ਤੇਜ਼ ਰਫ਼ਤਾਰ ਸਵਿਫਟ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
ਖੰਨਾ (ਲੁਧਿਆਣਾ) , 14 ਨਵੰਬਰ - ਨੇੜਲੇ ਪਿੰਡ ਉਟਾਲਾਂ ਵਿਖ਼ੇ ਖੰਨਾ-ਸਮਰਾਲਾ ਸੜਕ 'ਤੇ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਦੀ ਟੱਕਰ ਨਾਲ ਮੋਟਰਸਾਈਕਲਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ (42) ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਨੌਲੜੀ ਕਲਾਂ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਮੀਤ ਸਿੰਘ ਗੋਬਿੰਦਗੜ੍ਹ ਵਿਖੇ ਕਿਸੇ ਪ੍ਰਾਈਵੇਟ ਮਿੱਲ ਵਿਚ ਨੌਕਰੀ ਕਰਦਾ ਸੀ ਅਤੇ ਕਿਸੇ ਘਰੇਲੂ ਕੰਮਕਾਜ਼ ਲਈ ਸ਼ਾਮੀ ਘਰੋਂ ਨਿਕਲਿਆ ਸੀ। ਵਾਪਸੀ 'ਤੇ ਕਰੀਬ ਸਾਢੇ ਪੰਜ ਵਜੇ ਪਿੰਡ ਉਟਾਲਾਂ ਦੇ ਗੁਰਦੁਆਰਾ ਸਾਹਿਬ ਕੋਲ ਉਸ ਨੂੰ ਖੰਨਾ ਸਾਈਡ ਵਲੋਂ ਆਉਦੀ ਤੇਜ਼ ਰਫ਼ਤਾਰ ਸਵਿੱਫਟ ਕਾਰ ਨੇ ਅਣਗਹਿਲੀ ਨਾਲ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੁਰਮੀਤ ਸਿੰਘ ਮੌਕੇ 'ਤੇ ਹੀ ਦਮ ਤੋੜ ਗਿਆ। ਮਾਮਲੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਧਿਕਾਰੀ ਏ.ਐਸ.ਆਈ. ਅਵਤਾਰ ਚੰਦ ਨੇ ਦੱਸਿਆ ਕਿ ਕਾਰ ਸਵਾਰ ਮੁਲਜ਼ਮ ਮਨੀ ਪੁੱਤਰ ਬਿਕਰਮ ਸਿੰਘ ਵਾਸੀ ਸਥਾਨਕ ਬੌਂਦਲ ਰੋਡ ਸਮਰਾਲਾ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।