ਡੀ.ਸੀ. ਗੁਰਦਾਸਪੁਰ ਵਲੋਂ ਆਮ ਜਨਤਾ ਤੇ ਦੁਕਾਨਦਾਰਾਂ ਨੂੰ ਮਿਲਟਰੀ ਵਰਦੀ ਤੇ ਮੂੰਗੀਆ ਰੰਗ ਦੀਆਂ ਜੀਪਾਂ ਤੇ ਮੋਟਰਸਾਈਕਲਾਂ ਦੀ ਵਰਤੋਂ ਕਰਨ 'ਤੇ ਰੋਕ

ਬਟਾਲਾ, 10 ਮਈ (ਸਤਿੰਦਰ ਸਿੰਘ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਪੱਤਰ ਜਾਰੀ ਕਰ ਕੇ ਹਿੰਦ-ਪਾਕਿ ਬਾਰਡਰ ’ਤੇ ਸੰਵੇਦਨਸ਼ੀਲ ਮਾਹੌਲ ਨੂੰ ਵੇਖਦਿਆਂ ਆਮ ਜਨਤਾ ਅਤੇ ਦੁਕਾਨਦਾਰਾਂ ਉਪਰ ਮਿਲਟਰੀ ਰੰਗ ਦੀ ਗਰਦੀ ਅਤੇ ਮੂੰਗੀਆ ਰੰਗ ਦੀਆਂ ਜੀਪਾਂ ਅਤੇ ਮੋਟਰਸਾਈਕਲਾਂ ਦੀ ਵਰਤੋਂ ਕਰਨ ’ਤੇ ਤੁਰੰਤ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਤੱਤ ਵਲੋਂ ਅਜਿਹੇ ਰੰਗ ਦੀ ਵਰਦੀ ਅਤੇ ਜੀਪਾਂ-ਮੋਟਰਸਾਈਕਲਾਂ ਦੀ ਵਰਤੋਂ ਕਰ ਕੇ ਕੋਈ ਵੀ ਗੈਰਕਾਨੂੰਨੀ ਕਾਰਵਾਈ ਜਾਂ ਹਿੰਸਕ ਘਟਨਾ ਕੀਤੀ ਜਾ ਸਕਦੀ ਹੈ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਖਤਰਾ ਹੋ ਸਕਦਾ ਹੈ। ਇਸ ਲਈ ਵੱਖਰੇਪਨ ਨੂੰ ਯਕੀਨੀ ਬਣਾਉਣ ਵਾਸਤੇ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਆਮ ਜਨਤਾ ਇਸ ਦੀ ਵਰਤੋਂ ਨਾ ਕਰੇ। ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਹ ਚੀਜ਼ਾਂ ਨਾ ਵੇਚੀਆਂ ਜਾਣ। ਉਨ੍ਹਾਂ ਨੇ ਇਸ ਨੂੰ ਅਗਲੇ ਹੁਕਮਾਂ ਤੱਕ ਲਾਗੂ ਰੱਖਣ ਲਈ ਕਿਹਾ ਹੈ। ਉਨ੍ਹਾਂ ਨੇ ਲੋਕ ਸੰਪਰਕ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਇਹ ਮੈਸੇਜ਼ ਹਰ ਥਾਂ ਪਹੁੰਚ ਕੀਤਾ ਜਾਵੇ।