19-04-26
ਬਾਬਿਆਂ ਦੇ ਵੱਗ ਫਿਰਦੇ
ਲੇਖਕ : ਤ੍ਰਿਲੋਕ ਢਿੱਲੋਂ
ਪ੍ਰਕਾਸ਼ਕ : ਟਰੂ ਸਪੈਰੋ ਪਬਲਿਸ਼ਰਜ਼, ਪਟਿਆਲਾ
ਮੁੱਲ : 275 ਰੁਪਏ, ਸਫ਼ੇ : 97
ਸੰਪਰਕ : 98772-04006

ਵਿਅੰਗਕਾਰ ਤ੍ਰਿਲੋਕ ਢਿੱਲੋਂ ਆਪਣੇ ਨਵੇਂ ਵਿਅੰਗ ਲੇਖ ਸੰਗ੍ਰਹਿ 'ਬਾਬਿਆਂ ਦੇ ਵੱਗ ਫਿਰਦੇ' ਸਮੇਤ ਪੰਜਾਬੀ ਵਿਅੰਗ ਜਗਤ ਵਿਚ ਫਿਰ ਹਾਜ਼ਰੀ ਲਵਾ ਰਿਹਾ ਹੈ। ਇਸ ਤੋਂ ਪਹਿਲਾਂ ਉਹ ਆਪਣਾ ਪਲੇਠਾ ਵਿਅੰਗ-ਸੰਗ੍ਰਹਿ 'ਤਰੀ ਵਾਲੇ ਕਰੇਲੇ' ਲੈ ਕੇ ਹਾਜ਼ਰ ਹੋਇਆ ਸੀ ਜਿਸ ਦੀ ਪਾਠਕਾਂ ਅਤੇ ਆਲੋਚਕਾਂ ਵਿਚ ਮਕਬੂਲੀਅਤ ਇਸ ਗੱਲ ਤੋਂ ਹੀ ਪਛਾਣੀ ਜਾ ਸਕਦੀ ਹੈ ਕਿ ਇਸ ਵਿਅੰਗ-ਪੁਸਤਕ ਦੀ ਦੂਸਰੀ ਐਡੀਸ਼ਨ ਇਕ ਵਰ੍ਹੇ ਵਿਚ-ਵਿਚ ਹੀ ਪ੍ਰਕਾਸ਼ਕ ਨੂੰ ਛਾਪਣੀ ਪਈ ਹੈ। ਤ੍ਰਿਲੋਕ ਢਿੱਲੋਂ ਹੁਣ ਆਪਣੇ ਸਮਕਾਲੀਆਂ ਅਤੇ ਪਾਠਕਾਂ ਵਿਚ ਮਕਬੂਲ ਨਾਂਅ ਹੈ। ਵਿਅੰਗ ਲੇਖਕ ਨੇ ਆਪਣੇ ਜ਼ਮਾਨੇ ਦੀਆਂ ਵਿਸੰਗਤੀਆਂ ਲੱਭ ਕੇ ਉਨ੍ਹਾਂ 'ਤੇ ਭਰਪੂਰ ਚੋਟ ਕਰਨੀ ਹੁੰਦੀ ਹੈ। ਇਸੇ ਲਈ ਵਿਅੰਗਕਾਰ ਦੀ ਅੱਖ ਹਮੇਸ਼ਾ ਮਨੁੱਖੀ ਫਿਤਰਤ ਦੇ ਅਨੋਖੇ ਵਰਤਾਰਿਆਂ 'ਤੇ, ਭ੍ਰਿਸ਼ਟ ਲੀਡਰਾਂ ਦੇ ਫੋਕੇ ਲਾਰਿਆਂ 'ਤੇ, ਗਾਲੜੀ ਲੋਕਾਂ ਦੇ ਹੋਛੇ ਚਟਖਾਰਿਆਂ 'ਤੇ, ਪਾਖੰਡੀ ਸਾਧਾਂ ਦੇ ਦੰਭੀ ਟਾਹਰਿਆਂ 'ਤੇ, ਦਫ਼ਤਰਾਂ ਵਿਚ ਨਿੱਕੇ-ਮੋਟੇ ਬੌਸ ਬਣੇ ਬੇਈਮਾਨ ਦਫ਼ਤਾਰਿਆਂ 'ਤੇ ਰਹਿੰਦੀ ਹੈ। ਢਿੱਲੋਂ ਨੇ ਆਪਣੇ ਇਸ ਸੰਗ੍ਰਹਿ ਵਿਚ ਅਜਿਹੇ ਅਨੇਕਾਂ ਲੋਕਾਂ ਦੇ ਮਖੌਟੇ ਅਤੇ ਮੁਕਟ ਉਤਾਰੇ ਹਨ ਜੋ ਸਮਾਜ ਨੂੰ ਘੁਣ ਵਾਂਙ ਚਿੰਬੜ ਕੇ ਖੋਖਲਾ ਕਰ ਰਹੇ ਹਨ। ਉਨ੍ਹਾਂ ਦੇ ਕਿਰਦਾਰਾਂ ਨਾਲ ਸਮਾਂ ਅਤੇ ਸਮਾਜ ਪਲੀਤ ਹੋ ਚੁੱਕਿਆ ਹੈ। ਢਿੱਲੋਂ ਸਾਨੂੰ ਇਨ੍ਹਾਂ ਫੁਕਰੇ ਅਤੇ ਹੋਛੇ ਲੋਕਾਂ ਤੋਂ ਸਾਵਧਾਨ ਕਰਦਾ ਹੋਇਆ ਬਚ ਕੇ ਰਹਿਣ ਦੇ ਢੰਗ-ਤਰੀਕੇ ਦੱਸਦਾ ਹੈ। ਉਸ ਕੋਲ ਇਹ ਦੱਸਣ ਲਈ ਯੋਗ ਅਤੇ ਸਮਰੱਥ ਭਾਸ਼ਾ ਵੀ ਹੈ ਤੇ ਸੁਚੱਜੀ ਤੇ ਤਿੱਖੀ ਨਜ਼ਰ ਵੀ। ਉਹ ਫਿਲਮ-ਦਰ-ਫਿਲਮ ਅਜਿਹੇ ਕਿਰਦਾਰਾਂ 'ਤੇ ਲਗਾਤਾਰ ਕਟਾਖਸ਼ ਕਰਦਾ ਹੈ। ਉਨ੍ਹਾਂ ਦੀ ਕੋਈ ਕਰਤੂਤ ਢਕੀ ਨਹੀਂ ਰਹਿਣ ਦਿੰਦਾ। ਇਹੋ ਚੰਗੇ ਵਿਅੰਗਕਾਰ ਦਾ ਕਸਬ ਤੇ ਟੀਚਾ ਹੁੰਦਾ ਹੈ। ਆਓ, 'ਤਰੀ ਵਾਲੇ ਕਰੇਲੇ' ਵਾਂਙ 'ਬਾਬਿਆਂ ਦੇ ਵੱਗ ਫਿਰਦੇ' ਵਿਅੰਗ-ਸੰਗ੍ਰਹਿ ਦਾ ਵੀ ਸਵਾਗਤ ਕਰੀਏ।
-ਕੇ. ਐੱਲ. ਗਰਗ
ਮੋਬਾਈਲ : 94635-37050
ਪੰਜਾਬ ਦੇ ਇਨਕਲਾਬ
ਸਿੱਖੀ ਅਤੇ ਦਲਿਤ ਸਾਹਿਤਕਾਰੀ
ਲੇਖਕ : ਰਾਜ ਕੁਮਾਰ ਹੰਸ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 176
ਸੰਪਰਕ : 73833-52176

ਰਾਜ ਕੁਮਾਰ ਹੰਸ ਅਜਿਹਾ ਪ੍ਰਬੁੱਧ ਸਮੀਖਿਆਕਾਰ ਅਤੇ ਇਤਿਹਾਸਕਾਰ ਹੈ, ਜਿਸ ਕੋਲ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਬਣਤਰ ਦੀਆਂ ਬਰੀਕੀਆਂ ਅਤੇ ਇਨ੍ਹਾਂ ਵਿਚ ਵਿਆਪਕ ਗੁੰਝਲਾਂ ਨੂੰ ਨਿਹਾਰਨ ਦੀ ਗਹਿਰੀ ਨੀਝ ਹੈ। ਰੋਟੀ-ਰੋਜ਼ੀ ਦੀਆਂ ਲੋੜਾਂ ਅਤੇ ਅਕਾਦਮਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਆਪਣੀ ਜ਼ਿੰਦਗੀ ਦੇ ਜ਼ਰਖੇਜ ਸਾਲਾਂ ਨੂੰ ਪੰਜਾਬ ਤੋਂ ਬਾਹਰ ਬਿਤਾਉਣ ਦੀ ਮਜਬੂਰੀ ਵਿਚ ਵੀ ਉਹ ਪੰਜਾਬ ਨਾਲ ਗਹਿਰੀ ਤਰ੍ਹਾਂ ਜੁੜਿਆ ਰਿਹਾ ਅਤੇ ਪੰਜਾਬੀ ਸਮਾਜ ਦੇ ਨਾਲ ਨਾਲ ਦਲਿਤ ਸਮਾਜ ਦੀਆਂ ਦਾਇਨੀ ਹਾਲਤਾਂ ਦੀ ਤਹਿ ਵਿਚ ਲੁਕੇ ਕਾਰਨਾਂ ਨੂੰ ਫਰੋਲਣ ਅਤੇ ਸਮਝਣ ਦਾ ਯਤਨ ਵੀ ਕਰਦਾ ਰਿਹਾ ਹੈ। ਉਸ ਵਲੋਂ ਵੱਖ-ਵੱਖ ਵਿਸ਼ਿਆਂ ਉੱਤੇ ਲਿਖੇ ਗਏ ਲੇਖਾਂ ਦੇ ਸੰਗ੍ਰਹਿ ਵਜੋਂ ਰੂਪਮਾਨ ਹੋਈ ਇਹ ਕਿਤਾਬ ਪੰਜਾਬ ਦੀ ਹੁਣ ਤੱਕ ਲਿਖੀ ਗਈ ਸਮਾਜਿਕ, ਸਾਹਿਤਕ ਅਤੇ ਸੱਭਿਆਚਾਰਕ ਇਤਿਹਾਸਕਾਰੀ ਨੂੰ ਕਾਟੇ ਹੇਠ ਲਿਆ ਕੇ, ਬੇਹੱਦ ਗਹਿਰੇ ਅਤੇ ਵਿਆਪਕ ਸਵਾਲ ਉਜਾਗਰ ਕਰਦੀ ਹੈ। ਮੱਧਕਾਲੀ ਸਮਿਆਂ ਵਿਚ ਭਾਰੂ ਭਾਰਤੀ ਸੰਸਕ੍ਰਿਤੀ ਅਤੇ ਵਿਚਾਰਧਾਰਾ ਦੇ ਸਮਾਨਾਂਤਰ ਉਸਰ ਰਹੀ ਪੰਜਾਬੀ ਵਿਚਾਰਧਾਰਾ ਦੀ ਇਤਿਹਾਸਕਾਰੀ ਨੂੰ ਪੁਨਰ ਵਿਚਾਰਨ ਅਤੇ ਉਸ ਦੇ ਸਹੀ ਪਰਪੇਖ ਅਨੁਸਾਰ ਉਸ ਨੂੰ ਪੁਨਰ ਲਿਖਣ ਦੀ ਲੋੜ ਨੂੰ ਪ੍ਰਣਾਈ ਹੋਈ ਇਹ ਕਿਤਾਬ ਇਕ ਨਿਵੇਕਲਾ ਕਾਰਜ ਹੈ।
ਇਸ ਕਿਤਾਬ ਵਿਚ ਅੰਕਿਤ ਵੱਖ-ਵੱਖ ਲੇਖਾਂ ਰਾਹੀਂ ਪੰਜਾਬ ਦੀ ਇਤਿਹਾਸਕਾਰੀ ਨੂੰ ਅਤੇ 'ਪੰਜਾਬ' ਨੂੰ ਪੁਨਰ ਪਰਿਭਾਸ਼ਿਤ ਕਰਦੀ ਇਹ ਕਿਤਾਬ ਪੰਜਾਬ ਦੀ ਬੌਧਿਕ ਵਿਰਾਸਤ ਦਾ ਸਟੀਕ ਲੇਖਾ ਜੋਖਾ ਕਹੀ ਜਾ ਸਕਦੀ ਹੈ।
ਰਾਜ ਕੁਮਾਰ ਹੰਸ ਲਈ ਭਾਰਤ ਦੇ ਉੱਤਰ ਪੱਛਮ ਦਾ ਇਹ ਭੂਗੋਲਿਕ ਖਿੱਤਾ 'ਪੰਜਾਬ' ਹੜੱਪਾ ਸੱਭਿਅਤਾ ਦਾ ਧੁਰਾ ਸੀ।
'ਆਰੀਆਈ ਲੋਕ ਹੜੱਪਾ ਸੱਭਿਅਤਾ ਦੇ ਪਤਨ ਤੋਂ ਬਾਅਦ ਇੱਥੇ ਆ ਕੇ ਵਸੇ ਸਨ। ਪਰ ਉਹ ਛੋਟੀ ਜਿਹੀ ਘੱਟ ਗਿਣਤੀ ਹੀ ਸਨ। ਇਸ ਕਾਲ ਨੂੰ ਉੱਤਰ ਵੈਦਿਕ ਜਾਂ ਵੈਦਿਕ ਗਰਦਾਨਣਾ ਸ਼ੱਕੀ ਜਿਹਾ ਲਗਦਾ ਹੈ' (ਪੰਨਾ 25)
ਪੰਜਾਬ ਬਾਰੇ ਵਿਸਥਾਰ ਪੂਰਵਕ ਚਰਚਾ ਕਰਦਿਆਂ ਇਹ ਕਿਤਾਬ ਰਵਾਇਤੀ ਇਤਿਹਾਸਕਾਰੀ ਨੂੰ ਹੰਘਾਲਦੀ ਹੋਈ, ਪੰਜਾਬ ਦੀ ਧਾਰਮਿਕ ਵਿਰਾਸਤ ਦੇ ਵਿਕਾਰਾਂ ਵਿਚੋਂ ਉੱਭਰਦੇ ਜਾਤੀਗਤ ਨਜ਼ਰੀਏ ਦੀ ਨਿਸ਼ਾਨਦੇਹੀ ਵੀ ਕਰਦੀ ਹੈ।
'ਉੱਤਰੀ ਭਾਰਤ ਵਿਚ 14ਵੀਂ ਅਤੇ 15ਵੀਂ ਸਦੀ ਦੀ ਸ਼ਕਤੀਸ਼ਾਲੀ ਜਾਤਪਾਤ ਵਿਰੋਧੀ ਸੰਤ ਪਰੰਪਰਾ ਚੋਂ ਉਪਜਿਆ ਗੁਰੂ ਨਾਨਕ ਅਤੇ ਉਸ ਦੇ ਵਾਰਸਾਂ ਦਾ ਪੰਥ 16ਵੀਂ 17ਵੀਂ ਸਦੀ ਵਿਚ ਸੰਸਥਾਗਤ ਧਰਮ ਵਜੋਂ ਵਿਕਸਿਤ ਹੋਇਆ ਸੀ। ਇਹ ਅਛੂਤਾਂ ਤੇ ਨੀਵੀਆਂ ਜਾਤਾਂ ਦੀ ਸਤਿਕਾਰਯੋਗ ਹਸਤੀ ਲਈ ਇਕੱਠੇ ਹੋਣ ਦੀ ਸਾਂਝੀ ਆਵਾਜ਼ ਬਣ ਗਿਆ ਸੀ।...... ਮੁਗ਼ਲ ਰਾਜ ਦੀਆਂ ਜੜ੍ਹਾਂ ਹਿਲਾਉਣ ਲਈ 18ਵੀਂ ਸਦੀ ਦੀ ਪਹਿਲੀ ਚੌਥਾਈ 'ਚ ਦਲਿਤ ਸਿੱਖ ਬੰਦਾ ਬਹਾਦਰ ਦੀ ਕਮਾਨ ਹੇਠ ਇਕੱਠੇ ਹੋਣ ਲੱਗੇ ਸਨ.... ਆਖਰਕਾਰ ਇਸੇ ਸਦੀ ਦੇ ਅੰਤ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਕਮਾਨ ਹੇਠ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਹੋ ਗਈ। ਪਰ ਸਿਆਸੀ ਤਾਕਤਾਂ ਅਤੇ ਹੋਰ ਪੱਖਾਂ ਨੇ ਕ੍ਰਾਂਤੀਕਾਰੀ ਸਿੱਖ ਵਿਚਾਰਧਾਰਾ ਵਿਚ ਪਤਨ ਲੈ ਆਂਦਾ। ਜਾਤ ਪਾਤ ਤੇ ਛੂਤਛਾਤ 19ਵੀਂ ਸਦੀ ਵਿਚ ਬੜੇ ਵੱਡੇ ਪੱਧਰ ਤੇ ਫੈਲ ਗਈ' (ਪੰਨਾ 30)
ਇਸ ਕਿਤਾਬ ਵਿਚ ਉਠਾਏ ਗਏ ਕੁਝ ਪ੍ਰਮੁੱਖ ਸਵਾਲਾਂ ਉੱਤੇ ਨਜ਼ਰ ਮਾਰੀਏ ਤਾਂ ਇਹ ਇਸ ਤਰ੍ਹਾਂ ਹਨ।
-ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੇ ਸ਼ਕਤੀਸ਼ਾਲੀ ਸਾਹਿਤ ਧਾਰਾ ਦੇ ਸੰਤ ਸਾਹਿਤ ਨੂੰ ਸੂਫ਼ੀ ਸਾਹਿਤ ਤੇ ਗੁਰਮਤਿ ਸਾਹਿਤ ਦੇ ਮੁਕਾਬਲੇ ਅਣਦੇਖਿਆ ਕਰੀ ਰੱਖਿਆ ਹੈ।
-ਗੁਰੂ ਨਾਨਕ ਦੇ ਸੰਦੇਸ਼ ਨੂੰ ਸਿੱਖ ਮਾਨਸਿਕਤਾ ਅੰਦਰ ਪੂਰੀ ਤਰ੍ਹਾਂ ਅਮਲ ਵਿਚ ਨਹੀਂ ਲਿਆਂਦਾ ਗਿਆ। ਉਨ੍ਹਾਂ ਨੂੰ ਸੀਮਾਵਾਂ ਤੋਂ ਮੁਕਤ ਆਜ਼ਾਦ ਚਿੰਤਕ ਵਜੋਂ ਮੁੜ ਵਿਚਾਰਿਆ ਜਾਣਾ ਬਣਦਾ ਹੈ।
-ਦਲਿਤਾਂ ਵੱਲੋਂ ਸਿੱਖੀ ਵਿਚ ਪਾਏ ਸ਼ਾਨਦਾਰ ਯੋਗਦਾਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ।
ਦਲਿਤ ਮਾਣ-ਤਾਣ ਦੀ ਭਾਲ ਅਤੇ ਬਹਾਲੀ ਲਈ ਨਵੇਂ ਵਿਕਲਪ ਲੱਭ ਰਹੇ ਹਨ। (ਪੰਨਾ 69)
-ਸੰਤ ਕਵੀ ਵਜ਼ੀਰ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਜੈਤਾ, ਸਾਧੂ ਦਇਆ ਸਿੰਘ ਆਰਿਫ਼, ਗੁਰਦਾਸ ਸਿੰਘ ਘਾਰੂ ਅਤੇ ਗੁਰਦਾਸ ਰਾਮ ਆਲਮ ਨੂੰ ਸਾਹਿਤ ਦੀ ਇਤਿਹਾਸਕਾਰੀ ਵਿਚ ਯੋਗ ਸਥਾਨ ਨਹੀਂ ਦਿੱਤਾ ਗਿਆ। ਸਵਾਲ-ਦਰ-ਸਵਾਲ ਉਠਾ ਰਹੀ ਇਹ ਪੁਸਤਕ ਪੰਜਾਬ ਦੇ ਸਾਹਿਤਕ-ਸੱਭਿਆਚਾਰਕ ਤਾਣੇ-ਬਾਣੇ ਦੀਆਂ ਗਹਿਰੀਆਂ ਗੁੰਝਲਾਂ ਨੂੰ ਨਿਹਾਰਦੀ ਹੋਈ, ਇਸ ਸੰਬੰਧੀ ਹੁਣ ਤੱਕ ਲਿਖੇ ਗਏ ਇਤਿਹਾਸ-ਪਾਠਾਂ ਦੀ ਨਵੇਂ ਸਿਰੇ ਤੋਂ ਨਿਰਖ ਪਰਖ ਕਰਕੇ, ਇਸ ਦੀ ਪੁਨਰ- ਇਤਿਹਾਸਕਾਰੀ ਦਾ ਸਪੱਸ਼ਟ ਰੇਖਾਂਕਣ ਕਰਦੀ ਨਜ਼ਰ ਆਉਂਦੀ ਹੈ। ਹਵਾਲਿਆਂ ਅਤੇ ਟਿੱਪਣੀਆਂ ਦੀ ਪ੍ਰਮਾਣਿਕਤਾ, ਇਸ ਕਿਤਾਬ ਦੀ ਅਕਾਦਮਿਕ ਭਰੋਸੇਯੋਗਤਾ ਨੂੰ ਵੀ ਸਥਾਪਿਤ ਕਰਦੀ ਹੈ।
ਰਾਜ ਕੁਮਾਰ ਹੰਸ ਦਾ ਇਹ ਨਜ਼ਰੀਆ ਇਸ ਕਿਤਾਬ ਦੀ ਪੜ੍ਹਨਯੋਗਤਾ ਦਾ ਲਿਖਾਇਕ ਹੈ।
-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812
ਅਕਾਲੀ ਫੂਲਾ ਸਿੰਘ
ਲੇਖਕ : ਬਾਬਾ ਪ੍ਰੇਮ ਸਿੰਘ
ਹੋਤੀ ਮਰਦਾਨ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ ; 76
ਸੰਪਰਕ : 0172-5027427

ਬਾਬਾ ਪ੍ਰੇਮ ਸਿੰਘ 'ਹੋਤੀ ਮਰਦਾਨ' ਰਿਆਸਤ ਦੇ ਨਾਜ਼ਿਮ ਰਹੇ। ਉਨ੍ਹਾਂ ਦਾ ਜੀਵਨ-ਕਾਲ 1882 ਤੋਂ 1954 ਈ. ਤੱਕ ਫੈਲਿਆ ਹੋਇਆ ਹੈ। ਦੇਸ਼-ਵੰਡ ਪਿੱਛੋਂ ਆਪ ਪਟਿਆਲੇ ਆ ਗਏ ਸਨ। ਇਸ ਸ਼ਹਿਰ ਦੇ ਰਾਘੋ-ਮਾਜਰਾ ਮਹੱਲਾ ਵਿਚ ਉਨ੍ਹਾਂ ਨੇ ਆਪਣੇ ਆਖ਼ਰੀ ਛੇ-ਸੱਤ ਵਰ੍ਹੇ ਗੁਜ਼ਾਰੇ ਸਨ। ਆਪ ਨੇ ਪਹਿਲੀ ਵਾਰ ਅਕਾਲੀ ਫੂਲਾ ਸਿੰਘ ਦਾ ਜੀਵਨ-ਬ੍ਰਿਤਾਂਤ 1914 ਈ. ਵਿਚ ਲਿਖਿਆ ਸੀ ਅਤੇ ਇਸ ਤੋਂ ਬਾਅਦ ਇਸ ਪੁਸਤਕ ਦੇ ਬਹੁਤ ਸਾਰੇ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ। ਸ. ਕਰਮ ਸਿੰਘ ਹਿਸਟੋਰੀਅਨ ਤੋਂ ਬਾਅਦ ਆਪ ਸਿੱਖ ਇਤਿਹਾਸ ਦੇ ਇਕ ਨਿਪੁੰਨ ਖੋਜੀ ਸਨ। ਆਪ ਦੀ ਇਤਿਹਾਸਕਾਰੀ ਦਾ ਪ੍ਰਮੁੱਖ ਖੇਤਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਘਰਾਣੇ ਨਾਲ ਸੰਬੰਧਿਤ ਹੈ। ਆਪ ਦੀ ਲਿਖੀ ਹੋਈ ਇਕ ਪੁਸਤਕ 'ਖ਼ਾਲਸਾ ਰਾਜ ਵਿਖੇ ਪੰਜਾਬ ਦਾ ਸਮਾਜਿਕ ਇਤਿਹਾਸ' ਨੂੰ ਡਾ. ਫੌਜ ਸਿੰਘ ਨੇ ਸੰਪਾਦਿਤ ਕਰ ਕੇ 1979 ਈ. ਵਿਚ ਪ੍ਰਕਾਸ਼ਿਤ ਕੀਤਾ ਸੀ। ਇਸੇ ਪ੍ਰਕਾਰ ਡਾ. ਗੁਰਸ਼ਰਨ ਕੌਰ ਜੱਗੀ ਨੇ ਉਨ੍ਹਾਂ ਦੀ ਇਕ ਹੋਰ ਪੁਸਤਕ 'ਬਾਬਾ ਮੋਹਨ ਵਾਲੀਆਂ ਪੋਥੀਆਂ' ਦਾ ਸੰਪਾਦਨ 1985 ਈ. ਵਿਚ ਪ੍ਰਕਾਸ਼ਿਤ ਕਰਵਾਇਆ ਸੀ।
ਅਕਾਲੀ ਫੂਲਾ ਸਿੰਘ ਦਾ ਜਨਮ ਸੀਹਾਂ (ਹੁਣ ਹਰਿਆਣਾ) ਪਿੰਡ ਵਿਚ ਰਹਿਣ ਵਾਲੇ ਸ. ਈਸ਼ਰ ਸਿੰਘ ਦੇ ਗ੍ਰਹਿ ਵਿਖੇ 1761 ਈ. ਨੂੰ ਹੋਇਆ ਸੀ ਅਤੇ 1823 ਈ. ਵਿਚ ਪਠਾਣਾਂ ਨਾਲ ਪਿਸ਼ਾਵਰ ਦੇ ਨੇੜੇ ਲੜਦਿਆਂ ਉਹ ਸ਼ਹੀਦੀ ਪਾ ਗਿਆ ਸੀ। ਉਸ ਦਾ ਪਿਤਾ ਅਹਿਮਦ ਸ਼ਾਹ ਅਬਦਾਲੀ ਨਾਲ ਲੜਦਿਆਂ ਹੋਇਆਂ ਇਕ ਘੱਲੂਘਾਰੇ ਵਿਚ ਜ਼ਖ਼ਮੀ ਹੋ ਗਿਆ ਸੀ ਅਤੇ ਥੋੜ੍ਹੇ ਸਮੇਂ ਬਾਅਦ ਉਸ ਦੀ ਮ੍ਰਿਤੂ ਹੋ ਗਈ। ਈਸ਼ਰ ਸਿੰਘ ਦੀ ਮ੍ਰਿਤੂ ਉਪਰੰਤ ਫੂਲਾ ਸਿੰਘ ਨੂੰ ਅਕਾਲੀ ਨੈਣਾ (ਨਰਾਇਣ) ਸਿੰਘ ਨੇ ਆਪਣੀ ਸਰਪ੍ਰਸਤੀ ਵਿਚ ਰੱਖ ਕੇ ਸ਼ਸਤਰ-ਵਿੱਦਿਆ ਵਿਚ ਪ੍ਰਵੀਨ ਕਰ ਦਿੱਤਾ। ਨੈਣਾ ਸਿੰਘ 'ਨਿਸ਼ਾਨਾਂ ਵਾਲੀ ਮਿਸਲ' ਦਾ ਇਕ ਉੱਘਾ ਯੋਧਾ ਸੀ। ਕੁਝ ਸਮਾਂ ਅਨੰਦਪੁਰ ਸਾਹਿਬ ਵਿਚ ਬਿਤਾਉਣ ਪਿੱਛੋਂ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਇਕ ਫੌਜੀ ਟੁਕੜੀ ਦਾ ਜਰਨੈਲ ਬਣ ਗਿਆ ਅਤੇ 21 ਵਰ੍ਹੇ ਮਹਾਰਾਜੇ ਦੀ ਹਰ ਲੜਾਈ ਵਿਚ ਅੱਗੇ ਹੋ ਕੇ ਲੜਦਾ ਰਿਹਾ। ਉਹ ਇਕ ਬੇਹੱਦ ਨਿਡਰ ਅਤੇ ਫੁਰਤੀਲਾ ਯੋਧਾ ਸੀ।
ਅਕਾਲੀ ਫੂਲਾ ਸਿੰਘ ਅੰਗਰੇਜ਼ਾਂ ਨੂੰ ਨਾਪਸੰਦ ਕਰਦਾ ਸੀ। ਅੰਗਰੇਜ਼ ਅਫ਼ਸਰਾਂ ਨਾਲ ਉਸ ਦੀਆਂ ਕਈ ਝੜਪਾਂ ਵੀ ਹੋਈਆਂ। ਉਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਉਸ ਦੇ ਢਿੱਲੇ ਆਚਰਣ ਕਾਰਨ ਡਾਂਟ ਦਿੰਦਾ ਸੀ। ਇਸ ਪੁਸਤਕ ਵਿਚ ਹੋਤੀ ਸਾਹਿਬ ਨੇ ਕਈ ਅੰਗਰੇਜ਼ੀ, ਫਾਰਸੀ ਪੁਸਤਕਾਂ ਅਤੇ ਦੰਤ-ਕਥਾਵਾਂ ਦਾ ਪ੍ਰਯੋਗ ਕੀਤਾ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਏਕਮ
ਲੇਖਕ : ਰਜਿੰਦਰ ਸਿੰਘ ਰਾਜਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ: 100 ਰੁਪਏ, ਸਫ਼ੇ : 20
ਸੰਪਰਕ : 98761-84954

ਪੰਜਾਬੀ ਬਾਲ ਸਾਹਿਤ ਵਿਚ ਬਾਲ ਕਹਾਣੀ ਬੱਚਿਆਂ ਨੂੰ ਜੀਵਨ-ਮੁੱਲਾਂ ਨਾਲ ਜੋੜਦੀ ਹੋਈ ਉਨ੍ਹਾਂ ਦੀ ਸੁਚੱਜੀ ਅਗਵਾਈ ਕਰਨ ਵਾਲੀ ਵਿਧਾ ਹੈ। ਵਰਤਮਾਨ ਦੌਰ ਵਿਚ ਬਾਲ ਸਾਹਿਤ ਦੇ ਅਨੇਕ ਲਿਖਾਰੀਆਂ ਨੇ ਇਸ ਵੰਨਗੀ ਨੂੰ ਬਾਲ ਮਨਾਂ ਦਾ ਹਾਣੀ ਬਣਾਉਣ ਵਿਚ ਸਾਰਥਿਕ ਭੂਮਿਕਾ ਨਿਭਾਈ ਹੈ। ਅਜਿਹੇ ਲਿਖਾਰੀਆਂ ਵਿਚ ਰਜਿੰਦਰ ਸਿੰਘ ਰਾਜਨ ਇੱਕ ਹੈ ਜਿਸ ਨੇ ਨਵ-ਪ੍ਰਕਾਸ਼ਿਤ ਬਾਲ ਕਹਾਣੀ ਸੰਗ੍ਰਹਿ 'ਏਕਮ' ਦੀ ਸਿਰਜਣਾ ਕੀਤੀ ਹੈ। ਇਸ ਸੰਗ੍ਰਹਿ ਵਿਚ ਕੁੱਲ ਅੱਠ ਕਹਾਣੀਆਂ ਸੰਮਿਲਿਤ ਹਨ। ਇਹ ਕਹਾਣੀਆਂ ਮਾਨਵੀ-ਸਮਾਜ ਨੂੰ ਸੁੰਦਰ ਬਣਾਉਣ ਹਿਤ ਕੇਵਲ ਸੁਨੇਹੇ ਹੀ ਨਹੀਂ ਦਿੰਦੀਆਂ ਸਗੋਂ ਬਾਲ-ਪਾਠਕਾਂ ਵਿਚ ਮਾਤ ਭਾਸ਼ਾ, ਸੱਭਿਆਚਾਰ, ਵਿਰਾਸਤ ਅਤੇ ਪ੍ਰਕਿਰਤੀ ਨਾਲ ਗੂੜ੍ਹੀ ਸਾਂਝ ਪਾਉਣ ਹਿੱਤ ਠੋਸ ਸੁਨੇਹੇ ਵੀ ਦਿੰਦੀਆਂ ਹਨ। 'ਦਾਦਾ ਜੀ ਦੀ ਸਿੱਖਿਆ' ਕਹਾਣੀ ਦਾ ਪਾਤਰ ਉਦੇਵੀਰ ਦਾਦਾ ਜੀ ਕੋਲੋਂ ਇਹ ਜਾਣ ਕੇ ਹੈਰਾਨ ਹੁੰਦਾ ਹੈ ਕਿ ਇਹ ਲੜਾਈ ਵਿਚ ਦੁਸ਼ਮਣ ਤੋਂ ਹਥਿਆਰ ਸੁਟਵਾਉਣ ਲਈ ਕੱਦ ਨਾਲੋਂ ਹਿੰਮਤ ਅਤੇ ਤਕਨੀਕ ਦਾ ਮਹੱਤਵ ਵਧੇਰੇ ਹੁੰਦਾ ਹੈ। 'ਵਕਤ ਦੀ ਕਦਰ' ਕਹਾਣੀ ਸਮੇਂ ਦੇ ਮਹੱਤਵ ਨੂੰ ਦਰਸਾਉਂਦੀ ਹੋਈ ਪੈਗ਼ਾਮ ਦਿੰਦੀ ਹੈ ਕਿ ਜੋ ਮਨੁੱਖ ਸਮੇਂ ਦੀ ਕਦਰ ਨਹੀ ਪਾਉਂਦੇ ਉਨ੍ਹਾਂ ਦੇ ਦਿਨ ਭਰ ਦੇ ਕੰਮ ਪਛੜ ਜਾਂਦੇ ਹਨ। 'ਡੁੱਲ੍ਹੇ ਬੇਰ' ਕਹਾਣੀ ਬੱਚਿਆਂ ਨੂੰ ਜੀਵਨ ਵਿਚ ਸਿੱਖਿਆ ਦੇ ਮਹੱਤਵ ਨੂੰ ਦਰਸਾ ਕੇ ਸਮੱਸਿਆਵਾਂ ਦਾ ਹੱਲ ਕਰਨ ਦੀ ਜੀਵਨ-ਜਾਚ ਸਿਖਾਉਂਦੀ ਹੈ। 'ਡਾਕਟਰ ਦੀ ਸਲਾਹ' ਕਹਾਣੀ ਬਿਨਾਂ ਸੋਚੇ ਸਮਝੇ ਅਤੇ ਡਾਕਟਰ ਦੀ ਸਲਾਹ ਤੋਂ ਬਗੈਰ ਦਵਾਈਆਂ ਲੈਣ ਦੀ ਪ੍ਰਵਿਰਤੀ ਦੀ ਮੁਖ਼ਾਲਫ਼ਤ ਕਰਦੀ ਹੈ। 'ਖ਼ਰਗੋਸ਼ ਅਤੇ ਕੱਛੂ' ਕਹਾਣੀ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠ ਆ ਕੇ ਹੋਣ ਵਾਲੇ ਨੁਕਸਾਨਾਂ ਤੋਂ ਖ਼ਬਰਦਾਰ ਕਰਦੀ ਹੈ ਜਦੋਂ ਕਿ 'ਏਕਮ' ਅਤੇ 'ਪੰਛੀਆਂ ਦੀ ਮਿੱਤਰਤਾ' ਕਹਾਣੀਆਂ ਕ੍ਰਮਵਾਰ ਮੰਜ਼ਿਲ ਪ੍ਰਾਪਤੀ ਲਈ ਨਿਰੰਤਰ ਮਿਹਨਤ ਅਤੇ ਅਨੁਸ਼ਾਸਨ ਵਰਗੇ ਗੁਣਾਂ ਨੂੰ ਅਪਣਾਉਣ ਅਤੇ ਪੰਛੀਆਂ ਅਤੇ ਇਨਸਾਨਾਂ ਦੇ ਪਰਸਪਰ ਰਿਸ਼ਤਿਆਂ ਨੂੰ ਮਜ਼ਬੂਤ ਦਾ ਉਪਦੇਸ਼ ਦਿੰਦੀ ਹੈ। ਇਸ ਸੰਗ੍ਰਹਿ ਦੀ ਆਖ਼ਰੀ ਬਾਲ ਕਹਾਣੀ 'ਅਭਿਆਸ' ਦਾ ਨਾਇਕ ਗੁਰਸ਼ਾਨ ਅਭਿਆਸ ਅਤੇ ਦ੍ਰਿੜ੍ਹ ਨਿਸ਼ਚੇ ਨਾਲ ਬਿਜੜੇ ਨੂੰ ਆਪਣਾ ਖ਼ੂਬਸੂਰਤ ਆਲ੍ਹਣਾ ਬਣਾਉਂਦਿਆਂ ਤੱਕ ਕੇ ਅਹਿਦ ਕਰਦਾ ਹੈ ਕਿ ਉਹ ਆਪਣੀ ਮਾੜੀ ਲਿਖਾਈ ਨੂੰ ਸੁੰਦਰ ਲਿਖਾਈ ਦੇ ਰੂਪ ਵਿਚ ਤਬਦੀਲ ਕਰੇਗਾ। ਨਤੀਜਤਨ ਉਹ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿਚ ਭਾਗੀਦਾਰ ਬਣਨ ਲੱਗਦਾ ਹੈ। ਇਸ ਪ੍ਰਕਾਰ ਇਹਪੁਸਤਕ ਬੱਚਿਆਂ ਨੂੰ ਹੱਕ, ਸੱਚ, ਇਮਾਨਦਾਰੀ, ਇਕਾਗਰਤਾ, ਇਤਫ਼ਾਕ, ਲਗਨ, ਮਿਹਨਤ ਅਤੇ ਸਿੱਖਿਆ ਦੇ ਲੜ ਲੱਗ ਕੇ ਆਪਣੇ ਜੀਵਨ ਦੇ ਹਨੇਰੇ ਕੋਨਿਆਂ ਨੂੰ ਰੌਸ਼ਨ ਕੋਨਿਆਂ ਵਿਚ ਪ੍ਰਵਰਤਿਤ ਕਰਨ ਲਈ ਸੰਚਾਰ ਪੈਦਾ ਕਰਦੀ ਹੈ। ਪੁਸਤਕ ਦੇ ਰੰਗ-ਬਰੰਗੇ ਚਿੱਤਰ ਬਾਲ ਪਾਠਕਾਂ ਨੂੰ ਅਪੀਲ ਕਰਦੀ ਹੈ। ਅੱਠ ਤੋਂ ਬਾਰਾਂ ਸਾਲ ਦੇ ਆਯੂ-ਗੁੱਟ ਦੇ ਬਾਲ ਪਾਠਕਾਂ ਲਈ ਜੀਵਨ-ਮੁੱਲਾਂ ਦਾ ਇੱਕ ਵਧੀਆ ਸ੍ਰੋਤ ਸਿੱਧ ਹੁੰਦੀ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਇਤਿਹਾਸ ਪਾ. ਦੂਜੀ, ਤੀਜੀ, ਚੌਥੀ ਅਤੇ ਪੰਜਵੀਂ
ਭਗਤੀ, ਸੇਵਾ, ਦਇਆ, ਨਿਮਰਤਾ ਦੇ
ਚਾਰ ਸਾਗਰ
ਲੈਕਚਰ ਅਤੇ ਕਵਿਤਾਵਾਂ
ਲੇਖਕ : ਸਾਰੰਗੀਵਾਦਕ, ਤਰਸੇਮ ਸਿੰਘ ਸੇਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ।
ਮੁੱਲ : 450 ਰੁਪਏ, ਸਫੇ : 332
ਸੰਪਰਕ : 93572-01425

ਵਿਚਾਰਅਧੀਨ ਪੁਸਤਕ ਵਿਚ ਦੂਜੀ ਪਾਤਿਸ਼ਾਹੀ ਤੋਂ ਪੰਜਵੀਂ ਪਾਤਸ਼ਾਹੀ ਤੱਕ ਲੈਕਚਰਾਂ/ਵਾਰਤਕ ਅਤੇ ਕਵਿਤਾਵਾਂ ਦੁਆਰਾ ਖੋਜ ਭਰਪੂਰ ਇਤਿਹਾਸ ਕਲਮਬੱਧ ਕੀਤਾ ਹੈ। ਲੈਕਚਰਾਂ/ਵਾਰਤਿਕ ਨੂੰ ਕਵਿਤਾ ਰੂਪ ਵਿਚ ਪੇਸ਼ ਕਰਨ ਵੇਲੇ ਬਿਰਤਾਂਤਕ ਬਾਰੰਬਰਤਾ (ਨੈਰੇਟਿਵ ਫਰੀਕੁਐਂਸੀ) ਦਾ ਆ ਜਾਣਾ ਸੁਭਾਵਿਕ ਹੈ। ਲੇਖਕ ਅਨੇਕਾਂ ਥਾਵਾਂ 'ਤੇ ਸੰਗਤ ਨੂੰ ਇੰਜ ਸੰਬੋਧਨ ਕਰਦਾ ਹੈ ਜਿਵੇਂ ਉਹ ਸਟੇਜ ਤੋਂ ਭਾਸ਼ਨ ਕਰ ਰਿਹਾ ਹੋਵੇ। ਕਈ ਥਾਵਾਂ 'ਤੇ 'ਰਹੁ-ਵਿਚਾਰ' ਵਾਕੰਸ਼ ਦਾ ਪ੍ਰਯੋਗ ਕਰ ਜਾਂਦਾ ਹੈ। ਰਵਾਇਤਾਂ ਦੀਆਂ ਪ੍ਰਵਾਨਿਤ ਧੁਨੀਆਂ ਦੇ ਪ੍ਰਯੋਗ ਨਾਲ ਪੁਸਤਕ ਸਰੋਤਿਆਂ/ਪਾਠਕਾਂ ਲਈ ਦਿਲਚਸਪੀ ਦਾ ਕੇਂਦਰ ਬਣ ਗਈ ਹੈ। ਇਸ ਕਿਤਾਬ ਤੋਂ ਪਹਿਲਾਂ ਵੀ ਲੇਖਕ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਅਜਿਹੀ ਹੀ ਰੌਚਕ ਸ਼ੈਲੀ ਵਿਚ ਉਨ੍ਹਾਂ ਦੀਆਂ ਜੀਵਨ-ਘਟਨਾਵਾਂ ਸ਼ਰਧਾ ਪੂਰਵਕ ਪੇਸ਼ ਕਰ ਚੁੱਕਾ ਹੈ। ਹੱਥਲੀ ਕਿਤਾਬ ਵੀ ਲੈਕਚਰ/ਵਾਰਤਕ ਅਤੇ ਕਵਿਤਾਵਾਂ ਦਾ ਸੁੰਦਰ ਸੁਮੇਲ ਹੈ। ਹਵਾਲੇ ਇਤਿਹਾਸ ਤੋਂ ਪ੍ਰਾਪਤ ਕਰਕੇ ਸਿੱਧ ਕੀਤਾ ਗਿਆ ਹੈ, ਕਿਹੜੇ-ਕਿਹੜੇ ਗੁਰੂ ਸਾਹਿਬਾਨ ਨੂੰ ਸ਼ਰਧਾ ਪੂਰਵਕ ਕਠਿਨ ਮਿਹਨਤ ਨਾਲ ਗੁਰਿਆਈ ਗੱਦੀ ਪ੍ਰਾਪਤ ਹੋਈ। ਗੁਰੂ ਅਮਰਦਾਸ ਜੀ ਦੀ ਬੇਟੀ ਬੀਬੀ ਭਾਨੀ ਨੇ ਆਪਣੇ ਪਿਤਾ ਜੀ ਦੀ ਬੜੀ ਮਿਹਨਤ ਅਤੇ ਸ਼ਰਧਾ ਨਾਲ ਅਣਥੱਕ ਸੇਵਾ ਕੀਤੀ। ਬੀਬੀ ਭਾਨੀ ਦੀ ਸੇਵਾ ਤੋਂ ਪ੍ਰਸੰਨ ਹੋ ਗੁਰੂ ਅਮਰਦਾਸ ਜੀ ਨੇ ਕਿਹਾ ਬੇਟੀ ਜੋ ਵਰ ਮੰਗੋਗੇ ਉਹ ਦੇ ਦਿੱਤਾ ਜਾਵੇਗਾ। ਬੀਬੀ ਭਾਨੀ ਨੇ ਵਰ ਮੰਗ ਲਿਆ। 'ਜੋ ਗੁਰਿਆਈ ਦੀ ਦਾਤ ਤੁਸੀਂ ਮੇਰੇ ਪਤੀ ਨੂੰ ਬਖ਼ਸ਼ੀ ਹੈ, ਇਹ ਮੇਰੇ ਘਰ ਵਿਚ ਹੀ ਰਹੇ, ਬਾਹਰ ਨਾ ਜਾਵੇ। ਜੇ ਤੁੱਠੇ ਹੋ ਤਾਂ ਕਿਰਪਾ ਕਰਨੀ, ਗੱਦੀ ਦੀ ਦਾਤ ਮੇਰੀ ਔਲਾਦ, ਪੁੱਤ ਪੋਤਰੇ ਮਾਣਨ। ' ਗੁਰੂ ਜੀ ਇਕ ਵਾਰ ਫੇਰ ਸ਼ਾਂਤ ਹੋ ਗਏ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਰੁਕ ਕੇ ਗੁਰੂ ਜੀ ਬੋਲੇ, 'ਕਿਹਾ , ਪੁੱਤਰੀ! ਇਹ ਸੇਵਕ ਦੀ ਦਾਤ ਹੈ, ਪਰ ਅਸੀਂ ਬਚਨਾਂ ਦੇ ਬੱਧੇ ਹਾਂ, ਪਰ ਸੰਭਲ ਕੇ ਵਿਚਰਨਾ, ਕਿਉਂਕਿ ਤੁਸੀਂ ਚਲਦੇ ਪਾਣੀ ਨੂੰ ਬੰਨ੍ਹ ਮਾਰਿਆ ਹੈ, ਜਿਸ ਦਾ ਫਲ ਦੁੱਖ ਹੁੰਦਾ ਹੈ। ਜਾਓ ਵਰ ਹੈ, ਗੁਰਿਆਈ ਤੇਰੇ ਘਰ ਵਿਚ ਹੀ ਰਹੇਗੀ, ਪਰ ਕਸ਼ਟ ਆਉਣਗੇ। ' (ਪੰ. 160) ਇਸ ਵਾਰਤਾਲਾਪ ਨੂੰ ਕਵੀ ਨੇ 'ਔੜਾ ਛੰਦ' ਵਿਚ ਕਾਵਿਬੱਧ ਕੀਤਾ ਹੈ। ਪੰ-161
ਹਰ ਗੁਰੂ ਸਾਹਿਬਾਨ ਨੂੰ ਗੁਰਿਆਈ ਗੱਦੀ ਦੇਣ ਵੇਲੇ 'ਪੰਜ ਪੈਸੇ ਤੇ ਨਾਰੀਅਲ' ਰੱਖ ਕੇ ਮੱਥਾ ਟੇਕਿਆ ਜਾਂਦਾ ਅਤੇ ਬਾਬਾ ਬੁੱਢਾ ਜੀ ਗੁਰਿਆਈ ਦਾ ਤਿਲਕ ਲਗਾਉਂਦੇ ਰਹੇ। ਦੇਖੋ ਪੰ. 64, 132-ਬਾਬਾ ਬੁੱਢਾ ਜੀ ਹਰ ਸਮੇਂ ਹਾਜ਼ਰ ਰਹੇ।
ਕਵੀ ਇਤਿਹਾਸ ਦੀਆਂ ਘਟਨਾਵਾਂ ਨੂੰ ਨਿਰੰਤਰ ਪੇਸ਼ ਕਰਦਾ ਚਲਿਆ ਜਾਂਦਾ ਹੈ। ਪੁਸਤਕ ਤੋਂ ਜਾਣਕਾਰੀ ਮਿਲਦੀ ਹੈ, ਸ੍ਰੀ ਅੰਮ੍ਰਿਤਸਰ ਜੀ ਦੀ ਪਵਿੱਤਰ ਨਗਰੀ ਕਿਵੇਂ ਹੋਂਦ ਵਿਚ ਆਈ।
ਸੱਚੇ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੀ ਮਿਹਨਤ ਸ਼ਰਧਾ ਨਾਲ ਬਾਣੀ ਇਕੱਤਰ ਕਰਕੇ 'ਆਦਿ ਗ੍ਰੰਥ' ਦੀ ਸੰਪਾਦਨਾ ਕੀਤੀ। ਕੱਚੀ ਬਾਣੀ ਰੱਦ ਕਰਕੇ 'ਪੱਕੀ ਬਾਣੀ' ਦਾ ਪਵਿੱਤਰ ਗ੍ਰੰਥ ਤਿਆਰ ਕੀਤਾ।
ਲੇਖਕ ਦਾ ਅਧਿਐਨ ਬਹੁਤ ਵਿਸ਼ਾਲ ਹੈ। ਇਤਿਹਾਸਕਾਰਾਂ ਦੇ ਹਵਾਲਿਆਂ ਨਾਲ ਦੱਸਿਆ ਗਿਆ ਹੈ ਕਿ ਕਦੇ-ਕਦੇ ਦੈਵੀ/ਅਲੌਕਿਕ ਘਟਨਾਵਾਂ ਵੀ ਵਾਪਰਦੀਆਂ ਰਹੀਆਂ। ਹੋਰ ਇਕ ਗੁਰੂ ਸਾਹਿਬਾਨਾਂ ਦੀਆਂ ਪ੍ਰਮੁੱਖ ਜੀਵਨ ਘਟਨਾਵਾਂ ਨੂੰ ਉਪ-ਸਿਰਲੇਖਾਂ ਹੇਠ ਵੰਡ ਕੇ ਕ੍ਰਮ-ਅਨੁਸਾਰ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਜਹਾਂਗੀਰ ਬਾਦਸ਼ਾਹ ਸਮੇਂ ਚੰਦੂ, ਪ੍ਰਿਥੀਆ ਅਤੇ ਹੋਰ ਵਿਰੋਧੀਆਂ ਨੇ ਗੁਰੂ ਜੀ ਵਿਰੁੱਧ ਚੁਗਲੀਆਂ ਕੀਤੀਆਂ। ਨਤੀਜੇ ਵਜੋਂ ਗੁਰੂ ਜੀ ਨੂੰ ਲਾਹੌਰ ਵਿਖੇ ਬਾਦਸ਼ਾਹ ਸਾਹਮਣੇ ਪੇਸ਼ ਹੋਣਾ ਪਿਆ। ਗੁਰੂ ਜੀ ਅੱਗੇ ਮੁਆਫੀ ਲਈ ਅਨੇਕਾਂ ਸ਼ਰਤਾਂ ਰੱਖੀਆਂ ਗਈਆਂ। ਗੁਰੂ ਸਾਹਿਬ ਨੇ ਸਾਰੀਆਂ ਸ਼ਰਤਾਂ ਠੁਕਰਾ ਦਿੱਤੀਆਂ। ਕਠੋਰ ਸਜ਼ਾ ਦਿੰਦਿਆਂ ਚੰਦੂ ਨੇ ਪਹਿਲਾਂ ਗੁਰੂ ਸਾਹਿਬ ਨੂੰ ਉੱਬਲਦੇ ਪਾਣੀ (ਦੇਗ) ਵਿਚ ਬਿਠਾਇਆ। ਤੱਤੀ ਤਵੀ 'ਤੇ ਬਿਠਾਇਆ, ਉਤੇ ਤੱਤੀ ਰੇਤ ਪਾਈ। ਤੱਤੀ ਤਵੀ 'ਤੇ ਬੈਠ ਕੇ ਵੀ ਗੁਰੂਦੇਵ ਪਾਤਿਸ਼ਾਹ ਇਉਂ ਗਾ ਰਹੇ ਹਨ:
'ਤੇਰਾ ਕੀਆ ਮੀਠਾ ਲਾਗੈ॥
ਹਰਿ ਨਾਮੁ ਪਦਾਰਥੁ ਨਾਨਕ ਮਾਗੈ॥ (ਪੰ. 322)
-ਡਾ. ਧਰਮ ਚੰਦ ਵਾਤਿਸ਼
vatishdharamchand@gmai.com
















































.jpg)






























































































































































