2026 ’ਚ ਹੋਣਗੀਆਂ ਬੰਗਲਾਦੇਸ਼ ਦੀਆਂ ਆਮ ਚੋਣਾਂ

ਢਾਕਾ, 7 ਮਈ- ਬੰਗਲਾਦੇਸ਼ ਵਿਚ ਆਮ ਚੋਣਾਂ ਅਪ੍ਰੈਲ 2026 ਵਿਚ ਹੋਣਗੀਆਂ। ਅੰਤਰਿਮ ਸਰਕਾਰ ਵਿਚ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਬੀਤੀ ਸ਼ਾਮ ਇਹ ਐਲਾਨ ਕੀਤਾ। ਈਦ ਤੋਂ ਇਕ ਦਿਨ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਯੂਨਸ ਨੇ ਕਿਹਾ ਕਿ ਅਗਲੀਆਂ ਆਮ ਚੋਣਾਂ ਅਪ੍ਰੈਲ 2026 ਦੇ ਪਹਿਲੇ ਪੰਦਰਵਾੜੇ ਵਿਚ ਹੋਣਗੀਆਂ। ਇਸ ਲਈ ਚੋਣ ਕਮਿਸ਼ਨ ਬਾਅਦ ਵਿਚ ਇਕ ਵਿਸਤ੍ਰਿਤ ਰੋਡਮੈਪ ਪੇਸ਼ ਕਰੇਗਾ। ਯੂਨਸ ਨੇ ਕਿਹਾ ਕਿ ਚੋਣਾਂ ਲਈ ਲੋੜੀਂਦੇ ਸਾਰੇ ਸੁਧਾਰ ਅਗਲੇ ਸਾਲ ਤੱਕ ਪੂਰੇ ਕਰ ਲਏ ਜਾਣਗੇ। ਪਿਛਲੇ ਸਾਲ ਅਗਸਤ ਵਿਚ ਸ਼ੇਖ ਹਸੀਨਾ ਦੇ ਤਖ਼ਤਾ ਪਲਟ ਤੋਂ ਬਾਅਦ ਮੁਹੰਮਦ ਯੂਨਸ ਨੂੰ ਅੰਤਰਿਮ ਸਰਕਾਰ ਦਾ ਮੁੱਖ ਸਲਾਹਕਾਰ ਬਣਾਇਆ ਗਿਆ ਸੀ। ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਾਮਾ ਨੇ 22 ਮਈ ਨੂੰ ਫੌਜੀ ਹੈੱਡਕੁਆਰਟਰ ਵਿਚ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਆਮ ਚੋਣਾਂ ਇਸ ਸਾਲ ਦਸੰਬਰ ਤੋਂ ਬਾਅਦ ਮੁਲਤਵੀ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਇਸ ਤੋਂ ਇਲਾਵਾ, ਫੌਜ ਮੁਖੀ ਨੇ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੂੰ ਸੰਵੇਦਨਸ਼ੀਲ ਰਾਸ਼ਟਰੀ ਮੁੱਦਿਆਂ ’ਤੇ ਫੈਸਲੇ ਨਾ ਲੈਣ ਲਈ ਕਿਹਾ ਸੀ।