25 ਸਾਲਾਂ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), 17 ਜੂਨ (ਕਪਿਲ ਕੰਧਾਰੀ)- ਸ਼ਹਿਰ ਦੇ ਨਾਲ ਲੱਗਦੇ ਪਿੰਡ ਨਿਧਾਨਾ ਵਿਖੇ ਤੜਕਸਾਰ ਹੀ ਇਕ 25 ਸਾਲਾਂ ਕਰੀਬ ਨੌਜਵਾਨ ਵਲੋਂ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਰਿਸ਼ਤੇਦਾਰ ਸਮਰਜੀਤ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਉਮਰ 25 ਸਾਲ ਦਾ ਪਿੰਡ ਨਿਧਾਨਾ ਅਤੇ ਕੁਤਬਗੜ ਭਾਟੇ ਦੇ ਕੁਝ ਵਿਅਕਤੀਆਂ ਦੇ ਨਾਲ ਲੈਣ ਦੇਣ ਸੀ ਅਤੇ ਇਹ ਸਾਰੇ ਹੀ ਨੌਜਵਾਨ ਇਸ ਨੂੰ ਤੰਗ ਪਰੇਸ਼ਾਨ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੱਲ੍ਹ ਵੀ ਇਸ ਨੂੰ ਡਰਾਇਆ ਧਮਕਾਇਆ ਸੀ ਅਤੇ ਇਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਅੱਜ ਜਦ ਸਾਰੇ ਪਰਿਵਾਰਿਕ ਮੈਂਬਰ ਖੇਤਾਂ ਵਿਚ ਝੋਨਾ ਲਗਾਉਣ ਦੇ ਲਈ ਖੇਤ ਵਿਚ ਗਏ ਹੋਏ ਸਨ ਤਾਂ ਸੁਖਦੇਵ ਸਿੰਘ ਵਲੋਂ ਪੱਖੇ ਦੇ ਨਾਲ ਸਾਫਾ ਬੰਨ੍ਹ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਵਾਸੀਆਂ ਵਲੋਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਵਿਅਕਤੀਆਂ ਤੋਂ ਪਰੇਸ਼ਾਨ ਹੋ ਕੇ ਇਸ ਨੌਜਵਾਨ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ, ਉਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਪੁਲਿਸ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।