ਪਤੀ ਦੇ ਨਜਾਇਜ਼ ਸੰਬੰਧਾਂ ਤੋਂ ਤੰਗ ਆਈ ਮਹਿਲਾ ਨੇ ਕੀਤੀ ਆਤਮ ਹੱਤਿਆ

ਰਾਮਾਂ ਮੰਡੀ, (ਬਠਿੰਡਾ), 14 ਜੂਨ (ਤਰਸੇਮ ਸਿੰਗਲਾ)- ਨੇੜਲੇ ਪਿੰਡ ਗਿਆਨਾ ਵਿਖੇ ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਤੰਗ ਆਈ ਇਕ ਮਹਿਲਾ, ਜਿਸ ਦੇ 20 ਸਾਲ ਦਾ ਇਕ ਲੜਕਾ ਵੀ ਹੈ, ਜੋ ਕੈਨੇਡਾ ਗਿਆ ਹੋਇਆ ਹੈ, ਨੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਸਰਬਜੀਤ ਕੌਰ ਦੇ ਪਤੀ ਅੰਗਰੇਜ਼ ਸਿੰਘ ਵਾਸੀ ਗਿਆਨਾ ਦੇ ਆਪਣੀ ਭਰਜਾਈ ਨਾਲ ਹੀ ਨਜਾਇਜ਼ ਸੰਬੰਧ ਸਨ, ਜਿਸ ਤੋਂ ਰੋਕਣ ’ਤੇ ਅੰਗਰੇਜ਼ ਸਿੰਘ ਨੇ ਅੜਿੱਕਾ ਬਣੀ ਆਪਣੀ ਪਤਨੀ ਸਰਬਜੀਤ ਕੌਰ ’ਤੇ ਬੀਤੇ ਦਿਨੀਂ ਟਰੈਕਟਰ ਚੜਾ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਉਸ ਸਮੇਂ ਤਾਂ ਉਹ ਬਚ ਗਈ, ਪਰ ਰਾਤ ਨੂੰ ਤੰਗ ਹੋਈ ਸਰਬਜੀਤ ਕੌਰ ਨੇ ਸਪਰੇਅ ਪੀ ਲਈ ਅਤੇ ਬੇਹੋਸ਼ ਹੋ ਗਈ। ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਬਠਿੰਡਾ ਵਿਖੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਬੀਤੇ ਦਿਨ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕਾ ਸਰਬਜੀਤ ਕੌਰ ਦੇ ਭਾਈ ਰਾਜਪਾਲ ਸਿੰਘ ਵਾਸੀ ਪਿੰਡ ਜਗਾ ਰਾਮ ਤੀਰਥ ਦੇ ਬਿਆਨਾਂ ਦੇ ਅਧਾਰ ’ਤੇ ਰਾਮਾਂ ਮੰਡੀ ਪੁਲਿਸ ਨੇ ਅਧੀਨ ਧਾਰਾ 108 ਬੀ.ਐਨ.ਐਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏ.ਐਸ.ਆਈ. ਗਿਆਨ ਚੰਦ ਕਰ ਰਹੇ ਹਨ। ਸਮਾਚਾਰ ਲਿਖੇ ਜਾਣ ਤੱਕ ਪੁਲਿਸ ਮ੍ਰਿਤਕਾ ਦਾ ਪੋਸਟਮਾਰਟਮ ਕਰਾਉਣ ਵਿਚ ਰੁਝੀ ਹੋਈ ਸੀ। ਬਿਆਨਾਂ ਦੇ ਅਧਾਰ ’ਤੇ ਅੰਗਰੇਜ਼ ਸਿੰਘ ਵਾਸੀ ਗਿਆਨਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।