ਗੈਰ-ਕਾਨੂੰਨੀ ਟਿੱਪਰਾਂ ਖ਼ਿਲਾਫ਼ ਕਿਸਾਨ ਜਥੇਬੰਦੀ ਨੇ ਖੋਲ੍ਹਿਆ ਮੋਰਚਾ
ਮਹਿਲ ਕਲਾਂ (ਬਰਨਾਲਾ), 20 ਦਸੰਬਰ (ਅਵਤਾਰ ਸਿੰਘ ਅਣਖੀ) - ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣਾਈ ਜਾ ਰਹੀ ਸੜਕ ਦੇ ਨਿਰਮਾਣ ਕਾਰਜਾਂ ਦੌਰਾਨ ਆਲੇ-ਦੁਆਲੇ ਦੇ ਪਿੰਡਾਂ ਤੋਂ ਮਿੱਟੀ ਦੀ ਲਗਾਤਾਰ ਕੀਤੀ ਜਾ ਰਹੀ ਢੋਆ-ਢੁਆਈ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ-ਧਨੇਰ ਦੀ ਅਗਵਾਈ ਹੇਠ ਅੱਜ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਨਿਰਮਾਣ ਕੰਪਨੀਆਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਬਹੁ-ਕੌਮੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਬਣਾਈ ਜਾ ਰਹੀ ਇਸ ਸੜਕ ਲਈ ਵਰਤੇ ਜਾ ਰਹੇ ਓਵਰਲੋਡ ਟਿੱਪਰਾਂ ਨੇ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਘਾਣ ਕਰ ਦਿੱਤਾ ਹੈ ਅਤੇ ਖ਼ਾਸ ਕਰਕੇ ਮਹਿਲ ਕਲਾਂ-ਮੂੰਮ ਲਿੰਕ ਸੜਕ, ਜੋ ਅਜੇ ਕੁਝ ਮਹੀਨੇ ਪਹਿਲਾਂ ਹੀ ਬਣੀ ਸੀ, ਇਨ੍ਹਾਂ ਭਾਰੀ ਵਾਹਨਾਂ ਕਾਰਨ ਪੂਰੀ ਤਰ੍ਹਾਂ ਟੁੱਟ ਕੇ ਤਰਸਯੋਗ ਹਾਲਤ ਵਿਚ ਪਹੁੰਚ ਚੁੱਕੀ ਹੈ। ਇਸ ਕਾਰਨ ਸਥਾਨਕ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਕੰਮ ਕਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰਾਹਗੀਰਾਂ ਨੂੰ ਵੀ ਇਹ ਟਿੱਪਰ ਚਾਲਕ ਰਸਤਾ ਨਹੀਂ ਦਿੰਦੇ, ਜਿਸ ਨਾਲ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਟਿੱਪਰਾਂ 'ਤੇ ਨੰਬਰ ਪਲੇਟਾਂ ਤੱਕ ਨਹੀਂ ਹਨ ਅਤੇ ਜਦੋਂ ਇਨ੍ਹਾਂ ਦੇ ਚਾਲਕਾਂ ਤੋਂ ਲਾਇਸੈਂਸ ਮੰਗੇ ਗਏ ਤਾਂ ਉਨ੍ਹਾਂ ਬੜੀ ਬੇਪਰਵਾਹੀ ਨਾਲ ਜਵਾਬ ਦਿੱਤਾ ਕਿ "ਲਾਇਸੈਂਸ ਤੋ ਕੰਪਨੀ ਕੇ ਪਾਸ ਹੈਂ" ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਚੁੱਕੇ ਕਿ ਜਿਥੇ ਆਮ ਲੋਕਾਂ ਦੇ ਮਾਮੂਲੀ ਗਲਤੀਆਂ 'ਤੇ ਧੜਾਧੜ ਚਲਾਨ ਕੱਟੇ ਜਾਂਦੇ ਹਨ, ਉਥੇ ਹੀ ਦਿਨ-ਦਿਹਾੜੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਇਨ੍ਹਾਂ ਓਵਰਲੋਡ ਵਾਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕੰਪਨੀ ਅਧਿਕਾਰੀਆਂ ਵਲੋਂ ਕੰਮ ਖ਼ਤਮ ਹੋਣ ਤੋਂ ਬਾਅਦ ਮੁਰੰਮਤ ਕਰਨ ਦੇ ਦਿੱਤੇ ਭਰੋਸੇ ਨੂੰ ਮਹਿਜ਼ ਇਕ ਖਾਨਾਪੂਰਤੀ ਆਖਦਿਆਂ ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਉਹ ਇਨ੍ਹਾਂ ਟਿੱਪਰਾਂ ਨੂੰ ਉਦੋਂ ਤੱਕ ਨਹੀਂ ਚੱਲਣ ਦੇਣਗੇ ਜਦੋਂ ਤੱਕ ਇਸ ਮੁਸ਼ਕਲ ਦਾ ਕੋਈ ਪੁਖ਼ਤਾ ਹੱਲ ਨਹੀਂ ਨਿਕਲਦਾ। ਉਨ੍ਹਾਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਕਿ ਇਨ੍ਹਾਂ ਗੈਰ-ਕਾਨੂੰਨੀ ਟਿੱਪਰਾਂ ਨੂੰ ਤੁਰੰਤ ਬੰਦ ਕਰਵਾ ਕੇ ਟੁੱਟੀਆਂ ਸੜਕਾਂ ਅਤੇ ਪੁਲੀਆਂ ਦਾ ਨਵੇਂ ਸਿਰੇ ਤੋਂ ਨਿਰਮਾਣ ਕਰਵਾਇਆ ਜਾਵੇ। ਦੂਜੇ ਪਾਸੇ ਐਸ.ਐਚ.ਓ. ਮਹਿਲ ਕਲਾਂ ਅਨੁਸਾਰ ਇਹ ਕੰਮ ਬੀ.ਡੀ.ਪੀ.ਓ. ਦਫ਼ਤਰ ਨਾਲ ਹੋਏ ਕਿਸੇ ਸਮਝੌਤੇ ਤਹਿਤ ਚੱਲ ਰਿਹਾ ਹੈ।
;
;
;
;
;
;
;
;
;