ਲੁਟੇਰਾ ਗਰੋਹ ਨੇ ਭੱਠੇ ਦੇ ਮੁਨਸ਼ੀ ’ਤੇ ਜਾਨਲੇਵਾ ਹਮਲਾ ਕਰ ਖੋਹੀ ਨਕਦੀ ਅਤੇ ਮੋਬਾਇਲ

ਰਾਮਾਂ ਮੰਡੀ, (ਬਠਿੰਡਾ), 23 ਅਗਸਤ (ਤਰਸੇਮ ਸਿੰਗਲਾ)- ਬੀਤੀ ਦੇਰ ਰਾਤ ਸਥਾਨਕ ਰਾਮਾਂ ਪਿੰਡ ਤੋਂ ਮਲਕਾਣਾ ਪਿੰਡ ਨੂੰ ਜਾਂਦੀ ਸੜਕ ਤੋਂ ਮੋਟਰਸਾਈਕਲਾਂ ’ਤੇ ਸਵਾਰ ਲੁਟੇਰਿਆਂ ਦੇ ਗਰੋਹ ਵਲੋਂ ਭੱਠੇ ਦੇ ਮੁਨਸ਼ੀ ’ਤੇ ਜਾਨਲੇਵਾ ਹਮਲਾ ਕਰਕੇ ਨਕਦੀ ਅਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ। ਪਿੰਡ ਮਲਕਾਣਾ ਦੇ ਸਰਪੰਚ ਰਾਮਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੀ ਰਾਤ 11.00 ਵਜੇ ਦੇ ਕਰੀਬ ਉਨ੍ਹਾਂ ਨੂੰ ਇਕ ਵਿਅਕਤੀ ਨੇ ਫੋਨ ਤੇ ਦੱਸਿਆ ਸੀ ਕਿ ਮਲਕਾਣਾ ਰੋਡ ’ਤੇ ਨਾ-ਮਾਲੂਮ ਨਕਾਬਪੋਸ਼ ਵਿਅਕਤੀ ਮੋਟਰਸਾਈਕਲਾਂ ’ਤੇ ਘੁੰਮ ਰਹੇ ਹਨ, ਜਿਸ ਤੋਂ ਬਾਅਦ ਗੁਰੂ ਘਰ ਰਾਹੀਂ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ ਗਈ, ਤਾਂ ਪਿੰਡ ਵਾਸੀ ਇਕੱਠੇ ਹੋ ਕੇ ਰੋਡ ਵੱਲ ਚੱਲ ਪਏ।
ਪਿੰਡ ਦਾ ਇਕ ਵਿਅਕਤੀ ਬਲਵੀਰ ਸਿੰਘ ਪੁੱਤਰ ਨਿਰੰਜਨ ਸਿੰਘ ਪਿੰਡ ਨੌਰੰਗ ਵਿਖੇ ਭੱਠੇ ’ਤੇ ਮੁਨਸ਼ੀ ਲੱਗਿਆ ਹੋਇਆ ਹੈ, ਜੋ ਰਾਤ ਨੂੰ ਰੋਜ਼ਾਨਾ ਆਪਣੇ ਮੋਟਰਸਾਈਕਲ ’ਤੇ ਭੱਠੇ ਤੋਂ ਡਿਊਟੀ ਖਤਮ ਕਰਕੇ ਘਰ ਆਉਂਦਾ ਹੈ। ਜਦੋਂ ਪਿੰਡ ਵਾਸੀ ਰੋਡ ’ਤੇ ਜਾ ਰਹੇ ਸਨ ਤਾਂ ਸੜਕ ’ਤੇ ਇਕ ਬੂਟ ਡਿੱਗਿਆ ਦਿਖਾਈ ਦਿੱਤਾ, ਜਿਸ ਤੋਂ ਬਾਅਦ ਆਸੇ ਪਾਸੇ ਖੇਤਾਂ ਵਿਚ ਦੇਖਿਆ ਗਿਆ ਤਾਂ ਜ਼ਖ਼ਮੀ ਹਾਲਤ ਵਿਚ ਖੂਨ ਨਾਲ ਲਥਪਥ ਮੁਨਸ਼ੀ ਬਲਵੀਰ ਸਿੰਘ ਤੜਫ ਰਿਹਾ ਸੀ ਤੇ ਉਸ ਦਾ ਮੋਟਰਸਾਈਕਲ ਵੀ ਨਾਲ ਹੀ ਡਿੱਗਿਆ ਪਿਆ ਸੀ। ਜ਼ਖ਼ਮੀ ਮੁਨਸ਼ੀ ਨੇ ਪਿੰਡ ਵਾਸੀਆਂ ਨੂੰ ਲੁਟੇਰਿਆਂ ਵਲੋਂ ਜਾਨਲੇਵਾ ਹਮਲਾ ਕਰਕੇ 30/35 ਹਜ਼ਾਰ ਰੁਪਏ ਅਤੇ ਮੋਬਾਇਲ ਖੋਹ ਕੇ ਲਿਜਾਣ ਬਾਰੇ ਦੱਸਿਆ। ਰਾਮਾਂ ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।