ਵਪਾਰੀ ਮੇਹੁਲ ਚੋਕਸੀ ਬੈਲਜ਼ੀਅਮ ਪੁਲਿਸ ਵਲੋਂ ਗਿ੍ਫ਼ਤਾਰ

ਬ੍ਰੇਸਲਜ਼, 14 ਅਪ੍ਰੈਲ- ਪੰਜਾਬ ਨੈਸ਼ਨਲ ਬੈਂਕ ਕਰਜ਼ਾ ਧੋਖਾਧੜੀ ਮਾਮਲੇ ਦੇ ਦੋਸ਼ੀ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਬੈਲਜੀਅਮ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਚੌਕਸੀ ਨੂੰ ਸ਼ਨੀਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਅਪੀਲ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵੇਲੇ ਉਹ ਜੇਲ੍ਹ ਵਿਚ ਹੈ। ਰਿਪੋਰਟਾਂ ਅਨੁਸਾਰ, ਭਾਰਤ ਨੇ ਬੈਲਜੀਅਮ ਤੋਂ ਚੋਕਸੀ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਚੋਕਸੀ ’ਤੇ 13,850 ਕਰੋੜ ਰੁਪਏ ਦਾ ਘੁਟਾਲਾ ਕਰਨ ਦਾ ਦੋਸ਼ ਹੈ। ਪਿਛਲੇ ਮਹੀਨੇ ਇਹ ਖੁਲਾਸਾ ਹੋਇਆ ਸੀ ਕਿ ਮੇਹੁਲ ਚੋਕਸੀ ਬੈਲਜੀਅਮ ਵਿਚ ਲੁਕਿਆ ਹੋਇਆ ਹੈ। ਉੱਥੋਂ ਦੇ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਵਿਚ ਚੋਕਸੀ ਦੀ ਦੇਸ਼ ਵਿਚ ਮੌਜੂਦਗੀ ਬਾਰੇ ਜਾਣਕਾਰੀ ਦਿੱਤੀ ਸੀ। ਪੁਲਿਸ ਨੇ ਚੋਕਸੀ ਨੂੰ ਗ੍ਰਿਫ਼ਤਾਰ ਕਰਦੇ ਸਮੇਂ ਦੋ ਖੁੱਲ੍ਹੇ ਗ੍ਰਿਫ਼ਤਾਰੀ ਵਾਰੰਟਾਂ ਦਾ ਹਵਾਲਾ ਦਿੱਤਾ। ਇਹ ਮੁੰਬਈ ਦੀ ਇਕ ਅਦਾਲਤ ਦੁਆਰਾ ਜਾਰੀ ਕੀਤੇ ਗਏ ਸਨ।