16-14-2025
ਚੋਣ ਡਿਊਟੀ ਦਾਇਰਾ ਸੀਮਤ ਹੋਵੇ
ਪੰਜਾਬ 'ਚ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਪਈਆਂ ਹਨ। ਜਿਸ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਫਾ ਵਿਖੇ ਚੋਣ ਡਿਊਟੀ ਦੇਣ ਜਾ ਰਹੇ ਇਕ ਅਧਿਆਪਕ ਜੋੜੇ ਦੀ ਗੱਡੀ ਪਿੰਡ ਸੰਗਤਪੁਰ ਦੇ ਰੇਲਿੰਗ ਤੋਂ ਬਿਨਾਂ ਸੂਏ ਵਿਚ ਡਿੱਗ ਜਾਣ ਨਾਲ ਦੋਵੇਂ ਜੀਆਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਚੋਣ ਡਿਊਟੀ ਸਿੱਖਿਆ ਵਿਭਾਗ ਮਤਲਬ ਅਧਿਆਪਕਾਂ ਦੀਆਂ ਲੱਗਦੀਆਂ ਹਨ ਅਤੇ ਇਸ ਵਾਰ ਚੋਣ ਡਿਊਟੀ ਬਹੁਤੇ ਸਟਾਫ਼ ਦੀ ਉਨ੍ਹਾਂ ਦੇ ਘਰਾਂ ਤੋਂ 60- 70 ਕਿਲੋਮੀਟਰ ਦੂਰ ਦੀਆਂ ਲਗਾਈਆਂ ਗਈਆਂ ਸਨ। ਠੰਢ ਤੇ ਧੁੰਦ ਦੇ ਮੌਸਮ 'ਚ ਮਹਿਲਾ ਸਟਾਫ਼ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਕ ਚੋਣ ਡਿਊਟੀ ਲਈ ਦੋ ਵਾਰ ਰਿਹਰਸਲ ਲਈ ਜਾਣ ਤੋਂ ਇਲਾਵਾ ਵੋਟਾਂ ਤੋਂ ਪਹਿਲੇ ਦਿਨ ਚੋਣ ਸਮੱਗਰੀ ਪ੍ਰਾਪਤ ਕਰਨ ਸਮੇਤ ਹਰੇਕ ਦੇ ਕੁੱਲ 4 ਗੇੜੇ ਡਿਊਟੀ ਦੇ ਸੰਬੰਧ 'ਚ ਲੱਗ ਜਾਂਦੇ ਹਨ। ਸਰਕਾਰ ਤੇ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਚੋਣ ਡਿਊਟੀ 20 ਤੋਂ 30 ਕਿਲੋਮੀਟਰ ਦੇ ਦਾਇਰੇ ਵਿਚ ਲਗਾਈ ਜਾਵੇ ਅਤੇ ਮਹਿਲਾ ਸਟਾਫ਼ ਦੀ ਡਿਊਟੀ ਉਨ੍ਹਾਂ ਦੇ ਨੌਕਰੀ ਵਾਲੇ ਬਲਾਕ ਦੇ ਨੇੜੇ ਹੀ ਲਗਾਈ ਜਾਵੇ ਤਾਂ ਜੋ ਕੋਈ ਵੀ ਚੋਣ ਡਿਊਟੀ ਨਿਭਾਉਣ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੇ। ਬਹੁਤੇ ਮੁਲਾਜ਼ਮ ਰਸਤਿਆਂ 'ਚ ਹੁੰਦੀ ਖੱਜਲ-ਖੁਆਰੀ ਤੋਂ ਬਚਣ ਲਈ ਚੋਣ ਡਿਊਟੀ ਕਟਵਾਉਣ ਲਈ ਦੌੜ-ਭੱਜ ਕਰਦੇ ਰਹਿੰਦੇ ਹਨ। ਵਿਚਾਰ ਕਰਨ ਵਾਲੀ ਗੱਲ ਹੈ ਚੋਣ ਸਟਾਫ਼ ਦਾ ਆਪਣਾ ਵੀ ਪਰਿਵਾਰ ਤੇ ਬੱਚੇ ਹੁੰਦੇ ਹਨ, ਕਿਸੇ ਨੇ ਘਰ ਵਿਚ ਆਪਣੇ ਬਜ਼ੁਰਗਾਂ ਨੂੰ ਸੰਭਾਲਣਾ ਹੁੰਦਾ ਹੈ ਜਾਂ ਕਿਸੇ ਦੇ ਘਰ ਵਿਚ ਕੋਈ ਘਰੇਲੂ ਸਮੱਸਿਆ ਵੀ ਹੋ ਸਕਦੀ ਹੈ। ਅਕਸਰ ਜ਼ਿਲਾ ਮੈਜਿਸਟ੍ਰੇਟ ਆਪਣੇ ਜ਼ਿਲ੍ਹੇ ਦਾ ਚੋਣ ਇੰਚਾਰਜ ਹੁੰਦਾ ਹੈ, ਉਨ੍ਹਾਂ ਨੂੰ ਆਪਣੇ ਸਟਾਫ਼ ਨੂੰ ਹਿਦਾਇਤ ਕਰਨੀ ਚਾਹੀਦੀ ਹੈ ਕਿ ਚੋਣ ਡਿਊਟੀ ਦੀ ਦੂਰੀ ਦਾ ਦਾਇਰਾ ਸੀਮਤ ਰੱਖਿਆ ਜਾਵੇ।
-ਸੰਜੀਵ ਸਿੰਘ ਸੈਣੀ ਮੁਹਾਲੀ
ਖ਼ਤਮ ਹੋ ਰਹੀ ਸਹਿਣਸ਼ੀਲਤਾ
ਪਿਛਲੇ ਦਿਨੀਂ ਵਾਇਰਲ ਹੋਈ ਇਕ ਵੀਡੀਓ ਵਿਚ ਇਕ ਪਤੀ-ਪਤਨੀ ਰਿਸ਼ਤੇਦਾਰ ਸਮੇਤ ਆਪਣੀ ਧੀ ਦੀ ਡੋਲੀ ਤੋਰ ਕੇ ਲੁਧਿਆਣੇ ਤੋਂ ਸਰਹਿੰਦ ਵਾਪਸ ਆਪਣੇ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਦਾ ਸਾਹਨੇਵਾਲ ਨੇੜੇ ਐਕਸੀਡੈਂਟ ਹੋ ਗਿਆ। ਇਹ ਬਹੁਤ ਮੰਦਭਾਗੀ ਅਤੇ ਦਰਦਨਾਕ ਘਟਨਾ ਹੋਈ ਜਦੋਂ ਪਲਾਂ ਵਿਚ ਹੀ ਖ਼ੁਸ਼ੀਆਂ ਮਾਤਮ ਵਿਚ ਬਦਲ ਗਈਆਂ। ਜੋ ਹੋਇਆ ਬਹੁਤ ਮਾੜਾ ਹੋਇਆ ਪਰੰਤੂ ਹਾਦਸੇ ਦਾ ਸ਼ਿਕਾਰ ਵਿਅਕਤੀਆਂ ਤੋਂ ਸ਼ਗਨ ਦੇ ਪੈਸੇ, ਗਹਿਣੇ ਅਤੇ ਮੋਬਾਈਲ ਫ਼ੋਨ ਵਸਤਾਂ ਦੀ ਚੋਰੀ ਹੋ ਜਾਣਾ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ। ਇਸ ਘਟਨਾ ਨੂੰ ਦੇਖ ਕੇ ਲੱਗਦਾ ਹੈ ਕਿ ਮਨੁੱਖਤਾ ਬਿਲਕੁਲ ਖ਼ਤਮ ਹੋ ਚੁੱਕੀ ਹੈ ਅਤੇ ਸਵਾਰਥ ਮਨੁੱਖਤਾ 'ਤੇ ਭਾਰੂ ਹੋ ਚੁੱਕਿਆ ਹੈ। ਹਾਦਸੇ ਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ। ਪੀੜਤਾਂ ਨੂੰ ਮੁਢਲੀ ਸਹਾਇਤਾ ਦੇਣ ਦੀ ਬਜਾਏ ਆਪਣਾ ਮਤਲਬ ਕੱਢਣ ਵਾਲਿਆਂ ਬਾਰੇ ਸ਼ਬਦਾਂ ਨਾਲ ਬਿਆਨ ਕਰਨਾ ਔਖਾ ਹੈ। ਅੱਖ ਬਦਲੇ ਅੱਖ ਪੂਰੀ ਦੁਨੀਆ ਨੂੰ ਅੰਨ੍ਹਾ ਕਰ ਦੇਵੇਗੀ। ਦੂਜਿਆਂ ਦੇ ਦਰਦ ਨੂੰ ਆਪਣਾ ਸਮਝਣਾ ਹੋਵੇਗਾ। ਪੈਸਾ ਜਿੰਨਾ ਮਰਜ਼ੀ ਕਮਾ ਲਈਏ ਪਰੰਤੂ ਜੇਕਰ ਮਨੁੱਖਤਾ ਖ਼ਤਮ ਹੋ ਗਈ ਤਾਂ ਸਰੀਰ ਖੋਖਲਾ ਹੋ ਜਾਵੇਗਾ। ਇਸ ਲਈ ਨੈਤਿਕ ਕਦਰਾਂ-ਕੀਮਤਾਂ ਅਪਣਾਉਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ (ਬਠਿੰਡਾ)
ਚਾਈਨਾ ਡੋਰ ਦੀ ਵਰਤੋਂ ਰੋਕੋ
ਆਉਣ ਵਾਲੇ ਕੁਝ ਦਿਨਾਂ ਤੱਕ ਪੂਰੇ ਦੇਸ਼ ਵਿਚ ਪਤੰਗਬਾਜ਼ੀ ਵੱਡੇ ਪੱਧਰ 'ਤੇ ਵੇਖੀ ਜਾ ਸਕਦੀ ਹੈ। ਇਸ ਪਤੰਗਬਾਜ਼ੀ ਦਰਾਨ ਵੱਡੇ ਪੱਧਰ 'ਤੇ ਚਾਈਨਾ ਡੋਰ ਦੀ ਬਿਨਾਂ ਕਿਸੇ ਡਰ ਭੈਅ ਦੇ ਹਰ ਸਾਲ ਵਰਤੋਂ ਕੀਤੀ ਜਾਂਦੀ ਹੈ। ਇਸ ਡੋਰ ਦੀ ਬਦੌਲਤ ਅਨੇਕਾਂ ਨਿਰਦੋਸ਼ ਪੰਛੀ ਹਰ ਸਾਲ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਨੁੱਖ ਵੀ ਇਸ ਜਾਨਲੇਵਾ ਡੋਰ ਦੀ ਲਪੇਟ ਵਿਚ ਆਉਣ ਕਰਕੇ ਜ਼ਖ਼ਮੀ ਹੋ ਜਾਂਦੇ ਹਨ, ਕਈ ਤਾਂ ਮੌਤ ਦੇ ਮੂੰਹ ਵਿਚ ਹੀ ਚਲੇ ਜਾਂਦੇ ਹਨ। ਹਰ ਵਰ੍ਹੇ ਇਸ ਚਾਈਨਾ ਡੋਰ ਦੀ ਬਦੌਲਤ ਅਨੇਕਾਂ ਭਿਆਨਕ ਹਾਦਸੇ ਹੋਣ ਦੇ ਬਾਵਜੂਦ ਵੀ ਇਸ ਡੋਰ ਦੀ ਵਰਤੋਂ ਵੱਡੇ ਪੱਧਰ 'ਤੇ ਹੁੰਦੀ ਰਹਿੰਦੀ ਹੈ। ਆਮ ਲੋਕਾਂ ਨੂੰ ਖ਼ੁਦ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਸਰਕਾਰ ਨੂੰ ਵੀ ਇਸ ਡੋਰ ਨੂੰ ਸਖ਼ਤੀ ਨਾਲ ਬੰਦ ਕਰਵਾਉਣਾ ਚਾਹੀਦਾ ਹੈ। ਇਸ ਵਿਚ ਮਨੁੱਖਤਾ ਦੀ ਬਹੁਤ ਵੱਡੀ ਭਲਾਈ ਛੁਪੀ ਹੋਈ ਹੈ।
-ਅੰਗਰੇਜ਼ ਸਿੰਘ ਵਿੱਕੀ ਕੋਟਗੁਰੂ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਪੈਨਸ਼ਨ ਮੁਲਾਜ਼ਮਾਂ ਦੇ ਬੁਨਿਆਦੀ ਹੱਕ
ਉਮਰ ਦੇ ਪਹਿਲੇ 15-20 ਸਾਲ ਵਿਅਕਤੀ ਨੂੰ ਪਹਿਲੇ ਸਕੂਲ ਕਾਲਜ ਦੀ ਪੜ੍ਹਾਈ ਕਰਨੀ ਪੈਂਦੀ ਹੈ। ਅਖ਼ੀਰ ਵਿਚ ਨੌਕਰੀ ਪ੍ਰਾਪਤ ਕਰਨ ਲਈ ਸੰਘਰਸ਼ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ, ਜਿਸ ਵਿਚ ਧਰਨੇ, ਮੁਜ਼ਾਹਰੇ ਕਰਨ ਤੇ ਲਾਠੀ ਚਾਰਜ, ਪਾਣੀ ਦੀਆਂ ਬੁਛਾੜਾਂ ਅਤੇ ਪਗੜੀਆਂ ਉਛਾਲਣ ਤੋਂ ਬਾਅਦ ਥਾਣੇ ਦੀ ਸੈਰ ਵੀ ਕਰਨੀ ਪੈਂਦੀ ਹੈ। ਜੇਕਰ ਨੌਕਰੀ ਮਿਲ ਵੀ ਜਾਂਦੀ ਹੈ ਤਾਂ ਪੂਰੀ ਤਨਖਾਹ ਵੀ ਨਹੀਂ ਦਿੱਤੀ ਜਾਂਦੀ। ਕਈ ਸਾਲ ਪਰਖ ਸਮੇਂ ਵਿਚ ਹੀ ਗੁਜ਼ਰ ਜਾਂਦੇ ਹਨ। ਰਿਟਾਇਰਮੈਂਟ ਤੇ ਪੁਰਾਣੀ ਪੈਨਸ਼ਨ ਸਕੀਮ ਚਾਲੂ ਕਰਨ ਲਈ ਫਿਰ ਉਹੀ ਧੱਕੇ ਧੌੜੇ ਖਾਣ ਦਾ ਅਮਲ ਸ਼ੁਰੂ ਹੋ ਜਾਂਦਾ ਹੈ। ਇਹ ਪੈਨਸ਼ਨ ਅੰਗਰੇਜ਼ੀ ਰਾਜ ਵਿਚ ਸ਼ੁਰੂ ਹੋਈ ਸੀ ਕਿ ਪੈਨਸ਼ਨਰ ਨੂੰ ਪਿਛਲੀ ਉਮਰ ਵਿਚ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ। ਉੱਨਤ (ਅਕਲਮੰਦ) ਦੇਸ਼ਾਂ ਵਿਚ ਸਭ ਸੀਨੀਅਰ ਸਿਟੀਜ਼ਨਜ਼ ਨੂੰ ਪੈਨਸ਼ਨ ਮਿਲਦੀ ਹੈ, ਚਾਹੇ ਨੌਕਰੀ ਕੀਤੀ ਹੈ ਜਾਂ ਨਹੀਂ। ਕੋਈ ਵਿਤਕਰਾ ਨਹੀਂ। ਹੁਣ ਤਾਂ ਆਪਣੀ ਸਰਕਾਰ ਹੈ ਜੀ।
-ਮਹਿੰਦਰ ਸਿੰਘ ਬਾਜਵਾ
ਪਿੰਡ ਮਸੀਤਾਂ, (ਕਪੂਰਥਲਾ)।
ਸੜਕੀ ਹਾਦਸਿਆਂ ਨੂੰ ਕਿਵੇਂ ਰੋਕੀਏ?
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਬਹੁਤ ਜ਼ਿਆਦਾ ਸੜਕੀ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਸੜਕੀ ਹਾਦਸਿਆਂ ਵਿਚ ਬਹੁਤ ਸਾਰੇ ਲੋਕਾਂ ਦੀਆਂ ਕੀਮਤੀ ਜਾਨਾਂ ਬਿਨਾਂ ਕਸੂਰ ਤੋਂ ਜਾ ਰਹੀਆਂ ਹਨ। ਅਸੀਂ ਰੋਜ਼ਾਨਾ ਹੀ ਪੜ੍ਹਦੇ, ਸੁਣਦੇ ਅਤੇ ਦੇਖਦੇ ਹਾਂ ਕਿ ਇੰਨਾ ਸੜਕੀ ਹਾਦਸਿਆਂ ਵਿਚ ਪੰਜ-ਪੰਜ ਛੇ-ਛੇ ਲੋਕਾਂ ਦੀ ਇਕੱਠਿਆਂ ਅਤੇ ਪੂਰੇ ਪਰਿਵਾਰਾਂ ਦੇ ਪੂਰੇ ਪਰਿਵਾਰਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਹ ਬਹੁਤ ਹੀ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਸਾਰੇ ਸੜਕੀ ਹਾਦਸੇ ਮਨੁੱਖੀ ਗਲਤੀ ਅਤੇ ਲਾਪਰਵਾਹੀ ਕਰਕੇ ਹੀ ਵਾਪਰਦੇ ਹਨ। ਇਹ ਸੜਕੀ ਹਾਦਸੇ ਵਾਪਰਨ ਦੇ ਕਾਰਨ ਜ਼ਿਆਦਾ ਸਪੀਡ ਹੋਣ ਕਰਕੇ, ਨਸ਼ਾ ਕਰਕੇ ਡਰਾਈਵਿੰਗ ਕਰਨ ਕਰਕੇ, ਲਾਪਰਵਾਹੀ, ਅਣਗਹਿਲੀ ਵਰਤਣ ਕਰਕੇ ਅਤੇ ਡਰਾਈਵਿੰਗ ਅਤੇ ਟਰੈਫਿਕ ਰੂਲਾਂ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਰਕੇ ਵਾਪਰਦੇ ਹਨ। ਇਨ੍ਹਾਂ ਸੜਕੀ ਹਾਦਸਿਆਂ ਦਾ ਕਾਰਨ ਕੋਈ ਵੀ ਹੋਵੇ, ਪਰ ਇਹ ਬਹੁਤ ਸਾਰੇ ਹੱਸਦੇ ਵਸਦੇ ਘਰਾਂ ਵਿਚ ਸੱਥਰ ਵਿਛਾ ਰਹੇ ਹਨ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਡਰਾਈਵਿੰਗ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀਏ। ਸਰਕਾਰ ਨੂੰ ਬੇਨਤੀ ਹੈ ਕਿ ਲਾਪਰਵਾਹੀ, ਅਣਗਹਿਲੀ ਅਤੇ ਨਸ਼ੇ ਕਰਕੇ ਡਰਾਈਵਿੰਗ ਕਰਨ ਵਾਲੇ ਅਤੇ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ!