ਸੇਮ ਨਾਲੇ 'ਚ ਪਾਣੀ ਦਾ ਪੱਧਰ ਵਧਣ ਨਾਲ ਕਈ ਪਿੰਡ ਪ੍ਰਭਾਵਿਤ

ਮੱਖੂ, 26 ਅਗਸਤ (ਕੁਲਵਿੰਦਰ ਸਿੰਘ ਸੰਧੂ)-ਮੱਖੂ ਤੋਂ ਨਿਕਲਦਾ ਸੇਮਨਾਲਾ ਜੋ ਕਿ ਨਿਜ਼ਾਮਦੀਨ ਵਾਲਾ, ਪੱਧਰੀ, ਬਾਹਰਵਾਲੀ ਵਿਚੋਂ ਗੁਜ਼ਰ ਕੇ ਗੱਟਾ ਬਾਦਸ਼ਾਹ ਦੇ ਨਜ਼ਦੀਕ ਸਤਲੁਜ ਬਿਆਸ ਸੰਗਮ ਦਰਿਆ ਵਿਚ ਪੈਂਦਾ ਹੈ ਪਰ ਦਰਿਆ ਪਾਣੀ ਦਾ ਪੱਧਰ ਵਧਣ ਕਾਰਨ ਇਸ ਸੇਮ ਨਾਲੇ ਨੂੰ ਧੁੱਸੀ ਬੰਨ੍ਹ ਦੇ ਨਜ਼ਦੀਕ ਬੰਦ ਕਰਨਾ ਪੈਂਦਾ ਹੈ। ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਇਹ ਸੇਮ ਨਾਲੇ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਇਸ ਦਾ ਪਾਣੀ ਨਿਜ਼ਾਮਦੀਨ ਵਾਲਾ, ਪੱਧਰੀ, ਬਾਹਰਵਾਲੀ, ਗੱਟਾ ਬਾਦਸ਼ਾਹ ਵਿਚ ਲੱਗੇ ਕਿਸਾਨਾਂ ਦੇ ਝੋਨੇ ਵਿਚ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਕਿਸਾਨਾਂ ਦਾ ਵੱਡੇ ਪੱਧਰ ਉਤੇ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਕਿਸਾਨ ਸਰਪੰਚ ਮੇਹਰ ਸਿੰਘ ਬਾਹਰਵਾਲੀ ਅਤੇ ਗੁਰਵਿੰਦਰ ਸਿੰਘ ਢਿੱਲੋਂ ਐਗਜ਼ੈਕਟਿਵ ਕਮੇਟੀ ਮੈਂਬਰ ਭਾਕਿਯੂ ਪੰਜਾਬ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੱਟਾ ਬਾਦਸ਼ਾਹ ਨਜ਼ਦੀਕ ਪ੍ਰਸ਼ਾਸਨ ਮੋਟਰਾਂ ਦਾ ਪ੍ਰਬੰਧ ਕਰਕੇ ਸੇਮ ਨਾਲੇ ਦਾ ਪਾਣੀ ਦਰਿਆ ਵਿਚ ਪਾਵੇ ਤਾਂ ਜੋ ਕਿਸਾਨਾਂ ਦੇ ਝੋਨੇ ਦੀ ਫਸਲ ਦਾ ਨੁਕਸਾਨ ਹੋਣੋ ਬਚ ਸਕੇ ਨਹੀਂ ਤਾਂ ਵੱਡੇ ਪੱਧਰ ਉਤੇ ਇਹ ਸੇਮ ਨਾਲੇ ਦੇ ਪਾਣੀ ਨਾਲ ਕਿਸਾਨਾਂ ਦੀ ਫਸਲ ਬਰਬਾਦ ਹੋ ਜਾਵੇਗੀ।