ਜੰਮੂ ਕਸ਼ਮੀਰ: ਪੁਣਛ ’ਚ ਫ਼ੌਜ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ

ਸ੍ਰੀਨਗਰ, 16 ਅਪ੍ਰੈਲ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੁਰਨਕੋਟ ਦੇ ਲਾਸਾਨਾ ਇਲਾਕੇ ਵਿਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਅੱਤਵਾਦੀਆਂ ਦੀ ਖ਼ਬਰ ਮਿਲਣ ਤੋਂ ਬਾਅਦ ਸੋਮਵਾਰ ਰਾਤ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਅੱਤਵਾਦੀਆਂ ਨੇ ਫੌਜ ਦੇ ਜਵਾਨਾਂ ’ਤੇ ਗੋਲੀਬਾਰੀ ਕੀਤੀ, ਜਿਸ ਵਿਚ ਰੋਮੀਓ ਫੋਰਸ ਦਾ ਇਕ ਜਵਾਨ ਜ਼ਖਮੀ ਹੋ ਗਿਆ। ਇਹ ਮੁਕਾਬਲਾ ਪੁਣਛ ਨੂੰ ਜੰਮੂ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਦੇ ਨੇੜੇ ਹੋਇਆ। ਫੌਜ ਦੀ ਵਾਈਟ ਨਾਈਟ ਕੋਰ ਨੇ ‘ਐਕਸ’ ’ਤੇ ਕਿਹਾ ਕਿ ਸੋਮਵਾਰ ਰਾਤ ਨੂੰ ਲਾਸਾਨਾ ਵਿਚ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਕੀਤੇ ਗਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ, ਅੱਤਵਾਦੀਆਂ ਨਾਲ ਸੰਪਰਕ ਹੋਇਆ। ਅੱਤਵਾਦੀਆਂ ਨੂੰ ਭੱਜਣ ਤੋਂ ਰੋਕਣ ਲਈ ਵਾਧੂ ਜਵਾਨ ਤਾਇਨਾਤ ਕੀਤੇ ਗਏ ਹਨ।