ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਹਮਲੇ ਦੀ ਬਿਕਰਮ ਸਿੰਘ ਮਜੀਠੀਆ ਵਲੋਂ ਨਿੰਦਾ

ਚੰਡੀਗੜ੍ਹ, 8 ਅਪ੍ਰੈਲ- ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ’ਚ ਗ੍ਰਨੇਡ ਹਮਲੇ ਰੁਕ ਨਹੀਂ ਰਹੇ। ਪੁਲਿਸ ਸਟੇਸ਼ਨਾਂ ਤੋਂ ਬਾਅਦ ਹੁਣ ਰਾਜਨੀਤਿਕ ਆਗੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਰ ਰਾਤ ਭਾਜਪਾ ਆਗੂ ਸ੍ਰੀ ਮਨੋਰੰਜਨ ਕਾਲੀਆ ਦੇ ਘਰ ਹਮਲਾ ਹੋਇਆ, ਜ਼ਿਕਰਯੋਗ ਹੈ ਕਿ ਮਨੋਰੰਜਨ ਕਾਲੀਆ ਜੀ ਦਾ ਘਰ ਥਾਣੇ ਤੋਂ ਮਹਿਜ 100 ਮੀਟਰ ਦੀ ਦੂਰੀ ’ਤੇ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਪੰਜਾਬ ਦੀ ਭਾਈਚਾਰਕ ਸਾਂਝ ’ਤੇ ਹਮਲੇ ਹਨ ਅਤੇ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਲੈ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।