਧੀ ਰਾਤ ਤੋਂ ਹੀ ਸੰਗਤ ਦੀ ਆਮਦ ਜਾਰੀ ਹੈ। ਸਵੇਰ ਮੌਕੇ ਨੇੜੇ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਕਿਉਂਕਿ ਧੁੰਦ ਬਹੁਤ ਸੰਘਣੀ ਹੈ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਅਤੇ 40 ਮੁਕਤਿਆਂ ਨੂੰ ਸਿਜਦਾ ਕਰ ਰਹੀਆਂ ਹਨ। ਕੀਰਤਨ ਪ੍ਰਵਾਹ ਸਰਵਣ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀਆਂ ਹਨ। ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ’ਤੇ ਸੰਗਤ ਲਈ ਲੰਗਰ ਲਾਏ ਗਏ ਹਨ।
ਮਾਘੀ ਦੇ ਦਿਹਾੜੇ ’ਤੇ ਪੰਜਾਬ ਸਰਕਾਰ ਵਲੋਂ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਜਪਾ ਵਲੋਂ ਪਹਿਲੀ ਵਾਰ ਮਾਘੀ ਦੇ ਦਿਹਾੜੇ ’ਤੇ ਰਾਜਨੀਤਕ ਕਾਨਫ਼ਰੰਸ ਕੀਤੀ ਜਾ ਰਹੀ ਹੈ, ਜਿਸ ਵਿਚ ਕੇਂਦਰੀ ਅਤੇ ਸੂਬੇ ਦੇ ਆਗੂ ਪਹੁੰਚ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮਲੋਟ ਰੋਡ ਬਾਈਪਾਸ ਵਿਖੇ ਵੱਡੀ ਕਾਨਫ਼ਰੰਸ ਕਰਨ ਲਈ ਵੱਡਾ ਪੰਡਾਲ ਲਾਇਆ ਗਿਆ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਵੀ 40 ਮੁਕਤਿਆਂ ਨੂੰ ਸਮਰਪਿਤ ਸ਼ਹੀਦੀ ਕਾਨਫ਼ਰੰਸਾਂ ਕੀਤੀਆਂ ਜਾ ਰਹੀਆਂ ਹਨ।
;
;
;
;
;
;
;
;