ਕੈਂਪ ਲਗਾਉਣ ਜਾ ਰਹੇ ਭਾਜਪਾ ਆਗੂਆਂ ਨੂੰ ਕੀਤਾ ਘਰ ’ਚ ਨਜ਼ਰਬੰਦ

ਬੀਨੇਵਾਲ, (ਹੁਸ਼ਿਆਪੁਰ), 23 ਅਗਸਤ (ਬੈਜ ਚੌਧਰੀ)- ਅੱਜ ‘ਭਾਜਪਾ ਕੇ ਸੇਵਕ ਆਪਕੇ ਦਵਾਰ’ ਮੁਹਿੰਮ ਤਹਿਤ ਪਿੰਡ ਹਰਵਾਂ ਵਿਚ ਭਾਜਪਾ ਉਪ ਪ੍ਰਧਾਨ ਰਾਜ ਕੁਮਾਰ ਰਾਣਾ ਦੇ ਘਰ ਕੈਂਪ ਲਗਾਉਣ ਜਾ ਰਹੇ ਭਾਜਪਾ ਆਗੂਆ ਰਾਜ ਕੁਮਾਰ ਰਾਣਾ, ਮੰਡਲ ਪ੍ਰਧਾਨ ਬਿੱਲਾ ਕੰਬਾਲਾ, ਬੁੱਧੀਜੀਵੀ ਕਨਵੀਨਰ ਅਲੋਕ ਰਾਣਾ, ਸੀਨੀਅਰ ਆਗੂ ਪ੍ਰਦੀਪ ਰੰਗੀਲਾ, ਸਤਪਾਲ ਧੰਜਲ, ਰਾਮ ਕੁਮਾਰ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ। ਇਸ ਮੌਕੇ ਐਸ. ਐਚ. ਓ. ਗਗਨਦੀਪ ਸਿੰਘ ਸੇਖੋਂ, ਚੌਂਕੀ ਇੰਚਾਰਜ ਬੀਨੇਵਾਲ ਰਾਜੇਸ਼ ਕੁਮਾਰ ਸਮੇਤ ਆਪਣੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਭਾਜਪਾ ਆਗੂਆਂ ਨੂੰ ਜ਼ਿਲ੍ਹਾ ਉਪ ਪ੍ਰਧਾਨ ਰਾਜ ਕੁਮਾਰ ਰਾਣਾ ਦੇ ਘਰ ਨਜ਼ਰ ਬੰਦ ਕਰ ਦਿੱਤਾ। ਇਸ ਮੌਕੇ ਐੱਸ. ਐੱਚ. ਓ. ਨੇ ਕਿਹਾ ਕਿ ਬਿਨਾਂ ਮਨਜ਼ੂਰੀ ਅਜਿਹੇ ਕੈਂਪ ਨਾ ਲਗਾਏ ਜਾਣ।
ਇਸ ਮੌਕੇ ਅਲੋਕ ਰਾਣਾ ਨੇ ਕਿਹਾ ਕਿ ਇਹ ਕੈਂਪ ਬਕਾਇਦਾ ਭਾਰਤ ਸਰਕਾਰ ਤੋਂ ਮਨਜ਼ੂਰਸ਼ੁਦਾ ਸੀ.ਐਸ.ਸੀ. ਵੀ.ਐਲ.ਈ. ਲੜਕਿਆਂ ਨੂੰ ਨਾਲ ਲੈ ਕੇ ਲਗਾਏ ਜਾ ਰਹੇ ਹਨ, ਇਸ ਵਿਚ ਡਾਟਾ ਚੋਰੀ ਦੇ ਬੇਤੁਕੇ ਇਲਜਜ਼ਮ ਲਗਾਉਣੇ ਆਪ ਸਰਕਾਰ ਨੂੰ ਸ਼ੋਭਾ ਨਹੀਂ ਦਿੰਦੇ। ਇਸ ਮੌਕੇ ਮੰਡਲ ਪ੍ਰਧਾਨ ਬਿੱਲਾ ਕੰਬਾਲਾ ਨੇ ਕਿਹਾ ਕਿ ਜਦੋਂ ਆਪ ਸਰਕਾਰ ਦੇ ਨੁੰਮਾਇਦੇ ਔਰਤਾਂ ਨੂੰ 1000 ਰੁਪਏ ਦੇਣ ਦੇ ਵਾਅਦੇ ਕਰਕੇ ਫਾਰਮ ਭਰਦੇ ਸੀ ਕੀ ਉਦੋਂ ਡਾਟਾ ਚੋਰੀ ਨਹੀਂ ਸੀ ਹੁੰਦਾ? ਇਸ ਮੌਕੇ ਪ੍ਰਦੀਪ ਰੰਗੀਲਾ ਨੇ ਕਿਹਾ ਕਿ ਇਹ ਕੈਂਪ ਲਗਾਤਾਰ ਲੋਕਾਂ ਦੀ ਸੇਵਾ ਵਿਚ ਲਗਾਏ ਜਾਣਗੇ। ਰਾਜ ਕੁਮਾਰ ਰਾਣਾ ਨੇ ਭਾਜਪਾ ਨੇ ਬਾਕੀ ਸਾਥੀਆਂ ਨਾਲ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ।