ਬਿਜਲੀ ਕੱਟਾਂ ਤੋਂ ਪ੍ਰੇਸ਼ਾਨ 3 ਪਿੰਡਾਂ ਦੇ ਲੋਕਾਂ ਨੇ ਘੇਰਿਆ ਬਿਜਲੀ ਦਫਤਰ

ਭੈਣੀ ਮੀਆਂ ਖਾਂ, 22 ਅਪ੍ਰੈਲ (ਜਸਬੀਰ ਸਿੰਘ ਬਾਜਵਾ)-ਅੱਤ ਦੀ ਗਰਮੀ ਤੇ ਉੱਪਰੋਂ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਰਾਜੂ ਬੇਲਾ, ਛਿਸ਼ਰਾ ਅਤੇ ਝੰਡਾ ਲੁਬਾਣਾ ਦੇ ਲੋਕਾਂ ਵਲੋਂ ਸੋਮਵਾਰ ਦੀ ਦੇਰ ਸ਼ਾਮ ਨੂੰ ਪਾਵਰਕਾਮ ਦੇ 66 ਕੇ. ਵੀ. ਸਬ-ਸਟੇਸ਼ਨ ਭੈਣੀ ਮੀਆਂ ਖਾਂ ਨੂੰ ਘੇਰ ਲਿਆ ਗਿਆ। ਉਕਤ ਤਿੰਨਾਂ ਪਿੰਡਾਂ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਵਲੋਂ ਇਕੱਠੇ ਹੋ ਕੇ ਸਬ-ਸਟੇਸ਼ਨ ਭੈਣੀ ਮੀਆਂ ਖਾਂ ਦੇ ਦਫਤਰ ਨੂੰ ਘੇਰਾ ਪਾ ਕੇ ਪੰਜਾਬ ਪਾਵਰਕਾਮ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮੌਕੇ ਉਤੇ ਪੁੱਜੇ ਥਾਣਾ ਭੈਣੀ ਮੀਆਂ ਖਾਂ ਦੇ ਸਬ-ਇੰਸਪੈਕਟਰ ਗੁਰਨਾਮ ਸਿੰਘ ਵਲੋਂ ਬੜੀ ਮੁਸ਼ੱਕਤ ਨਾਲ ਪ੍ਰਦਰਸ਼ਨਕਾਰੀ ਪਿੰਡ ਵਾਸੀਆਂ ਨੂੰ ਕਾਬੂ ਕਰਕੇ ਪਾਵਰਕਾਮ ਸਬ-ਸਟੇਸ਼ਨ ਦੇ ਅੰਦਰੋਂ ਬਾਹਰ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪਿੰਡ ਝੰਡਾ ਲੁਬਾਣਾ ਦੇ ਸਰਪੰਚ ਤਰਸੇਮ ਸਿੰਘ ਨੇ ਦੱਸਿਆ ਕਿ ਪਾਵਰਕਾਮ ਵਲੋਂ ਕਣਕ ਦੀ ਵਾਢੀ ਨੂੰ ਮੁੱਖ ਰੱਖਦਿਆਂ ਹੋਇਆਂ ਸਾਰਾ ਦਿਨ ਬਿਜਲੀ ਦਾ ਕੱਟ ਲਗਾਉਣ ਤੋਂ ਬਾਅਦ ਰਾਤ ਸਮੇਂ ਵੀ ਬਿਜਲੀ ਦੇ ਬੇਲੋੜੇ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਪਾਣੀ ਦੀਆਂ ਟੈਂਕੀਆਂ ਵਿਚ ਪਾਣੀ ਭਰਨ ਅਤੇ ਬਿਜਲੀ ਦੀ ਕਮੀ ਦੇ ਚਲਦਿਆਂ ਕਈ ਹੋਰ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਰਾਜੂ ਵੇਲਾ ਤੇ ਸਰਪੰਚ ਮਨਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਾਰਾ ਦਿਨ ਬਿਜਲੀ ਕੱਟ ਲਗਾਉਣ ਤੋਂ ਬਾਅਦ ਰਾਤ ਨੂੰ ਵੀ ਪਾਵਰਕਾਮ ਵਲੋਂ ਵੱਡੇ ਕੱਟ ਲਗਾਏ ਜਾ ਰਹੇ ਹਨ, ਜਿਸ ਕਰਕੇ ਛੋਟੇ ਬੱਚੇ ਗਰਮੀ ਦੇ ਇਸ ਮੌਸਮ ਵਿਚ ਤਰਾਹ-ਤਰਾਹ ਕਰ ਰਹੇ ਹਨ ਅਤੇ ਪਾਣੀ ਦੀ ਕਮੀ ਦੇ ਚਲਦਿਆਂ ਲੋਕਾਂ ਦਾ ਜੀਵਨ ਦੁੱਬਰ ਹੋਇਆ ਪਿਆ ਹੈ। ਉਨ੍ਹਾਂ ਪਾਵਰਕਾਮ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਰਾਤ ਸਮੇਂ ਬਿਜਲੀ ਘੱਟ ਬੰਦ ਕਰਕੇ ਲੋਕਾਂ ਨੂੰ ਗਰਮੀ ਦੇ ਇਸ ਮੌਸਮ ਵਿਚ ਬਿਜਲੀ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਹੋਰ ਪਿੰਡ ਵਾਸੀਆਂ ਵਲੋਂ ਪਾਵਰਕਾਮ ਦੀ ਕਾਰਗੁਜ਼ਾਰੀ ਉਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਾਰੀ ਰਾਤ ਕੱਟ ਲਗਾਉਣ ਤੋਂ ਬਾਅਦ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ ਜਦਕਿ ਲੋਕ ਸਾਰੀ ਰਾਤ ਅਤੇ ਖਾਸ ਕਰਕੇ ਛੋਟੇ ਬੱਚੇ ਗਰਮੀ ਦੇ ਇਸ ਮੌਸਮ ਵਿਚ ਨਹੀਂ ਸੌਂ ਪਾਉਂਦੇ। ਇਸ ਸਬੰਧੀ ਜਦੋਂ ਪਾਵਰਕਾਮ ਦੇ ਅਧਿਕਾਰੀ ਐਸ.ਡੀ.ਓ. ਕਾਹਨੂੰਵਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਇਕ ਮਹੀਨੇ ਦੀ ਛੁੱਟੀ ਉਤੇ ਗਏ ਹਨ। ਇਸ ਸਬੰਧੀ ਪਾਵਰਕਾਮ ਦੇ ਅਧਿਕਾਰੀ ਅਸ਼ਵਨੀ ਕੁਮਾਰ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਪਿੰਡਾਂ ਨੂੰ ਜਾਂਦੀ ਬਿਜਲੀ ਸਪਲਾਈ ਵਾਲੇ ਟਰਾਂਸਫਾਰਮਰ ਵਿਚ ਕੋਈ ਨੁਕਸ ਪੈ ਗਿਆ ਸੀ, ਜਿਸ ਨੂੰ ਠੀਕ ਕਰਕੇ ਬਿਜਲੀ ਮੁਹੱਈਆ ਕਰਵਾ ਦਿੱਤੀ ਗਈ ਹੈ।