ਆਕਲੈਂਡ ਸ਼ਹਿਰ ਚ ਸਿੱਖ, ਹਿੰਦੂ, ਅਤੇ ਮੁਸਲਿਮ ਧਰਮ ਦੇ ਧਾਰਮਿਕ ਚਿਨ੍ਹਾਂ ਦੀ ਕੀਤੀ ਗਈ ਬੇਅਦਬੀ

ਆਕਲੈਂਡ 22 ਜੂਨ (ਹਰਮਨਪ੍ਰੀਤ ਸਿੰਘ ਗੋਲੀਆ) - ਡੈਸਟਿਨੀ ਚਰਚ ਵਲੋਂ ਆਕਲੈਂਡ ਦੇ ਕੇਂਦਰ ਵਿਚ ਵੱਖੋ ਵੱਖਰੇ ਧਰਮਾਂ ਵਿਰੁੱਧ ਕੀਤੀ ਗਈ ਇਕ ਰੈਲੀ ਕਾਰਨ ਵੱਖੋ ਵੱਖ ਧਰਮਾਂ ਦੇ ਲੋਕਾਂ ਚ ਰੋਸ ਦਾ ਮਾਹੌਲ ਹੈ ਅਤੇ ਇਹ ਵਿਵਾਦ ਦਾ ਕੇਂਦਰ ਬਣ ਗਈ ਹੈ। ਇਸ ਰੈਲੀ ਵਿਚ ਸੈਂਕੜੇ ਲੋਕਾਂ ਨੇ ਓਟੀਆ ਸਕੁਏਅਰ ਤੋਂ ਕਵੀਨ ਸਟਰੀਟ ਤੱਕ ਮਾਰਚ ਕੀਤਾ, ਜਿਸ ਦੀ ਅਗਵਾਈ ਚਰਚ ਦੇ ਮੁਖੀ ਵਿਵਾਦਤ ਇਨਸਾਨ ਬ੍ਰਾਇਨ ਤਮਾਕੀ ਵਲੋਂ ਕੀਤੀ ਗਈ।ਇਸ ਰੈਲੀ ਵਿਚ ਸਭ ਤੋਂ ਵਿਵਾਦਿਤ ਘਟਨਾ ਇਹ ਰਹੀ ਕਿ ਵਿਰੋਧੀ ਪ੍ਰਦਰਸ਼ਨ ਕਰਦਿਆਂ ਕੁਝ ਲੋਕਾਂ ਨੇ ਕਈ ਧਾਰਮਿਕ ਚਿੰਨਾਂ ਵਾਲੇ ਝੰਡੇ ਜਿਸ ਵਿਚ ਸਿੱਖਾਂ ਦੇ ਖੰਡੇ, ਹਿੰਦੂਆਂ ਦੇ ਓਮ ਅਤੇ ਮੁਸਲਿਮ ਧਰਮ ਦੇ ਝੰਡਿਆਂ ਨੂੰ ਪਾੜ ਕਿ ਪੈਰਾਂ ਹੇਠ ਰੋਲਿਆ ਅਤੇ ਨਿਰਾਦਰ ਕਰਦਿਆਂ ਝੰਡਿਆਂ ਨੂੰ ਅੱਗ ਵੀ ਲਾਈ ਗਈ। ਇਸ ਮੌਕੇ ਸਥਾਨਕ ਮੀਡੀਆ ਦੇ ਲੋਗੋ ਅਤੇ ਸਾਬਕਾ ਪ੍ਰਧਾਨਮੰਤਰੀ ਦੇ ਪੋਸਟਰ ਵੀ ਪਾੜੇ ਸਨ। ਇਸ ਘਟਨਾ ਤੋਂ ਬਾਅਦ ਐਕਟਿੰਗ ਪ੍ਰਧਾਨ ਮੰਤਰੀ ਡੇਵਿਡ ਸੀਮੋਰ ਨੇ ਇਸ ਮਾਰਚ ਦੀ ਨਿੰਦਾ ਕੀਤੀ ਤੇ ਰੈਲੀ ਮੁਖੀ ਤਮਾਕੀ ਦੇ ਬਿਆਨਾਂ ਨੂੰ ਮੂਲ ਨਿਊਜੀਲੈਂਡ ਵਾਸੀਆਂ ਦੀ ਸੋਚ ਦੇ ਉਲਟ ਦੱਸਿਆ। ਇਸ ਸੰਬੰਧੀ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਬੁਲਾਰੇ ਦਲਜੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਮੂਹ ਵੱਖ ਵੱਖ ਧਰਮਾਂ ਦੇ ਆਗੂ ਆਪਸ ਵਿਚ ਗੱਲਬਾਤ ਕਰ ਰਹੇ ਹਨ ਅਤੇ ਇਸ ਸੰਬੰਧੀ ਸਰਕਾਰ ਨਾਲ ਵੀ ਜਲਦੀ ਗੱਲਬਾਤ ਕਰਨਗੇ। ਉਨ੍ਹਾਂ ਸਮੂਹ ਧਰਮਾਂ ਦੇ ਭਾਈਚਾਰਿਆਂ ਨੂੰ ਅਪੀਲ ਕੀਤੀ ਕਿ ਨਿਊਜ਼ੀਲੈਂਡ ਵਿਚ ਭਾਈਚਾਰਕ ਏਕਤਾ ਬਣਾ ਕੇ ਰੱਖੀ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਹੋਸ਼ੀ ਜਾਂ ਭੜਕਾਊ ਬਿਆਨਬਾਜੀ ਜਾਂ ਘਟਨਾ ਨੂੰ ਅੰਜਾਮ ਨਾ ਦਿੱਤਾ ਜਾਵੇ ਤਾਂ ਕਿ ਨਿਊਜ਼ੀਲੈਂਡ ਦਾ ਮਾਹੌਲ ਸ਼ਾਂਤਮਈ ਬਣਿਆ ਰਹਿ ਸਕੇ। ਇਸ ਘਟਨਾ ਤੋਂ ਬਾਅਦ ਨਿਊਜ਼ੀਲੈਂਡ ਵੱਸਦੇ ਵੱਖੋ ਵੱਖ ਧਰਮਾਂ ਦੇ ਲੋਕਾਂ ਵਿਚ ਰੋਸ ਅਤੇ ਗੁੱਸੇ ਦੀ ਲਹਿਰ ਹੈ।