ਪਿੰਡ ਛੀਨੀਵਾਲ ਕਲਾਂ ਵਿਖੇ ਦਿਨ-ਦਿਹਾੜੇ ਵਾਪਰੀਆਂ ਲੁੱਟਖੋਹ ਦੀਆਂ ਦੋ ਘਟਨਾਵਾਂ
ਮਹਿਲ ਕਲਾਂ, 6 ਜਨਵਰੀ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ( ਬਰਨਾਲਾ) ਵਿਖੇ ਇਕੋ ਦਿਨ ਵਿਚ ਲੁੱਟ ਖੋਹ ਦੀਆਂ ਦਿਨ ਦਿਹਾੜੇ ਵਾਪਰੀਆਂ ਦੋ ਘਟਨਾਵਾਂ ਨੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿਤਾ ਹੈ। ਜਾਣਕਾਰੀ ਅਨੁਸਾਰ ਅੱਜ ਪਹਿਲੀ ਘਟਨਾ 'ਚ ਸਵੇਰੇ 12 ਵਜੇ ਦੇ ਕਰੀਬ ਪਿੰਡ ਦੇ ਇਕ ਕਿਸਾਨ ਪਰਿਵਾਰ ਦੀ ਔਰਤ ਬੱਸ ਤੋਂ ਉਤਰ ਕੇ ਘਰ ਨੂੰ ਜਾਣ ਜਾ ਰਹੀ ਸੀ, ਤਾਂ ਦੋ ਨੌਜਵਾਨਾਂ ਨੇ ਝਪਟ ਮਾਰ ਕੇ ਉਸ ਦਾ ਪਰਸ ਖੋਹ ਲਿਆ। ਰੌਲਾ ਪੈ ਜਾਣ ਉਤੇ ਪਰਸ ਖੋਹ ਕੇ ਭੱਜਣ ਲੱਗੇ ਝਪਟਮਾਰਾਂ ਵਿਚੋਂ ਇਕ ਨੂੰ ਪਿੰਡ ਦੇ ਲੋਕਾਂ ਨੇ ਕਾਬੂ ਕਰ ਲਿਆ।
ਦੂਸਰੀ ਘਟਨਾ ਪਿੰਡ ਤਾਜਪੁਰ ਤੋਂ ਛੀਨੀਵਾਲ ਕਲਾਂ ਵਿਖੇ ਆਪਣੀ ਬਿਮਾਰ ਭੂਆ ਦਾ ਪਤਾ ਲੋਣ ਆਈ ਸੰਦੀਪ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਤਾਜਪੁਰ (ਰਾਏਕੋਟ) ਨਾਲ ਦੁਪਹਿਰ ਢਾਈ ਵਜੇ ਦੇ ਕਰੀਬ ਵਾਪਰੀ, ਜਦੋਂ ਉਹ ਆਪਣੀ ਸੱਤਵੀਂ 'ਚ ਪੜ੍ਹਦੀ ਬੇਟੀ ਨਾਲ ਵਾਪਸ ਪਿੰਡ ਤਾਜਪੁਰ ਜਾਣ ਲਈ ਆਪਣੀ ਸਕੂਟਰੀ ਉਪਰ ਛੀਨੀਵਾਲ ਕਲਾਂ ਤੋਂ ਮਹਿਲ ਕਲਾਂ ਨੂੰ ਜਾਂਦੇ ਸਮੇਂ ਰਸਤੇ ਵਿਚ ਪੈਦੇ ਸ਼ਰਾਬ ਦੇ ਠੇਕੇ ਨੇੜੇ ਪਹੁੰਚੀ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਨ੍ਹਾਂ ਤੋਂ ਪਰਸ, ਮੋਬਾਈਲ ਫੋਨ ਖੋਹ ਕੇ ਭੱਜ ਗਏ। ਇਸ ਦੌਰਾਨ ਅਚਾਨਕ ਸਕੂਟਰੀ ਬੇਕਾਬੂ ਹੋ ਕੇ ਦਰੱਖਤ ਨਾਲ ਜ਼ੋਰਦਾਰ ਟਕਰਾਉਣ ਨਾਲ ਮਾਵਾਂ-ਧੀਆਂ ਦੇ ਗੰਭੀਰ ਸੱਟਾਂ ਲੱਗਣ ਤੋਂ ਇਲਾਵਾ ਸਕੂਟਰੀ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ।
ਇਸ ਘਟਨਾ ਬਾਰੇ ਪਤਾ ਲੱਗਦਿਆ ਹੀ ਤੁਰੰਤ ਪਹੁੰਚੇ ਸੁਖਮਨੀ ਸੇਵਾ ਸੁਸਾਇਟੀ ਛੀਨੀਵਾਲ ਕਲਾਂ ਦੇ ਪ੍ਰਧਾਨ ਜਗਮੇਲ ਸਿੰਘ ਧਾਲੀਵਾਲ ਨੇ ਗੰਭੀਰ ਜ਼ਖਮੀ ਹਾਲਤ 'ਚ ਮਾਂ, ਧੀ ਦੋਵਾਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਰਾਏਕੋਟ ਭਰਤੀ ਕਰਵਾਇਆ। ਪਤਾ ਲੱਗਿਆ ਕਿ ਪੀੜਤ ਸੰਦੀਪ ਕੌਰ ਦੇ ਰੀੜ੍ਹ ਦੀ ਹੱਡੀ ਅਤੇ ਉਸ ਦੀ ਬੇਟੀ ਦੇ ਮੱਥੇ 'ਚ ਸੱਟ ਅਤੇ ਇਕ ਲੱਤ ਦੀ ਹੱਡੀ ਟੁੱਟ ਗਈ ਹੈ । ਇਸ ਘਟਨਾ ਬਾਰੇ ਸੂਚਿਤ ਕਰਨ ਲਈ ਪੁਲਿਸ ਥਾਣਾ ਮਹਿਲ ਕਲਾਂ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
;
;
;
;
;
;
;
;