28-05-2025
ਸਾਈਬਰ ਅਪਰਾਧ ਤੋਂ ਸਾਵਧਾਨ
ਸਾਈਬਰ ਅਪਰਾਧ ਦਾ ਮਤਲਬ ਹੈ ਇੰਟਰਨੈੱਟ, ਕੰਪਿਊਟਰ, ਮੋਬਾਈਲ ਜਾਂ ਹੋਰ ਡਿਜੀਟਲ ਸਰੋਤਾਂ ਰਾਹੀਂ ਕੀਤੇ ਜਾਣ ਵਾਲੇ ਅਪਰਾਧ ਜੋ ਕਿਸੇ ਵਿਅਕਤੀ, ਸੰਸਥਾ ਅਤੇ ਸਮਾਜ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਅਪਰਾਧ ਨਾ ਸਿਰਫ਼ ਆਰਥਿਕ ਨੁਕਸਾਨ ਕਰਦੇ ਹਨ, ਸਗੋਂ ਲੋਕਾਂ ਦੀ ਨਿੱਜੀ ਜ਼ਿੰਦਗੀ 'ਤੇ ਵੀ ਅਸਰ ਪਾਉਂਦੇ ਹਨ। ਇਸ ਵਿਚ ਆਈ.ਡੀ. ਚੋਰੀ, ਬੈਂਕਿੰਗ ਫਰੌਡ ਅਤੇ ਆਨਲਾਈਨ ਧੋਖਾਧੜੀ ਆਦਿ ਅਪਰਾਧ ਸ਼ਾਮਿਲ ਹਨ, ਜਿਨ੍ਹਾਂ ਤੋਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।
-ਸਤਵਿੰਦਰ ਕੌਰ
ਮੱਲ੍ਹੇਵਾਲ।
ਨਵੀਂ ਸਿੱਖਿਆ ਨੀਤੀ
ਨਵੀਂ ਸਿੱਖਿਆ ਨੀਤੀ 2020 ਅਨੁਸਾਰ ਪਹਿਲੀ ਤੇ ਦੂਜੀ ਜਮਾਤ ਦੇ ਬੱਚੇ ਨੂੰ ਮਾਤ ਭਾਸ਼ਾ ਤੇ ਗਣਿਤ ਦੇ ਪੱਖ ਤੋਂ ਏਨਾ ਕੁ ਪਰਪੱਕ ਹੋ ਜਾਣਾ ਚਾਹੀਦਾ ਹੈ ਕਿ ਉਹ ਸਧਾਰਨ ਵਾਕ ਅਤੇ ਪੈਰਾ ਪੜ੍ਹ ਸਕੇ ਅਤੇ ਗਣਿਤ ਦੀਆਂ ਮੁਢਲੀਆਂ ਕੁਸ਼ਲਤਾਵਾਂ ਅਨੁਸਾਰ ਸਧਾਰਨ ਜੋੜ ਘਟਾਓ ਕਰ ਸਕੇ। ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਕਰਨ ਲਈ ਨਿਪੁੰਨ ਭਾਰਤ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਐੱਫ.ਐੱਲ.ਐੱਨ. ਦੇ ਅਨੁਸਾਰ ਬੱਚੇ ਲਈ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਭਾਵੇਂ ਕਿ ਇਸ ਪ੍ਰਤੀ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਪਰ ਇਸ ਟੀਚੇ ਦੀ ਪ੍ਰਾਪਤੀ ਲਈ ਹਾਲੇ ਵੀ ਬਹੁਤ ਚੁਣੌਤੀਆਂ ਹਨ, ਜਿਵੇਂ ਕਿ ਸਕੂਲ ਦਾ ਇੰਫ੍ਰਾਸਟ੍ਰਕਚਰ, ਬੱਚਿਆਂ ਦੀ ਗੈਰ ਹਾਜ਼ਰੀ, ਅਧਿਆਪਕਾਂ ਦਾ ਨਵੀਆਂ ਤਕਨੀਕਾਂ ਬਾਰੇ ਅਪਡੇਟ ਨਾ ਹੋਣਾ, ਅਧਿਆਪਕਾਂ ਦਾ ਪੁਰਾਣੇ ਤਰੀਕਿਆਂ ਨਾਲ ਪੜਾਉਂਦੇ ਰਹਿਣਾ। ਪਰ ਫਿਰ ਵੀ ਇਸ ਵਾਰ ਦੀ 'ਅਸਰ' ਰਿਪੋਰਟ ਅਨੁਸਾਰ ਸੁਖਦ ਅਹਿਸਾਸ ਇਹ ਹੈ ਕਿ ਭਾਰਤ ਵਿਚ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਦੀ ਭਾਸ਼ਾ ਅਤੇ ਗਣਿਤ ਪੱਧਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
-ਚਰਨਜੀਤ ਸਿੰਘ ਮੁਕਤਸਰ
ਸੈਂਟਰ ਹੈੱਡ ਟੀਚਰ, ਝਬੇਲਵਾਲੀ।
ਬਾਕਮਾਲ ਲੇਖ
ਬੀਤੇ ਦਿਨੀਂ ਲੇਖਕ ਸੁਖਵਿੰਦਰ ਸਿੰਗ ਫੁੱਲ ਦੁਆਰਾ ਲਿਖਿਆ ਲੇਖ 'ਦਫ਼ਤਰ ਨੂੰ ਘਰ ਨਾ ਲਿਆਓ' ਪੜ੍ਹਨ ਦਾ ਮੌਕਾ ਮਿਲਿਆ। ਲੇਖਕ ਨੇ ਬਾਕਮਾਲ ਲਿਖਿਆ, ਜਿਸ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਮੇਰੇ ਵਰਗੇ ਬਹੁਤ ਗਿਣਤੀ ਮੁਲਾਜ਼ਮ ਆਪਣੇ ਦਫ਼ਤਰ ਨੂੰ ਘਰ ਲੈ ਆਉਂਦੇ ਹਨ ਅਤੇ ਆਪਣੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਪ੍ਰੇਸ਼ਾਨੀ ਵਿਚ ਪਾਉਂਦੇ ਹਨ, ਦਫ਼ਤਰ ਦੇ ਬੋਝ ਨਾਲ ਥੱਕੇ ਟੁੱਟੇ ਘਰੇ ਪਹੁੰਚਦੇ ਹਨ ਤੇ ਆਪਣੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਨ ਦੀ ਬਜਾਏ ਆਪਣੇ ਦਫ਼ਤਰੀ ਕੰਮਾਂ ਦੇ ਬੋਝ ਥੱਲੇ ਆਪਣੇ ਪਰਿਵਾਰ ਨੂੰ ਆਪਣੇ ਨਾਲ ਦੱਬ ਲੈਂਦੇ ਹਨ। ਇਸ ਨਾਲ ਆਪ ਤਾਂ ਮਾਨਸਿਕ ਤੌਰ 'ਤੇ ਪਰੇਸ਼ਾਨ ਹੁੰਦੇ ਹਨ। ਪ੍ਰੇਸ਼ਾਨੀ ਦੂਰ ਕਰਨ ਲਈ ਫਿਰ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਇਸ ਤਰ੍ਹਾਂ ਆਪਣੇ ਪਰਿਵਾਰ ਨੂੰ ਵੀ ਪ੍ਰੇਸ਼ਾਨੀ ਵਿਚ ਧਕੇਲ ਦਿੰਦੇ ਹਨ। ਇਸ ਲਈ ਆਪਣੇ ਦਫ਼ਤਰੀ ਕੰਮਾਂ ਨੂੰ ਦਫ਼ਤਰ ਤੱਕ ਹੀ ਸੀਮਤ ਰੱਖੋ, ਜ਼ਿੰਦਗੀ ਬੜੀ ਛੋਟੀ ਹੈ, ਇਸ ਨੂੰ ਆਪਣੇ ਪਰਿਵਾਰ ਨਾਲ ਖ਼ੁਸ਼ੀ-ਖ਼ੁਸ਼ੀ ਹੱਸ-ਖੇਡ ਕੇ ਬਿਤਾਓ।
-ਸਿੱਧੂ ਸੁਖਵੰਤ ਸਿੰਘ
ਪਿੰਡ ਅਜਿਤ ਗਿੱਲ (ਜੈਤੋ)
ਸ਼ਰਾਬ ਨੇ ਕੀਤੇ ਕਈ ਘਰ ਤਬਾਹ
ਮਜੀਠਾ ਦੇ ਕਈ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 27 ਮੌਤਾਂ ਹੋਣ ਦੀ ਦਰਦਨਾਕ ਖਬਰ ਪੜ੍ਹੀ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਵੀ ਤਰਨ ਤਾਰਨ, ਸ੍ਰੀ ਅੰਮ੍ਰਿਤਸਰ ਸਾਹਿਬ, ਸਮਾਣਾ ਅਤੇ ਹੋਰ ਇਲਾਕਿਆਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ ਸਨ। ਸ਼ਰਾਬ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ। ਜ਼ਮੀਨ ਜਾਇਦਾਦ ਤੱਕ ਵਿਕ ਜਾਂਦੀ ਹੈ। ਸ਼ਰਾਬੀ ਆਪਣੇ ਪਰਿਵਾਰ ਦੇ ਜੀਆਂ ਨੂੰ ਜਿਊਂਦੇ ਜੀਅ ਮਾਰ ਦਿੰਦਾ ਹੈ, ਪੰਜਾਬ ਸਾਰੇ ਸੂਬਿਆਂ ਵਿਚੋਂ ਸ਼ਰਾਬ ਦੀ ਖਪਤ ਵਿਚ ਮੂਹਰੇ ਹੈ। ਪੰਜਾਬ ਵਿਚ ਸਕੂਲ, ਹਸਪਤਾਲ ਓਨੇ ਨਹੀਂ ਜਿੰਨੇ ਸ਼ਰਾਬ ਦੇ ਠੇਕੇ ਹਨ। ਸਰਕਾਰ ਨੂੰ ਸ਼ਰਾਬ ਤੋਂ ਆਮਦਨ ਬਹੁਤ ਹੁੰਦੀ ਹੈ। ਸੜਕਾਂ 'ਤੇ ਠੇਕੇ ਖੋਲ੍ਹੇ ਜਾਂਦੇ ਹਨ, ਜੋ ਕਿ ਮਾਣਯੋਗ ਹਾਈ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਹੈ। ਕਈ ਥਾਂ ਘਰੋ-ਘਰੀ ਸ਼ਰਾਬ ਸਪਲਾਈ ਕੀਤੀ ਜਾਂਦੀ ਹੈ। ਘਰੋ-ਘਰੀ ਸ਼ਰਾਬ ਸਪਲਾਈ ਕਰਨ ਵਿਚ ਹੁਣ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ। ਹੁਣ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਨੂੰ ਜ਼ਹਿਰੀਲੀ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਸਪਲਾਈ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ।
-ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ. ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
ਭੜਕਾਊ ਮੀਡੀਆ ਦੀ ਕਾਵਾਂ-ਰੌਲੀ
ਪਹਿਲਗਾਮ ਹਮਲੇ ਤੋਂ ਬਾਅਦ ਪੈਦਾ ਹੋਏ ਮਾਹੌਲ ਦੇ ਮੱਦੇਨਜ਼ਰ ਕੁਝ ਭੜਕਾਊ ਮੀਡੀਆ ਅਦਾਰਿਆਂ ਵਲੋਂ ਫਲਾਈ ਜਾ ਰਹੀ ਅਫਵਾਹਨੁਮਾ ਕਾਵਾਂ ਰੌਲੀ ਦੇਸ਼ ਹਿਤ ਵਿਚ ਨਹੀਂ ਹੋਵੇਗੀ, ਕਿਉਂਕਿ ਕਈ ਵਾਰ ਮੀਡੀਆ ਅਦਾਰਿਆਂ ਵਲੋਂ ਭੜਕਾਹਟ ਪੈਦਾ ਕਰ ਦਿੱਤੀ ਜਾਂਦੀ ਹੈ, ਜਿਸ ਕਰਕੇ ਦੇਸ਼ ਅੰਦਰ ਆਪਸੀ ਭਾਈਚਾਰੇ ਅਤੇ ਦੁਨੀਆ ਪੱਧਰ 'ਤੇ ਕੁਝ ਮਾੜਾ ਵਾਪਰਨ ਦੇ ਹਾਲਾਤ ਪੈਦਾ ਹੋ ਸਕਦੇ ਹਨ। ਮੌਜੂਦਾ ਸਮੇਂ ਭਾਰਤ ਅਤੇ ਪਾਕਿਸਤਾਨ ਦੇ ਹਾਲਾਤ ਬਹੁਤ ਨਾਜ਼ੁਕ ਮੋੜ 'ਤੇ ਹਨ ਫਿਰ ਵੀ ਕੁਝ ਮੀਡੀਆ ਅਦਾਰਿਆਂ ਵਲੋਂ ਆਪਣੀ ਟੀ.ਆਰ.ਪੀ. ਵਧਾਉਣ ਲਈ ਸਟੂਡੀਓ ਨੂੰ ਜੰਗ ਦਾ ਮੈਦਾਨ ਬਣਾਇਆ ਜਾ ਰਿਹਾ ਹੈ ਅਤੇ ਦੇਸ਼ ਦੀ ਸੁਰੱਖਿਆ ਸਥਿਤੀ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਾਰਗਿਲ ਯੁੱਧ, ਮੁੰਬਈ ਅੱਤਵਾਦੀ 26/11 ਹਮਲੇ, ਅਤੇ ਕੰਧਾਰ ਹਾਈਜੈਕਿੰਗ ਵਰਗੀਆਂ ਘਟਨਾਵਾਂ ਦੌਰਾਨ ਗੈਰ ਪ੍ਰਤੀਬੰਧਿਤ ਕਵਰੇਜ ਦੇ ਰਾਸ਼ਟਰੀ ਹਿੱਤਾਂ 'ਤੇ ਅਣਇੱਛਤ ਮਾੜੇ ਨਤੀਜੇ ਸਾਹਮਣੇ ਆਏ ਸਨ। ਮੁੰਬਈ ਹਮਲੇ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਹਮਲਾਵਰਾਂ ਲਈ ਮੀਡੀਆ ਦੀ ਬ੍ਰੇਕਿੰਗ ਨਿਊਜ਼ ਸਹਾਈ ਸਿੱਧ ਹੋਈ, ਕਿਉਂਕਿ ਉਨ੍ਹਾਂ ਦੇ ਕਮਾਂਡਰ ਹਮਲਾਵਰਾਂ ਨੂੰ ਟੈਲੀਵਿਜ਼ਨ ਤੋਂ ਲਾਈਵ ਦੇਖ ਕੇ ਕਥਿਤ ਹੁਕਮ ਦਿੰਦੇ ਰਹੇ।
-ਰਾਮ ਸਿੰਘ ਕਲਿਆਣ,
ਪਿੰਡ ਕਲਿਆਣ ਸੁੱਖਾ (ਬਠਿੰਡਾ)