ਜ਼ਿਲ੍ਹਾ ਸੰਗਰੂਰ 'ਚ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਵਿਰੁੱਧ ਪਾਬੰਦੀ ਆਦੇਸ਼ ਜਾਰੀ
ਸੰਗਰੂਰ, 9 ਮਈ (ਧੀਰਜ ਪਸ਼ੋਰੀਆ) -ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਟਾਕਿਸਟ ਅਤੇ ਵਪਾਰੀ ਖਾਣ-ਪੀਣ ਦੀਆਂ ਚੀਜ਼ਾਂ, ਪੈਟਰੋਲ, ਡੀਜ਼ਲ, ਪਸ਼ੂਆਂ ਦਾ ਚਾਰਾ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਕਰ ਰਹੇ ਹਨ। ਇਹ ਗ਼ੈਰ ਨੈਤਿਕ ਚਾਲਾਂ ਕੀਮਤਾਂ ਵਿੱਚ ਵਾਧਾ, ਕਾਲਾ ਬਾਜ਼ਾਰੀ ਅਤੇ ਜ਼ਰੂਰੀ ਸਪਲਾਈ ਦੀ ਘਾਟ ਦਾ ਕਾਰਣ ਬਣ ਰਹੀਆਂ ਹਨ, ਜਿਸ ਨਾਲ ਆਮ ਲੋਕਾਂ ਨੂੰ, ਖਾਸ ਕਰਕੇ ਆਰਥਿਕ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਸ਼੍ਰੀ ਟੀ. ਬੇਨਿਥ, ਜ਼ਿਲ੍ਹਾ ਮੈਜਿਸਟਰੇਟ, ਸੰਗਰੂਰ ਨੇ ਜ਼ਰੂਰੀ ਵਸਤੂਆਂ ਐਕਟ, 1955 ਅਤੇ ਭਾਰਤੀਆ ਨਾਗਰਿਕ ਸੁਰੱਖਿਆ ਸੰਹਿਤਾ ਐਕਟ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ’ਤੇ ਸਖਤ ਪਾਬੰਦੀ ਲਾਉਂਦੇ ਹੋਏ ਹੁਕਮ ਜਾਰੀ ਕੀਤਾ ਹੈ। ਇਹ ਪਾਬੰਦੀ ਖਾਣ-ਪੀਣ ਦੀਆਂ ਚੀਜ਼ਾਂ, ਪਸ਼ੂਆਹਾਰ, ਦੁੱਧ ਅਤੇ ਦੁੱਧ ਦੇ ਉਤਪਾਦਾਂ, ਪੈਟਰੋਲ ਅਤੇ ਹੋਰ ਈਂਧਨਾਂ, ਦਵਾਈਆਂ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਉੱਤੇ ਲਾਗੂ ਹੋਵੇਗੀ। ਉਹਨਾਂ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਮ੍ਹਾਂਖੋਰੀ, ਕਾਲਾ ਬਾਜ਼ਾਰੀ ਜਾਂ ਕੀਮਤਾਂ ਨਾਲ ਛੇੜਛਾੜ ਦੀ ਕੋਈ ਵੀ ਘਟਨਾ ਹੋਣ ਦੀ ਸੂਚਨਾ ਸੰਬੰਧਤ ਅਧਿਕਾਰੀਆਂ ਨੂੰ ਜਰੂਰ ਦੇਣ। ਉਹਨਾਂ ਕਿਹਾ ਕਿ ਇਸ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।