ਮੁੱਖ ਮਾਰਗ ਤੇ ਸਹਿਜੜਾ ਬੱਸ ਸਟੈਂਡ ’ਤੇ ਚੋਰ ਗਰੋਹ ਵਲੋਂ ਦੋ ਇਲੈਕਟ੍ਰਿਕ ਵਰਕਸ਼ਾਪਾਂ ’ਚੋਂ ਡੇਢ ਲੱਖ ਦਾ ਸਾਮਾਨ ਚੋਰੀ
ਮਹਿਲ ਕਲਾਂ,8 ਜਨਵਰੀ (ਅਵਤਾਰ ਸਿੰਘ ਅਣਖੀ)- ਮੁੱਖ ਮਾਰਗ 'ਤੇ ਪਿੰਡ ਸਹਿਜੜਾ ਦੇ ਬੱਸ ਸਟੈਂਡ ਉਪਰ ਬੀਤੀ ਰਾਤ ਚੋਰ ਗਰੋਹ ਵੱਲੋਂ ਬੇਖੌਫ਼ ਹੋ ਕੇ ਦੋ ਇਲੈਕਟ੍ਰਿਕ ਵਰਕਸ਼ਾਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਸਬੰਧੀ ਪੀੜਤ ਸੁਰਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸਹਿਜੜਾ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਚਾਰ ਵਜੇ ਦੇ ਕਰੀਬ ਚੋਰਾਂ ਨੇ ਉਸ ਦੀ ਬਿਜਲੀ ਇਲੈਕਟਰਿਕ ਵਰਕਸ਼ਾਪ ਦੇ ਪਿਛਲੇ ਪਾਸੇ ਪਾੜ ਲਗਾ ਕੇ ਮੁਰੰਮਤ ਲਈ ਆਈਆਂ ਦੋ ਸਮਰਸੀਬਲ ਮੋਟਰਾਂ, 15 ਛੱਤ ਵਾਲੇ ਪੱਖੇ, ਬਿਜਲੀ ਦੀਆਂ ਤਾਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਚੋਰੀ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਲਈ ਪਹੁੰਚੇ। ਵੇਖਿਆ ਕਿ ਅੰਦਰ ਸਾਰਾ ਸਮਾਨ ਖਿੱਲਰਿਆ ਅਤੇ ਪਿਛਲੇ ਪਾਸੇ ਵੱਡਾ ਪਾੜ ਲੱਗਿਆ ਹੋਇਆ ਸੀ, ਜਿਸ ਰਾਹੀਂ ਚੋਰ ਅੰਦਰ ਦਾਖਲ ਹੋਏ।
ਇਸੇ ਤਰ੍ਹਾਂ ਨਾਲ ਲੱਗਦੀ ਦੂਜੀ ਇਲੈਕਟ੍ਰਿਕ ਵਰਕਸ਼ਾਪ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ, ਜਿੱਥੇ ਦੁਕਾਨ ਦਾ ਅਗਲਾ ਸ਼ਟਰ ਤੋੜ ਕੇ ਦੋ ਕੀਮਤੀ ਸਮਰਸੀਬਲ ਮੋਟਰਾਂ, ਟਾਇਰਾਂ ਦੇ ਰਿੰਮ, ਡਰਿਲ ਕਟਰ, 17 ਦੇ ਕਰੀਬ ਪੱਖੇ, ਵੱਖ-ਵੱਖ ਟੂਲ ਅਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪੀੜਤ ਦੁਕਾਨਦਾਰਾਂ ਅਨੁਸਾਰ ਦੋਨਾਂ ਦੁਕਾਨਾਂ ਤੋਂ ਮਿਲਾ ਕੇ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ ਗਿਆ। ਚੋਰੀ ਦੀਆਂ ਘਟਨਾਵਾਂ ਸਬੰਧੀ ਥਾਣਾ ਮਹਿਲ ਕਲਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਿੰਡ ਛੀਨੀਵਾਲ ਕਲਾਂ ਅਤੇ ਭੱਦਲਵੱਢ ਚ ਝਪਟਮਾਰਾਂ ਵਲੋਂ ਦਿਨ ਦਿਹਾੜੇ ਔਰਤਾਂ ਤੋਂ ਨਗਦੀ, ਮੋਬਾਈਲ ਫੋਨ ਖੋਹਣ ਦੀਆਂ ਘਟਨਾਵਾਂ ਬਾਰੇ ਪੁਲਿਸ ਅਜੇ ਕਿਸੇ ਵੀ ਸਿੱਟੇ ਉਤੇ ਨਹੀਂ ਪਹੁੰਚ ਸਕੀ। ਲੁਧਿਆਣਾ ਬਠਿੰਡਾ ਮੁੱਖ ਮਾਰਗ ਉਪਰ ਬੀਤੀ ਇਕੋ ਰਾਤ 'ਚ ਤਿੰਨ ਦੁਕਾਨਾਂ ਉਪਰ ਚੋਰੀ ਦੀਆਂ ਘਟਨਾਵਾਂ ਨਾਲ ਦੁਕਾਨਦਾਰਾਂ ਆਮ ਲੋਕਾਂ ਵਿਚ ਡਰ ਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
;
;
;
;
;
;
;