ਇਤਿਹਾਸਕ ਪਿੰਡ ਸੁਲਤਾਨਵਿੰਡ (ਅੰਮ੍ਰਿਤਸਰ) ਵਿਖੇ ਨਸ਼ਾ ਤਸਕਰ ਦਾ ਢਾਇਆ ਘਰ

ਸੁਲਤਾਨਵਿੰਡ, 28 ਮਈ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਪਿੰਡ ਸੁਲਤਾਨਵਿੰਡ ਦੀ ਪੱਤੀ ਬਾਬਾ ਜੀਵਨ ਸਿੰਘ ਵਿਖੇ ਇਕ ਨਸ਼ਾ ਤਸਕਰ ਦਾ ਘਰ ਢਾਇਆ ਗਿਆ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਹਰਪਾਲ ਸਿੰਘ ਭਾਲਾ ਪੁੱਤਰ ਲੱਖਾ ਸਿੰਘ ਪਿਛਲੇ ਲੰਮੇ ਤੋਂ ਨਸ਼ਿਆਂ ਦਾ ਕਾਰੋਬਾਰ ਕਰਦਾ ਆ ਰਿਹਾ ਸੀ, ਜਿਸ ਖਿਲਾਫ ਪੁਲਿਸ ਵਿਭਾਗ ਕੋਲ ਵਾਰ-ਵਾਰ ਇਸ ਦੀਆਂ ਨਸ਼ਾ ਵੇਚਣ ਦੀਆਂ ਸ਼ਿਕਾਇਤਾ ਆ ਰਹੀਆਂ ਸਨ। ਪੁਲਿਸ ਨੇ ਪੂਰੀ ਤਫਤੀਸ਼ ਕਰਕੇ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਗਈ ਜਾਇਦਾਦ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਉਨ੍ਹਾ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਸਖਤ ਤਾੜਨਾ ਕੀਤੀ ਕਿ ਜਾਂ ਤਾਂ ਨਸ਼ਿਆਂ ਦਾ ਕਾਰੋਬਾਰ ਬੰਦ ਕਰ ਦੇਣ ਨਹੀਂ ਤਾਂ ਜੇਲ੍ਹ ਜਾਣ ਅਤੇ ਇਹੋ ਜਿਹੀਆਂ ਕਾਰਵਾਈਆਂ ਲਈ ਤਿਆਰ ਰਹਿਣ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਡਰ ਭੈਅ ਤੋਂ ਪੰਜਾਬ ਸਰਕਾਰ ਵਲੋਂ ਵਿੱਢੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦਾ ਸਾਥ ਦੇਣ ਤੇ ਆਪਣੇ ਆਲੇ-ਦੁਆਲੇ ਜੇਕਰ ਕੋਈ ਨਸ਼ਾ ਤਸਕਰ ਨਸ਼ਾ ਵੇਚਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਪੰਜਾਬ ਸਰਕਾਰ ਵਲੋਂ ਦਿੱਤੇ ਗਏ 9779100200 ਜਾਂ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਦੇਣ। ਜਾਣਕਾਰੀ ਦੇਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ।