12-06-2025
ਦਾਗੀਆਂ 'ਤੇ ਹੋਵੇ ਸਖ਼ਤ ਕਾਰਵਾਈ
ਸੰਗਰੂਰ ਜੇਲ੍ਹ ਵਿਚ ਤਸਕਰੀ ਦਾ ਪਰਦਾ ਫ਼ਾਸ਼, ਜੇਲ੍ਹ ਦਾ ਡੀ.ਐਸ.ਪੀ. ਸੁਰੱਖਿਆ ਗੁਰਮੀਤ ਸਿੰਘ ਗ੍ਰਿਫ਼ਤਾਰ। ਮਨਪ੍ਰੀਤ ਕੋਲੋਂ ਚਾਰ ਕਿਲੋ ਹੈਰੋਈਨ, ਪੰਜ-ਪੰਜ ਲੱਖ ਦੀ ਡਰੱਗ ਮਨੀ ਮਿਲੀ ਹੈ। ਇੰਟੈਲੀਜੈਂਸ ਇੰਸਪੈਕਟਰ ਮਨਜੀਤ ਸਿੰਘ ਵੀ ਇਕ ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਹੋਇਆ ਸੀ। ਇਸ ਤੋਂ ਪਹਿਲਾਂ ਬਠਿੰਡਾ ਪੁਲਿਸ ਵਿਚ ਤਾਇਨਾਤ ਮਹਿਲਾ ਮੁੱਖ ਸਿਪਾਹੀ ਅਮਨਦੀਪ ਕੌਰ ਨੂੰ ਨਸ਼ੇ ਦੀ ਖੇਪ ਬਰਾਮਦ ਕਰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਕਸਰ ਹੀ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ ਗੈਂਗਸਟਰ, ਕੈਦੀਆਂ ਤੇ ਨਸ਼ੇ ਦੇ ਸਮੱਗਲਰਾਂ ਨਾਲ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀ ਭੁਗਤ ਹੈ. ਇਸ ਨਾਲ ਪੂਰੇ ਵਿਭਾਗ ਦਾ ਅਕਸ ਖ਼ਰਾਬ ਹੁੰਦਾ ਹੈ। ਇਸੇ ਕਰਕੇ ਨਸ਼ਿਆਂ ਦੇ ਖ਼ਿਲਾਫ਼ ਚਲਾਈ ਮੁਹਿੰਮ ਨੂੰ ਪੂਰੀ ਸਫ਼ਲਤਾ ਨਹੀਂ ਮਿਲਦੀ ਕਿਉਂਕਿ ਅਕਸਰ ਜੇਲਾਂ 'ਚ ਮੋਬਾਈਲ ਫ਼ੋਨਾਂ ਦੀ ਬਰਾਮਦਗੀ, ਜੇਲ੍ਹ ਵਿਚੋਂ ਕੈਦੀਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੇਲ੍ਹ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਗ਼ੈਰ ਜੇਲ੍ਹ ਵਿਚ ਚਿੜੀ ਵੀ ਨਹੀਂ ਫੁੜਕ ਸਕਦੀ। ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਪੁਲਿਸ ਦੀ ਭੂਮਿਕਾ 'ਤੇ ਪਹਿਲਾਂ ਵੀ ਸਵਾਲ ਖੜ੍ਹੇ ਹੁੰਦੇ ਆ ਰਹੇ ਹਨ ਇਹੋ ਜਿਹੇ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ
ਵਿਸ਼ਵੀਕਰਨ
ਮਨੋਵਿਗਿਆਨ ਵਿਸ਼ੇ ਵਿਚ ਮਨੁੱਖੀ ਵਿਵਹਾਰ, ਅਨੁਭਵ ਅਤੇ ਮਾਨਸਿਕ ਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਇਨ੍ਹਾਂ ਅਧਿਐਨਾਂ ਨਾਲ ਮਨੁੱਖੀ ਜੀਵਨ ਨੂੰ ਤੰਦਰੁਸਤ ਅਤੇ ਸੰਤੁਲਿਤ ਬਣਾਇਆ ਜਾਂਦਾ ਹੈ। ਮਨੁੱਖੀ ਵਿਕਾਸ ਦੀ ਪ੍ਰਕਿਰਿਆ ਵਿਚ ਜੈਵਿਕ, ਸਮਾਜਿਕ ਅਤੇ ਸੱਭਿਆਚਾਰਕ ਤੱਥ ਆਪਣਾ ਪ੍ਰਭਾਵਸ਼ਾਲੀ ਅਸਰ ਪਾਉਂਦੇ ਹਨ। ਵਿਗਿਆਨਕ ਸਾਧਨਾਂ ਰਾਹੀਂ ਪੂਰੀ ਦੁਨੀਆ ਇਕ ਪਿੰਡ ਵਾਂਗ ਬਣ ਚੁੱਕੀ ਹੈ। ਦੂਰ-ਦੁਰੇਡੇ ਵਸੇ ਦੇਸ਼ਾਂ ਦਾ ਸਾਡੇ ਨਿੱਜੀ ਜੀਵਨ 'ਤੇ ਡੂੰਘਾ ਅਸਰ ਪੈਂਦਾ ਹੈ। ਇਸ ਅਸਰ ਦੇ ਅਨੁਸਾਰ ਸਾਡਾ ਵਿਵਹਾਰ, ਤਜ਼ਰਬੇ ਅਤੇ ਮਾਨਸਿਕ ਕਿਰਿਆਵਾਂ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਪੂਰੀ ਦੁਨੀਆ ਦੇ ਲੋਕਾਂ ਦੇ ਸੱਭਿਆਚਾਰ, ਵਿਵਹਾਰ, ਸੋਚ-ਵਿਚਾਰ, ਕੰਮ-ਧੰਦੇ, ਉਦਯੋਗ ਅਤੇ ਸਮਾਜਿਕ ਜੀਵਨ ਨੂੰ ਸਾਂਝੇ ਤੌਰ 'ਤੇ ਵਿਸ਼ਵੀਕਰਨ ਕਿਹਾ ਜਾਂਦਾ ਹੈ। ਵਿਸ਼ਵੀਕਰਨ ਪ੍ਰਕਿਰਿਆ ਦੇ ਕਾਰਨ ਰਾਜਨੀਤਕ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਸਾਂਝਾਂ ਵਧੇਰੇ ਪਰਪੱਕ ਹੋ ਰਹੀਆਂ ਹਨ। ਵਿਗਿਆਨਕ ਤਕਨੀਕਾਂ ਅਤੇ ਆਵਾਜਾਈ ਦੇ ਸਾਧਨਾਂ ਦੇ ਕਾਰਨ ਵਿਸ਼ਵੀਕਰਨ ਦਾ ਅਸਰ ਸਾਡੇ ਰੋਜ਼ਾਨਾ ਦੇ ਕੰਮਾਂ-ਕਾਰਾਂ, ਪਹਿਰਾਵੇ ਦੇ ਢੰਗਾਂ, ਖਾਣ-ਪੀਣ ਦੇ ਤਰੀਕਿਆਂ, ਗਿਆਨ-ਧਿਆਨ, ਸੋਚ-ਵਿਚਾਰਾਂ ਅਤੇ ਆਰਥਿਕ ਜੀਵਨ 'ਤੇ ਪ੍ਰਤੱਖ ਤੌਰ 'ਤੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਸਭ ਗੱਲਾਂ ਦੇ ਪ੍ਰਭਾਵ ਸਦਕਾ ਹੀ ਸਾਡਾ ਨਿੱਜੀ ਵਿਵਹਾਰ ਢਲਣਾ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਸਾਡੇ ਮਨੋਵਿਗਿਆਨਕ ਜੀਵਨ 'ਤੇ ਜਿੱਥੇ ਜੈਵਿਕ ਵਾਤਾਵਰਨ ਤੇ ਸਮਾਜਿਕ ਤੱਥਾਂ ਦਾ ਪ੍ਰਭਾਵ ਪੈਂਦਾ ਹੈ ਉੱਥੇ ਵਿਸ਼ਵੀਕਰਨ ਵੀ ਅਸਰਦਾਰ ਹੁੰਦਾ ਹੈ।
-ਮਨੋਵਿਗਿਆਨ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)
ਆਨਲਾਈਨ ਠਗੀਆਂ
ਤਕਨੀਕ ਨੇ ਮਨੁੱਖੀ ਜੀਵਨ ਵਿਚ ਬਹੁਤ ਸਾਰੀ ਤਬਦੀਲੀ ਲਿਆਂਦੀ ਹੈ. ਸਾਨੂੰ ਨਿੱਜੀ ਕੰਮਾਂ ਵਾਸਤੇ ਬੈਂਕਾਂ ਆਦਿ ਦਫ਼ਤਰਾਂ ਵਿਚ ਲਾਈਨਾਂ ਵਿਚ ਰੁਕਣਾ ਪੈਂਦਾ ਸੀ, ਬਿਲ ਭਰਨ ਵਾਸਤੇ ਸਮਾਂ ਤੇ ਛੁੱਟੀ ਕਰਨੀ ਪੈਂਦੀ ਸੀ। ਨਿੱਕੇ-ਨਿੱਕੇ ਕੰਮਾਂ ਵਾਸਤੇ ਕਈਆਂ ਨੂੰ ਕਹਿਣਾ ਪੈਂਦਾ ਸੀ। ਅੱਜ ਤਕਨੀਕ ਨੇ ਮਨੁੱਖੀ ਜੀਵਨ ਨੂੰ ਸੁਖਲਾ ਬਣਾ ਦਿੱਤਾ ਹੈ। ਦੂਸਰੇ ਪਾਸੇ ਸ਼ਾਤਰ ਦਿਮਾਗ਼ ਬੰਦੇ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰ ਕੇ ਪੈਸਾ ਇਕੱਠਾ ਕਰ ਰਹੇ ਹਨ। ਅੱਜ ਮਨੁੱਖਾਂ 'ਚ ਵੱਧ ਕਮਾਈ ਕਰਨ ਦੀ ਹੋੜ ਲੱਗੀ ਹੈ। ਠੱਗੀ ਮਾਰਨ ਵਾਲੀਆਂ ਕੰਪਨੀਆਂ ਮਨੁੱਖ ਨੂੰ ਭਰਮਾ ਕੇ ਜਾਲ ਵਿਚ ਫਸਾ ਲੈਂਦੀਆਂ ਹਨ। ਫਿਰ ਕੁਝ ਸਮੇਂ ਬਾਅਦ ਠੱਗੀ ਮਾਰ ਜਾਂਦੀਆਂ ਹਨ। ਮਨੁੱਖ ਕਿਸੇ ਕੋਲ ਗੱਲ ਨਹੀਂ ਕਰ ਸਕਦਾ। ਆਨਲਾਈਨ ਗੇਮ ਖੇਡ ਕੇ ਪੈਸਾ ਕਮਾਉਣਾ ਇਕ ਤਰ੍ਹਾਂ ਨਾਲ ਜੂਆ ਹੀ ਹੈ। ਇਹ ਕੰਪਨੀਆਂ ਲੋਕਾਂ ਨੂੰ ਗਲਤ ਰਸਤੇ ਪਾਉਂਦੀਆਂ ਹਨ। ਆਨਲਾਈਨ ਕੰਮ ਕਰਨ ਤੋਂ ਪਹਿਲਾਂ ਹਰ ਬੰਦੇ ਨੂੰ ਪੂਰੀ ਤਰ੍ਹਾਂ ਪੜਤਾਲ ਕਰ ਲੈਣੀ ਚਾਹੀਦੀ ਹੈ। ਫਿਰ ਉਸ ਕੰਮ ਨੂੰ ਸ਼ੁਰੂ ਕਰੋ। ਅਸਲ ਵਿਚ ਵਿਚਾਰਿਆ ਜਾਵੇ ਤਾਂ ਸੌ ਫ਼ੀਸਦੀ ਆਨਲਾਈਨ ਠੱਗੀਆਂ ਹੀ ਹੁੰਦੀਆਂ ਹਨ। ਹਰ ਚੀਜ਼ ਦੀ ਪੜਤਾਲ ਕਰਨਾ ਸਾਡਾ ਖ਼ੁਦ ਦਾ ਫਰਜ਼ ਹੈ ਤਾਂ ਕਿ ਅਸੀਂ ਠੱਗੀ ਤੋਂ ਬਚ ਸਕੀਏ। ਸੋਸ਼ਲ ਮੀਡੀਆ 'ਤੇ ਪੜਤਾਲ ਬਿਨਾ ਵਿਸ਼ਵਾਸ ਨਾ ਕਰੋ।
-ਰਾਮ ਸਿੰਘ ਪਾਠਕ
ਵਿਵਾਦ ਨਹੀਂ, ਸੰਵਾਦ ਰਚਾਓ
ਜ਼ਿੰਦਗੀ ਨੂੰ ਹਮੇਸ਼ਾ ਸੰਵਾਦ ਰਚਾ ਕੇ ਜੀਉ, ਵਿਵਾਦ ਨਾਲ ਦੂਰ ਦਾ ਵੀ ਵਾਸਤਾ ਨਾ ਰੱਖੋ। ਸਮਾਜ ਵਿਚ ਹਰ ਤਰ੍ਹਾਂ ਦਾ ਸੁਭਾਅ ਅਤੇ ਆਦਤਾਂ ਮਿਲਦੀਆਂ ਹਨ। ਇਨ੍ਹਾਂ ਪਿੱਛੇ ਪਰਿਵਾਰ ਦੇ ਸਮਾਜੀਕਰਨ, ਗਿਆਨ ਅਤੇ ਸਿੱਖਿਆ ਦਾ ਕਾਫ਼ੀ ਵੱਡਾ ਰੋਲ ਹੁੰਦਾ ਹੈ। ਸੰਵਾਦ ਨਾਲ ਹਮੇਸ਼ਾ ਮਸਲੇ ਹੱਲ ਹੁੰਦੇ ਹਨ। ਵਿਵਾਦ ਅਗਿਆਨਤਾ ਵਿਚੋਂ ਉਪਜਦਾ ਹੈ। ਸੰਵਾਦ ਦੀ ਮਾਂ ਸਿਆਣਪ ਹੈ। ਸੰਵਾਦ ਰਚਾਉਣ ਨਾਲ ਸਾਹਮਣੇ ਵਾਲੇ ਨੂੰ ਗੱਲ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ। ਇਸ ਨਾਲ ਕਈ ਵਾਰ ਝਗੜਾ ਰੁਕ ਜਾਂਦਾ ਹੈ। ਵਿਵਾਦ ਵਾਲੇ ਦੀ ਇਕ ਗੱਲ ਪੱਕੀ ਹੈ ਕਿ ਉਸ ਦੇ ਪੱਲੇ ਤਰਕ ਨਹੀਂ ਹੁੰਦਾ। ਉਹ ਆਪਣੀ ਗੱਲ ਸੁਣਾਉਣ ਲਈ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ। ਸੰਵਾਦ ਵਾਲਾ ਇਕ ਚੁਪ ਸੌ ਸੁਖ ਅਨੁਸਾਰ ਚਲਦਾ ਹੈ। ਜ਼ਿੰਦਗੀ ਬਿਤਾਉਂਦੇ ਸਮੇਂ ਸਹਿਜ ਅਤੇ ਸੰਜਮ ਦਾ ਗਿਆਨ ਹੋਣਾ ਲਾਜ਼ਮੀ ਹੈ। ਵਿਵਾਦ ਜੇ ਸੰਵਾਦ ਤੋਂ ਸਿੱਖ ਲਏ ਤਾਂ ਗਲਤੀ ਨਹੀਂ ਹੋ ਸਕਦੀ। ਇਹ ਵੀ ਹੋ ਸਕਦਾ ਹੈ ਕਿ ਵਿਵਾਦ ਵਾਲਾ ਠੀਕ ਹੋਵੇ ਪਰ ਉਸ ਦੀ ਵਿਵਾਦ ਵਾਲੀ ਆਦਤ ਸਭ ਕੁਝ ਖੁਆਰ ਕਰ ਦਿੰਦੀ ਹੈ। ਵਿਵਾਦ ਸੰਵਾਦ ਵਿਚਕਾਰ ਸਹਿਜ ਦੀ ਕੜੀ ਹੋਣੀ ਚਾਹੀਦੀ ਹੈ। ਇਸ ਨਾਲ ਮਸਲੇ ਨਿਪਟ ਜਾਂਦੇ ਹਨ।
-ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ