ਨਹਿਰ 'ਚ ਪਾੜ ਪੈਣ ਕਾਰਨ ਝੋਨਾ ਤੇ ਹੋਰ ਫ਼ਸਲਾਂ ਦਾ ਨੁਕਸਾਨ

ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ,19 ਜੂਨ (ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੱਖਤੇ ਹੀ ਪਿੰਡ ਖਡਿਆਲ ਨੇੜੇ ਨਹਿਰ ਟੁੱਟਣ ਕਾਰਨ ਕਿਸਾਨਾਂ ਦੀ ਕਰੀਬ ਇਕ ਹਜ਼ਾਰ ਏਕੜ ਝੋਨਾ,ਮੱਕੀ,ਝੋਨੇ ਦੀ ਪਨੀਰੀ,ਹਰਾ ਚਾਰਾ ਅਤੇ ਸਬਜ਼ੀਆਂ ਦੀ ਫ਼ਸਲ ਖਰਾਬ ਹੋ ਗਈ। ਕਿਸਾਨ ਸਤਿਗੁਰ ਸਿੰਘ,ਜਗਦੀਪ ਸਿੰਘ ਨੇ ਕਿਹਾ ਕਿ ਪਿਛਲੇ ਇਕ ਡੇਢ ਹਫ਼ਤੇ ਤੋਂ ਪਿੰਡ ਵਾਸੀਆਂ ਵਲੋਂ ਨਹਿਰ ਟੁੱਟਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ, ਜਿਸ ਨੂੰ ਲੈ ਕੇ ਨਹਿਰੀ ਵਿਭਾਗ ਦੇ ਐਸਡੀਓ, ਜੇਈ ਆਦਿ ਨੂੰ ਸੂਚਿਤ ਕਰਕੇ ਨਹਿਰ 'ਚ ਪਾਣੀ ਘਟਾਉਣ ਨੂੰ ਕਿਹਾ ਗਿਆ ਸੀ, ਪਰ ਨਹਿਰੀ ਵਿਭਾਗ ਦੇ ਅਮਲੇ ਵਲੋਂ ਇਸ ਮਸਲੇ ਨੂੰ ਸੰਜੀਦਗੀ ਨਾਲ ਨਹੀ ਲਿਆ ਗਿਆ ਅਤੇ ਵੱਡੀ ਗਿਣਤੀ 'ਚ ਕਿਸਾਨਾਂ ਦੀ ਫ਼ਸਲ ਪਾਣੀ ਵਿਚ ਡੁੱਬ ਗਈ। ਉਨਾਂ ਕਿਹਾ ਕਿ ਨਹਿਰ ਦੀ ਸਮੇ ਸਿਰ ਸਫਾਈ ਨਾਂ ਹੋਣ ਅਤੇ ਵਿਭਾਗ ਦੇ ਅਮਲੇ ਦੀ ਅਣਗਹਿਲੀ ਦਾ ਖਮਿਆਜ਼ਾ ਗਰੀਬ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।ਜਦੋਂ ਇਸ ਸੰਬੰਧੀ ਨਹਿਰੀ ਵਿਭਾਗ ਦੇ ਸੰਬੰਧਿਤ ਐਸਡੀਓ ਆਰੀਅਨ ਅਨੇਜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਕੁਝ ਕਿਸਾਨਾਂ ਵਲੋਂ ਇਸ ਮਸਲੇ ਨੂੰ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਪਰ ਨਹਿਰ ਸੜਕ ਕਿਨਾਰੇ ਲੱਗੇ ਦਰੱਖਤਾਂ ਦੇ ਤਣੇ ਆਦਿ ਫੈਲਣ ਜਰੀਏ ਸਿੱਮਣ ਕਾਰਨ ਟੁੱਟੀ ਗਈ।ਉਨਾਂ ਕਿਹਾ ਕਿ ਉਹ ਮੌਕੇ 'ਤੇ ਪਹੁੰਚ ਗਏ ਹਨ ਅਤੇ ਇਸ ਵੇਲੇ ਪਾਣੀ ਦਾ ਵਹਾਅ ਬਹੁਤ ਤੇਜ ਹੈ, ਪਰ ਫਿਰ ਵੀ ਨਹਿਰੀ ਵਿਭਾਗ ਦੇ ਅਮਲੇ ਵਲੋਂ ਨਹਿਰ ਦਾ ਪਾੜ ਪੂਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।