25-05-2025
ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ...
ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 212
ਸੰਪਰਕ : 98726-02296
ਵਿਚਾਰ ਗੋਚਰੀ ਪੁਸਤਕ ਅਸਲੋਂ ਹੀ ਇਕ ਨਵੇਂ ਨਿਵੇਕਲੇ ਜਾਵੀਏ ਤੋਂ ਲਿਖੀ ਗਈ ਹੈ। ਜਗਤ ਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਪਰ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਅਤੇ ਬਹੁਪੱਖੀ ਲੇਖਕ ਵਰਿਆਮ ਸਿੰਘ ਸੰਧੂ ਨੇ ਜਿਸ ਅਨੋਖੇ ਢੰਗ ਨਾਲ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਰੋਲ-ਘਚੋਲੇ ਅਤੇ ਆਪਾਧਾਪੀ ਵਾਲੇ ਅਜੋਕੇ ਵਿਸ਼ਵ ਵਿਆਪੀ ਮਾਹੌਲ ਵਿਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉਤੇ ਚੱਲਣ ਦੀ ਲੋੜ ਨੂੰ ਉਜਾਗਰ ਕੀਤਾ ਹੈ, ਉਹ ਇਸ ਪੁਸਤਕ ਦਾ ਹਾਸਲ ਹੈ।
ਜਿਵੇਂ ਕਿ ਸਾਰੇ ਜਾਣਦੇ ਨੇ ਕਿ ਵਰਿਆਮ ਸਿੰਘ ਸੰਧੂ ਕੌਮਾਂਤਰੀ ਪ੍ਰਸਿੱਧੀ ਦੇ ਕਹਾਣੀਕਾਰ, ਆਲੋਚਕ, ਅਨੇਕਾਂ ਇਤਿਹਾਸਕ ਪੁਸਤਕਾਂ ਦੇ ਰਚੇਤਾ ਤਾਂ ਹਨ ਹੀ ਨਾਲ ਹੀ ਉਨ੍ਹਾਂ ਨੇ ਅੰਗਰੇਜ਼ੀ ਵਿਚ ਵੀ ਦਮਦਾਰ ਲੇਖਣੀ ਰਾਹੀਂ ਪਾਠਕਾਂ ਨੂੰ ਪ੍ਰਭਾਵਿਤ ਕੀਤਾ ਹੈ। ਨਾਲ-ਨਾਲ ਸ਼ਾਹਮੁਖੀ (ਲਹਿੰਦੇ ਪੰਜਾਬ ਦੀ ਲਿਪੀ) ਅਤੇ ਹਿੰਦੀ ਵਿਚ ਵੀ ਅੱਧੀ ਦਰਜਨ ਤੋਂ ਜ਼ਿਆਦਾ ਪੁਸਤਕਾਂ (ਅਨੁਵਾਦ ਅਤੇ ਸੰਪਾਦਨ ਸਮੇਤ) ਦੀ ਰਚਨਾ ਕਰਕੇ ਬਹੁ ਅਯਾਮੀ ਲੇਖਕ ਹੋਣ ਦਾ ਸ਼ਰਫ਼ ਹਾਸਲ ਕੀਤਾ ਹੈ।
ਗੁਰੂ ਨਾਨਕ ਦੇਵ ਜੀ ਬਾਰੇ ਇਸ ਪੁਸਤਕ ਵਿਚ 17 ਅਧਿਆਏ ਸ਼ਾਮਿਲ ਹਨ। ਪੁਸਤਕ ਦੇ ਆਰੰਭ ਵਿਚ 2 ਸਤਰਾਂ ਦੀ ਇਹ ਕਾਵਿਕ ਟੂਕ ਆਪਣੇ-ਆਪ ਵਿਚ ਬਹੁਤ ਕੁਝ ਕਹਿ ਗਈ ਹੈ।
ਬਾਬਾ! ਸਾਨੂੰ ਬਖ਼ਸ਼ ਲੈ,
ਹਮ ਪਾਪੀ ਵੱਡ-ਗੁਨਾਹਗਾਰ।
ਗੱਲੀਂ ਲਾਈਏ ਅੰਬਰੀਂ ਟਾਕੀ,
ਲੀਰ-ਲੀਰ ਕਿਰਦਾਰ।
ਇਹ ਕਾਵਿਕ ਟੂਕ ਸਾਡੇ ਦੋਹਰੇ ਕਿਰਦਾਰ ਦੇ ਪਾਜ ਉਘੇੜਦੀ ਹੈ। ਪੁਸਤਕ ਦਾ ਪਹਿਲਾ ਅਧਿਆਏ ਹੈ 'ਮੇਰਾ ਆਪਣਾ' ਗੁਰੂ ਨਾਨਕ। ਲਿਖਤ ਦੀ ਪੁਖਤਗੀ ਲਈ ਇਹ ਸਤਰਾਂ ਵੇਖੋ, 'ਗੁਰੂ ਨਾਨਕ ਮੇਰੇ ਲਈ ਕਿਸੇ ਅਸਮਾਨ ਵਿਚ ਬੈਠੀ ਹਸਤੀ ਦਾ ਨਾਂਅ ਨਹੀਂ, ਸਗੋਂ ਮੇਰੇ ਅੰਗ-ਸੰਗ ਵਿਚਰਦੀ, ਵਸਦੀ, ਸਾਹ ਲੈਂਦੀ, ਧੜਕਦੀ ਹਸਤੀ ਦਾ ਨਾਂਅ ਹੈ, ਜਿਸ ਦੀ ਮੇਰੇ ਸਿਰ 'ਤੇ ਸੰਘਣੀ ਛਾਂ ਹੈ। ਗੁਰੂ ਨਾਨਕ ਮੇਰੇ ਘਰ ਦਾ ਸਭ ਤੋਂ ਨੇੜਲਾ ਤੇ ਪਿਆਰਾ ਅਤੇ ਸਭ ਤੋਂ, ਸਭ ਤੋਂ ਸਭ ਤੋਂ ਵੱਡਾ ਜੀਅ ਹੈ।' (ਪੰਨਾ : 9)
ਅਸਲ ਵਿਚ ਇਸ ਪੁਸਤਕ ਦੀ ਰਚਨਾ ਲੇਖਕ ਵਲੋਂ ਆਪਣੇ ਪਹਿਲਾਂ ਲਿਖੇ ਇਕ ਲੇਖ 'ਤੇ ਆਧਾਰਿਤ ਹੈ। ਇਸ ਨੂੰ ਉਨ੍ਹਾਂ ਨੇ ਕਿਤਾਬੀ ਰੂਪ ਵਿਚ ਛਪਵਾਉਣ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਲੇਖਕ ਅਨੁਸਾਰ ਉਨ੍ਹਾਂ ਦੀ ਇਹ ਲਿਖਤ ਇਕ ਪ੍ਰੇਮ ਗੀਤ ਹੈ। 'ਹਿੰਦੁਸਤਾਨ' ਕਿ 'ਹਿੰਦੂਸਤਾਨ' ਸਿਰਲੇਖ ਹੇਠ ਅਧਿਆਏ ਦੀ ਖੂਬਸੂਰਤੀ ਵੇਖੋ, ਪਰ ਗੁਰੂ ਨਾਨਕ ਸਾਹਿਬ ਨੂੰ ਇਕੱਲਾ ਹਿੰਦੁਸਤਾਨ' ਹੀ ਨਹੀਂ ਸਾਰੀ ਧਰਤੀ ਹੀ ਆਪਣੀ ਦਿਸਦੀ ਸੀ। (ਪੰਨਾ : 14)
'ਕਿਛੁ ਸੁਣੀਐ, ਕਿਛੁ ਕਹੀਐ' ਦੀ ਸ਼ਾਨਦਾਰ ਸੰਵਾਦੀ ਪਰੰਪਰਾ ਨੂੰ ਗੁਰੂ ਸਾਹਿਬ ਨੇ ਸਥਾਪਿਤ ਕੀਤਾ। ਪੰਨਾ : 14)
ਇਸ ਤੋਂ ਅਗਲਾ ਅਧਿਆਏ ਹੈ-'ਸਿੱਖੀ ਵੀ ਵਪਾਰ ਬਣ ਗਈ', ਇਸ ਅਧਿਆਏ ਦੀ ਖਾਸ ਗੱਲ ਇਹ ਹੈ ਕਿ ਲੇਖਕ ਅਨੁਸਾਰ ਪੁਰਤਗਾਲ ਦਾ ਯਾਤਰੀ ਵਾਸਕੋਡੇ-ਗਾਮਾ 1460 ਵਿਚ ਜੰਮਦਾ ਹੈ ਤੇ ਗੁਰੂ ਜੀ ਦਾ ਪ੍ਰਕਾਸ਼ 1469 ਵਿਚ ਹੁੰਦਾ ਹੈ। ਦੋਵੇਂ ਅੱਗੜ-ਪਿੱਛੜ ਸੰਸਾਰ ਯਾਤਰਾਵਾਂ 'ਤੇ ਨਿਕਲਦੇ ਹਨ। ਦੋਵਾਂ ਨੇ ਭਾਰਤ ਸਮੇਤ ਪਦ-ਯਾਤਰਾਵਾਂ ਕੀਤੀਆਂ ਪਰ ਮਕਸਦ ਦੋਵਾਂ ਦੇ ਮੂਲੋਂ ਹੀ ਵੱਖਰੇ ਹਨ। ਇਕ ਨੇ ਕੇਵਲ ਤੇ ਕੇਵਲ ਆਪਣੇ ਭਲੇ ਦੀ ਅਤੇ ਦੂਜੇ ਨੇ 'ਸਰਬੱਤ ਦੇ ਭਲੇ' ਦੀ ਖ਼ੈਰ ਸੁੱਖ ਮੰਗੀ। ਅਸਲ ਵਿਚ ਇਹ ਦੋ ਵਿਰੋਧੀ ਵਿਚਾਰ ਧਾਰਾਵਾਂ ਦੀ ਟੱਕਰ ਸੀ। ਦੁੱਖ ਦੀ ਗੱਲ ਹੈ ਕਿ ਗੁਰੂ ਨਾਨਕ ਨੂੰ 'ਆਪਣਾ ਗੁਰੂ' ਆਖਣ ਵਾਲੇ ਸਿੱਖਾਂ ਦੀ ਸਿੱਖੀ (ਗੁਰੂ ਨਾਨਕ ਦੀ ਸਿੱਖੀ ਨਹੀਂ) ਵੀ ਅੰਤਰਰਾਸ਼ਟਰੀ ਗੇੜਾ ਕੱਢ ਕੇ ਹੁਣ ਵਾਰ ਹੀ ਤਾਂ ਬਣ ਗਈ ਹੈ। ਮੇਰੀ ਜਾਚੇ ਏਡੀ ਕੌੜੀ ਸੱਚਾਈ ਨੂੰ ਸਿਰਫ਼ ਵਰਿਆਮ ਸਿੰਘ ਸੰਧੂ ਵਰਗੇ ਪ੍ਰਤੀਬੱਧ ਲੇਖਕ ਹੀ ਏਨੀ ਬੇਬਾਕੀ ਨਾਲ ਬਿਆਨ ਕਰ ਸਕਦੇ ਹਨ। ਪੁਸਤਕ ਦੇ ਹੋਰ ਅਧਿਆਏ ਹਨ-ਅਸਮਾਨ ਦਾ ਨਹੀਂ ਧਰਤੀ ਦਾ ਫਲਸਫਾ, ਏਕ ਜੋਤਿ-ਦੋਇ ਮੂਰਤੀ (ਪੰਨਾ 38 ਤੋਂ 43 ਤੱਕ) ਨਵੇਂ ਮਨੁੱਖ ਦੀ ਘਾੜਤ (ਪੰਨਾ 44 ਤੋਂ 55 ਤੱਕ), ਗੁਰੂ ਸਾਹਿਬ ਨੇ ਆਪਣੇ-ਆਪ ਨੂੰ ਇਨਸਾਨ ਜਾਂ ਆਦਮੀ ਕਹਿ ਕੇ ਲੋਕਾਂ ਨੂੰ ਅਪਣੱਤ ਅਤੇ ਪਿਆਰ ਦੇ ਰਿਸ਼ਤੇ ਵਿਚ ਬੰਨ੍ਹ ਲਿਆ। ਖੋਜੀ ਉਪਜੈ ਬਾਦੀ ਬਿਨਸੈ (ਪੰਨਾ 56 ਤੋਂ 66 ਤੱਕ), ਮੇਰਾ ਨਾਨਕ ਇਕੱਲਾ ਰਹਿ ਗਿਆ ਹੈ (ਪੰਨਾ 67 ਤੋਂ 79 ਤੱਕ), ਇਹ ਅਧਿਆਏ ਰਬਾਬੀ ਭਾਈ ਮਰਦਾਨਾ ਅਤੇ ਗੁਰੂ ਸਾਹਿਬ ਦੀ ਲੰਮੇਰੀ ਸਾਂਝ ਨੂੰ ਸਮਰਪਿਤ ਹੈ। ਲੇਖਕ ਨੂੰ ਇਸ ਗੱਲ ਦਾ ਅੰਤ੍ਰੀਵ ਦੁੱਖ ਹੈ ਕਿ ਜਿਸ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨਾਲ 58 ਸਾਲ ਤੋਂ ਵੱਧ ਸਮਾਂ ਵਿਚਰ ਕੇ ਰਬਾਬ ਛੇੜਦਿਆਂ ਕੀਰਤਨ ਦੀ ਛਹਿਬਰ ਲਾਈ, ਅੱਜ ਬੜੇ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਰਬਾਬੀ ਬੰਸ ਵਿਚੋਂ ਗੁਰੂ ਕੇ ਰਬਾਬੀਆਂ ਨੂੰ ਕੁਝ ਸੌੜੀ ਸੋਚਣੀ ਵਾਲੇ ਲੋਕਾਂ ਵਲੋਂ ਅੱਖੋਂ ਓਹਲੇ ਕੀਤਾ ਜਾ ਰਿਹਾ ਹੈ। 'ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ' (ਪੰਨਾ 80 ਤੋਂ 89 ਤੱਕ), 'ਦਿੱਖ ਅਤੇ ਤੱਤ ਦਾ ਫਰਕ', ਲੇਖਕ ਨੂੰ ਇਸ ਗੱਲ ਦਾ ਦੁੱਖ ਹੈ ਕਿ ਅੱਜ ਬਾਹਰੀ ਦਿੱਖ ਨੂੰ ਹੀ ਸਭ ਕੁਝ ਮੰਨ ਲਿਆ ਗਿਆ ਹੈ ਅਤੇ ਬਾਣੀ ਭੁਲਾ ਦਿੱਤੀ ਗਈ ਹੈ। (ਪੰਨਾ 90) 'ਕਰਾਮਾਤੀ' ਗੁਰੂ ਨਾਨਕ (ਪੰਨਾ 100 ਤੋਂ 118)। ਲੇਖਕ ਦਾ ਵਿਚਾਰ ਹੈ ਕਿ ਸਾਡੇ ਸਾਖੀਕਾਰਾਂ ਨੇ ਗੁਰੂ ਸਾਹਿਬ ਨਾਲ ਕਰਾਮਾਤਾਂ ਜੋੜ ਕੇ ਸਿੱਖ-ਮਾਨਸ ਨਾਲ ਕਹਿਰ ਹੀ ਤਾਂ ਕੀਤਾ ਹੈ (ਪੰਨਾ 118)। ਗੁਰੂ ਨਾਨਕ ਦੀਆਂ ਪੈੜਾਂ ਤੇ ਤੁਰਦਿਆਂ (ਪੰਨਾ 119 ਤੋਂ 130 ਤੱਕ)। 'ਫਿਰਿ ਬਾਬਾ ਆਇਆ ਕਰਤਾਰ ਪੁਰਿ' (ਪੰਨਾ 131 ਤੋਂ 163 ਤੱਕ)। ਇਸ ਪੁਸਤਕ ਦਾ ਇਕ ਬਹੁਤ ਹੀ ਮਹੱਤਵਪੂਰਨ ਲੇਖ ਹੈ 'ਕਿਸਾਨੀ ਸੰਘਰਸ਼ ਅਤੇ ਗੁਰੂ ਨਾਨਕ' (ਪੰਨਾ : 164 ਤੋਂ 179 ਤੱਕ) ਵਿਦਵਾਨ ਲੇਖਕ ਦਾ ਮਤ ਹੈ ਕਿ ਆਖਿਰਕਾਰ ਗੁਰੂ ਸਾਹਿਬ ਦੀ ਬਖ਼ਸ਼ੀ 'ਸੰਵਾਦੀ ਕਰਾਮਾਤ' ਨੇ ਹੀ ਅੰਦੋਲਨ ਨੂੰ ਫਤਹਿ ਦਿਵਾਈ। ਇਸ ਅਧਿਆਏ ਵਿਚ ਕਿਸਾਨੀ ਸੰਘਰਸ਼ ਵੇਲੇ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਸੰਬੰਧੀ ਲਿਖੀਆਂ ਸੈਂਕੜੇ ਕਵਿਤਾਵਾਂ ਅਤੇ ਗੀਤਾਂ ਵਿਚੋਂ ਕੁਝ ਦਰਜ ਕੀਤੇ ਗਏ ਹਨ। 'ਗੁਰਮਤਿ ਦਾ ਰੱਬ' (ਪੰਨਾ 180 ਤੋਂ 187 ਤੱਕ)। ਪੰਜਾਬੀ ਸਾਹਿਤ ਵਿਚ ਨਾਨਕਤਵ (ਪੰਨਾ 188 ਤੋਂ 206 ਤੱਕ)। 'ਮੁਕਦੀ ਗੱਲ' ਇਸ ਲਾਜਵਾਬ ਪੁਸਤਕ ਦਾ ਅੰਤਿਮ ਅਧਿਆਏ ਹੈ। ਇਸ ਅੰਤਲੇ ਅਧਿਆਏ ਦੀਆਂ ਇਹ ਸਤਰਾਂ ਸਾਡਾ ਸਭ ਦਾ ਧਿਆਨ ਮੰਗਦੀਆਂ ਹਨ। 'ਸਾਡਾ ਗੁਰੂ ਪਾਤਸ਼ਾਹ ਕਿਥੇ ਰਹਿੰਦਾ ਹੈ?' ਉਹ ਸਾਡੀਆਂ ਅੱਖਾਂ ਵਿਚ ਰੌਸ਼ਨੀ ਬਣ ਕੇ ਟਿਕ ਗਿਆ ਹੈ। (ਪੰਨਾ 212)।
ਇਸ ਪੁਸਤਕ ਦੇ ਹਰ ਅਧਿਆਏ ਵਿਚ ਗੁਰਬਾਣੀ ਦੇ ਢੁਕਵੇਂ ਪ੍ਰਮਾਣਾਂ ਦੇ ਨਾਲ-ਨਾਲ ਗਿਆਨੀ ਸੋਹਣ ਸਿੰਘ ਸੀਤਲ, 'ਪ੍ਰੋ. ਮੋਹਨ ਸਿੰਘ, ਰਬਿੰਦਰ ਨਾਥ ਟੈਗੋਰ, ਗਿਆਨੀ ਕੇਹਰ ਸਿੰਘ ਵੈਰਾਗੀ, ਸਰ ਮੁਹੰਮਦ ਇਕਬਾਲ, ਬਾਬੂ ਫਿਰੋਜ਼ਦੀਨ ਸ਼ਰਫ, ਡਾ. ਹਰਿਭਜਨ ਸਿੰਘ, ਭਾਈਆ ਈਸ਼ਰ ਸਿੰਘ, ਬਾਬਾ ਫਰੀਦ ਸਾਹਿਬ, ਭਾਈ ਜੋਧ ਸਿੰਘ, ਸੁਰਜੀਤ ਪਾਤਰ ਅਤੇ ਲਾਲਾ ਧਨੀ ਰਾਮ ਚਾਤ੍ਰਿਕ ਦੇ ਕਥਨਾਂ ਅਤੇ ਲਿਖਤਾਂ ਦੇ ਹਵਾਲੇ ਵੀ ਦਿੱਤੇ ਗਏ ਹਨ, ਜਿਹੜੇ ਇਸ ਪੁਸਤਕ ਨੂੰ ਹੋਰ ਵੀ ਰੌਚਕ ਬਣਾਉਂਦੇ ਹਨ।
ਮੇਰੀ ਦਿਲੀ ਇੱਛਾ ਹੈ ਕਿ ਗੁਰੂ ਨਾਨਕ ਜੀ ਦੇ ਫਲਸਫੇ ਨੂੰ ਜਾਨਣ ਦੀ ਲੋਚਾ ਰੱਖਣ ਵਾਲੇ ਹਰ ਵਿਅਕਤੀ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਗੁਰੂ ਪਾਤਸ਼ਾਹ ਵਰਿਆਮ ਸਿੰਘ ਸੰਧੂ ਦੀ ਘਾਲਣਾ ਥਾਏਂ ਪਾਵੇ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਸੁਪਨਿਆਂ ਦਾ ਘਰ ਦੇ ਬਾਨੀ ਸ. ਗੁਰਪ੍ਰੀਤ ਸਿੰਘ
ਲੇਖਿਕਾ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 98141-45047
ਇਸ ਪੁਸਤਕ ਵਿਚ 14 ਅਧਿਆਏ ਹਨ, ਜਿਨ੍ਹਾਂ ਵਿਚ ਸਮਾਜਸੇਵੀ, ਇਨਸਾਨੀਅਤ ਦੇ ਹਾਮੀ, ਮਨੁੱਖਤਾ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਉਸ ਦੇ ਜੀਵਨ ਤੋਂ ਲੈ ਕੇ ਪਰਿਵਾਰ ਤੇ ਹੋਰ ਸਮਾਜ ਸੇਵਾ ਦੀਆਂ ਸਮੁੱਚੀਆਂ ਸੇਵਾਵਾਂ ਬਾਰੇ ਦੱਸਿਆ ਗਿਆ ਹੈ। ਮੈਂ ਇਸ ਪੁਸਤਕ ਦੀ ਸਮੀਖਿਆ ਕਰਨ ਲਈ ਦੋ ਵਾਰ ਇਸ ਨੂੰ ਬੜੀ ਗਹੁ ਨਾਲ ਪੜ੍ਹਿਆ ਅਤੇ ਮੇਰੀ ਕਲਮ ਮੈਨੂੰ ਵਾਰ-ਵਾਰ ਕਈ ਤਰ੍ਹਾਂ ਦੇ ਸਵਾਲ ਕਰ ਰਹੀ ਸੀ। ਮੈਂ ਸੋਚ ਰਿਹਾ ਸੀ ਕਿ ਇਸ ਮਹਾਨ ਆਤਮਾ ਬਾਰੇ ਮੇਰੇ ਲਿਖੇ ਸ਼ਬਦ ਕਿਤੇ ਫ਼ਿੱਕੇ ਨਾ ਪੈ ਜਾਣ। ਇਸ ਪੁਸਤਕ ਦੀ ਲੇਖਿਕਾ ਹੰਢੀ-ਵਰਤੀ ਲੇਖਿਕਾ ਹੈ ਅਤੇ ਇਨ੍ਹਾਂ ਨੇ ਸਾਹਿਤ ਦੀਆਂ ਅਨੇਕਾਂ ਵਿਧਾਵਾਂ 'ਤੇ ਹੱਥ ਅਜ਼ਮਾਇਆ ਹੋਇਆ ਅਤੇ ਇਸ ਪੁਸਤਕ ਵਿਚ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਗੁਰਪ੍ਰੀਤ ਸਿੰਘ ਬਾਰੇ ਜਿਸ ਤਰ੍ਹਾ ੰਤਰਤੀਬਵਾਰ ਲਿਖਿਆ ਹੈ, ਉਸ ਦੀ ਸ਼ਲਾਘਾ ਕਰਨ ਲਈ ਸ਼ਬਦ ਵੀ ਨਹੀਂ ਮਿਲ ਰਹੇ। ਲੇਖਿਕਾ ਨੇ ਜੋ ਵੀ ਇਸ ਪੁਸਤਕ ਵਿਚ ਜਾਣਕਾਰੀ ਦਿੱਤੀ ਹੈ, ਉਸ ਨੂੰ ਖੁੱਭ ਕੇ ਲਿਖਿਆ ਹੈ। ਪੁਸਤਕ ਵਿਚਾਲੇ ਸਾਰੇ ਅਧਿਆਏ ਵਿਚ ਸੁਪਨਿਆਂ ਦੇ ਘਰ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਦੇ ਕੇ ਬਹੁਤ ਹੀ ਵਧੀਆ ਕਾਰਜ ਕੀਤਾ ਹੈ ਤਾਂ ਕਿ ਲੋਕ ਜਾਣ ਸਕਣ ਕਿ ਕਿਸ ਤਰ੍ਹਾਂ ਇਨਸਾਨੀਅਤ ਦੀ ਸੇਵਾ ਕੀਤੀ ਜਾਂਦੀ ਹੈ। ਪੁਸਤਕ ਵਿਚ ਕਈ ਥਾਵਾਂ 'ਤੇ ਰੰਗੀਨ ਫੋਟੋਆਂ ਵੀ ਦਿੱਤੀਆਂ ਗਈਆਂ ਹਨ ਜੋ ਕਿ ਆਪਣੇ ਮੂਹੋਂ ਬੋਲਦੀਆਂ ਹਨ ਅਤੇ ਕਿਸੇ ਕਿਸਮ ਦੀ ਜਾਣਕਾਰੀ ਦੀਆਂ ਮੁਥਾਜ ਨਹੀਂ। ਜਿਵੇਂ ਕਿ ਪੁਸਤਕ ਵਿਚ ਹੀ ਦੱਸਿਆ ਗਿਆ ਹੈ ਕਿ ਸੇਵਾ ਤਨ, ਮਨ ਤੇ ਧਨ ਨਾਲ ਤਿੰਨ ਤਰ੍ਹਾਂ ਦੀ ਹੁੰਦੀ ਹੈ ਪ੍ਰੰਤੂ ਸੁਪਨਿਆਂ ਦੇ ਘਰ ਵਿਚ ਇਹ ਤਿੰਨੇ ਹੀ ਕਿਸਮ ਦੀ ਸੇਵਾ ਕੀਤੀ ਜਾ ਰਹੀ ਹੈ। ਪੁਸਤਕ ਵਿਚ ਉਨ੍ਹਾਂ ਲੋਕਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ, ਜਿਨ੍ਹਾਂ ਨੂੰ ਇਸ ਘਰ ਵਿਚ ਕਿਸ ਹਾਲਤ ਵਿਚ ਲਿਆਂਦਾ ਗਿਆ ਸੀ, ਉਨ੍ਹਾਂ ਦਾ ਨਾਂਅ ਤੇ ਸਥਾਨ ਦਾ ਵੀ ਜ਼ਿਕਰ ਕੀਤਾ ਹੋਇਆ ਹੈ। ਜਿਥੇ ਵੀ ਕੋਈ ਬੇਸਹਾਰਾ, ਬਿਮਾਰੀ ਦੇ ਨਾਲ ਪੀੜਤ ਵਿਅਕਤੀ ਦਾ ਇਸ ਸੰਸਥਾ ਨੂੰ ਪਤਾ ਲਗਦਾ ਹੈ ਤਾਂ ਇਥੋਂ ਦੀ ਟੀਮ ਆਪ ਉਸ ਨੂੰ ਇਸ ਘਰ ਵਿਚ ਲਿਆ ਕੇ ਇਲਾਜ ਕਰਦੀ ਹੈ। ਇਸ ਇਨਸਾਨੀਅਤ ਦੇ ਘਰ ਵਿਚ ਸਾਰੀਆਂ ਸਹੂਲਤਾਂ ਹਨ ਅਤੇ ਮਰੀਜ਼ ਠੀਕ ਹੋ ਕੇ ਵੀ ਆਪਣੇ ਘਰਾਂ ਨੂੰ ਪਰਤ ਰਹੇ ਹਨ। ਸਦਕੇ ਜਾਈਏ ਗੁਰਪ੍ਰੀਤ ਸਿੰਘ ਦੇ ਜਿਨ੍ਹਾਂ ਨੇ ਭਗਤ ਪੂਰਨ ਸਿੰਘ ਦੇ ਪੂਰਨਿਆਂ 'ਤੇ ਚਲਦੇ ਹੋਏ ਮਨੁੱਖਤਾ ਦੀ ਸੇਵਾ ਕਰਦੇ ਹੋਏ ਇਸ ਕਾਰਜ ਨੂੰ ਤਨ, ਮਨ, ਧਨ ਦੇ ਨਾਲ ਸੰਭਾਲਿਆ ਹੋਇਆ ਹੈ।
-ਡਾ. ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990
ਭਾਂਬੜ
ਸ਼ਾਇਰ : ਸਾਦਿਕ ਤਖਤੂਪੁਰੀਆ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 99151-41606
ਸ਼ਾਇਰੀ ਦੀ ਇਸ ਪੁਸਤਕ ਵਿਚ ਜ਼ਿੰਦਗੀ ਦੇ ਕਈ ਰੰਗ ਵਿਦਮਾਨ ਹਨ। ਸਮਾਜਿਕ, ਇਲਾਹੀ, ਵਤਨ ਦੇ ਪਿਆਰ ਅਤੇ ਇਸ਼ਕ ਦੇ ਰੰਗਾਂ ਨਾਲ ਮਹਿਕਦੀਆਂ ਇਨ੍ਹਾਂ ਕਵਿਤਾਵਾਂ ਦੀਆਂ ਕੁਝ ਝਲਕਾਂ ਪੇਸ਼ ਹਨ:
-ਸ਼ੁੱਧ ਪੰਜਾਬੀ ਵੀ ਜਿਨ੍ਹਾਂ ਨੂੰ ਆਉਂਦੀ ਲਿਖਣੀ ਪੜ੍ਹਨੀ ਨਹੀਂ
ਬਣ ਕੇ ਬਗਲੇ ਅਰਥਾਂ ਤੋਂ ਕੀ ਕਰਨ ਅਨਰਥ ਓ ਚੰਡੀ ਦੇ।
-ਚਲੋ ਮਿੱਟੀ ਫਰੋਲੀਏ ਪਿੰਡ ਦੀ ਖ਼ਬਰੇ ਨਾਲ ਕੁਝ ਲੱਭ ਜਾਵਣ।
ਦੱਬੇ ਇਸ ਦੀ ਜੋ ਕੁੱਖ ਹੀਰੇ, ਨਾ ਗੁਮਨਾਮ ਕਿਤੇ ਤੁਰ ਜਾਵਣ।
-ਜ਼ਿੰਮੇਵਾਰ ਹੈ ਖ਼ੁਦ ਇਨਸਾਨ ਕੀਤੀ ਹਰ ਤਬਾਹੀ ਦਾ।
ਨਹੀਂ ਪਰ ਦੋਸ਼ ਸੱਜਣਾ ਕੁਦਰਤ 'ਤੇ ਲਾਈਦਾ।
-ਗ਼ਲਤੀਆਂ ਨੂੰ ਕੱਜਦਾ, ਰਹਿਮਤਾਂ ਨੇ ਤੇਰੀਆਂ,
ਤਾਰਿਆਂ ਤੋਂ ਵੱਧ ਮੌਲਾ, ਨੇ ਖਤਾਵਾਂ ਮੇਰੀਆਂ।
-ਐ ਜ਼ਿੰਦਗੀ ਅਸੀਂ ਤੈਨੂੰ ਅੱਜ ਹੀ ਜਿਊਣ ਲੱਗੇ ਹਾਂ।
ਬਿਰਖ ਬਣ ਧਰਤੀ ਦੀ ਹਿੱਕ 'ਚੋਂ ਬਾਹਰ ਆਉਣ ਲੱਗੇ ਹਾਂ।
-ਬੇਦੋਸ਼ੇ ਤੇ ਮਜਲੂਮਾਂ ਲਈ ਕਲਮ ਇਕ ਢਾਲ ਬਣਦੀ ਏ,
ਜ਼ਾਲਮਾਂ ਤੇ ਹਤਿਆਰਿਆਂ ਲਈ ਕਲਮ ਹਥਿਆਰ ਬਣਦੀ ਏ।
ਜਿਹਨੇ ਤਲਵਾਰ ਦੇ ਦਮ 'ਤੇ, ਝੁਕਾਇਆ ਸਾਰੀ ਦੁਨੀਆ ਨੂੰ,
ਜ਼ਫ਼ਰਨਾਮਾ ਬਣ ਉਸ ਦੀ ਮੌਤ ਦਾ ਸਵਾਲ ਬਣਦੀ ਏ।
ਸ਼ਾਇਰ ਨੇ ਆਪਣੇ ਜਜ਼ਬਿਆਂ ਦੀ ਪੇਸ਼ਕਾਰੀ ਬਹੁਤ ਸ਼ਿੱਦਤ ਨਾਲ ਕੀਤੀ ਹੈ। ਇਸ ਖ਼ੂਬਸੂਰਤ ਕਾਵਿ-ਸੰਗ੍ਰਹਿ ਦਾ ਭਰਪੂਰ ਸੁਆਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਬੋਲ ਮਿੱਟੀ ਦਿਆ ਬਾਵਿਆ
(ਭਾਗ ਪਹਿਲਾ)
ਲੇਖਕ : ਡਾ. ਨਰੇਸ਼
ਪ੍ਰਕਾਸ਼ਕ : ਨਵਯੁੱਗ ਪਬਲੀਸ਼ਰ, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 313
ਸੰਪਰਕ : 011-26802488
ਡਾ. ਨਰੇਸ਼ ਉਰਦੂ, ਹਿੰਦੀ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੰਸਕ੍ਰਿਤੀ ਦੇ ਖੋਜੀ ਲੇਖਕ, ਗਲਪਕਾਰ ਅਤੇ ਸਮੀਖਿਅਕ ਹਨ। ਉਨ੍ਹਾਂ ਦੀਆਂ ਲਿਖਤਾਂ ਵਿਚ ਅਨੁਭਵ ਦੀ ਵਿਸ਼ਾਲਤਾ ਦੇ ਨਾਲ-ਨਾਲ ਖੋਜ, ਚਿੰਤਨ, ਵਿਦਵਤਾ, ਦਰਸ਼ਨ ਅਤੇ ਭਾਵੁਕਤਾ ਦੇ ਅਨੇਕਾਂ ਰੰਗ ਮਿਲਦੇ ਹਨ। ਤਿੰਨ ਭਾਸ਼ਾਵਾਂ ਵਿਚ ਵਿਚਰਨ ਵਾਲੇ ਡਾ. ਨਰੇਸ਼ ਦੀ ਕਲਮ ਨੇ ਕਹਾਣੀ, ਨਾਵਲ, ਇਕਾਂਗੀ, ਆਲੋਚਨਾ ਅਤੇ ਵਾਰਤਕਕਾਰੀ ਦੇ ਖੇਤਰ ਵਿਚ ਚੋਖਾ ਨਾਂਅ ਕਮਾਇਆ ਹੈ। ਵਿਚਾਰ ਅਧੀਨ ਪੁਸਤਕ ਵੀ ਡਾ. ਨਰੇਸ਼ ਦੀ ਭਾਸ਼ਾ, ਸਾਹਿਤ, ਸੰਸਕ੍ਰਿਤੀ, ਇਤਿਹਾਸ, ਦਰਸ਼ਨ ਆਦਿ ਵਿਸ਼ਿਆਂ ਬਾਰੇ ਸੰਖੇਪਤਾ ਤੇ ਸੰਜਮਤਾ ਨਾਲ ਲਿਖੀਆਂ ਰਚਨਾਵਾਂ ਦਾ ਸੰਗ੍ਰਿਹ ਹੈ। ਪੁਸਤਕ ਨੂੰ ਛੇ ਹਿੱਸਿਆਂ ਵਿਚ ਵੰਡ ਕੇ ਲੇਖਕ ਨੇ ਪਹਿਲੇ ਭਾਗ ਵਿਚ ਇਤਿਹਾਸ ਦਰਪਣ ਦੇ ਸਿਰਲੇਖ ਅਧੀਨ ਭਾਰਤ ਤੇ ਪੰਜਾਬ ਦੇ ਇਤਿਹਾਸ ਨਾਲ ਜੁੜੇ ਅਹਿਮ ਪ੍ਰਸੰਗਾਂ ਤੇ ਘਟਨਾਵਾਂ ਬਾਰੇ ਆਪਣਾ ਤਬਸਰਾ ਪੇਸ਼ ਕੀਤਾ ਹੈ। ਇਹ ਤਬਸਰਾ ਖੋਜੀ ਨੀਝ ਵਾਲਾ ਹੋਣ ਕਰਕੇ ਆਪਣੀ ਸੰਜਮ ਸ਼ੈਲੀ ਤੇ ਸੰਖੇਪਤਾ ਦੁਆਰਾ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਹੈ। ਦੂਜੇ ਭਾਗ ਵਿਚ ਵਿਅਕਤੀ ਵਿਸ਼ੇਸ਼ ਸਿਰਲੇਖ ਅਧੀਨ ਹਿੰਦੂ, ਸਿੱਖ, ਇਸਲਾਮ ਵਰਗੇ ਧਰਮਾਂ ਨਾਲ ਜੁੜੇ ਇਤਿਹਾਸਕ ਮਿਥਹਾਸਕ ਪਾਤਰਾਂ ਦੇ ਜੀਵਨ ਵੇਰਵੇ ਨਸ਼ਰ ਕੀਤੇ ਹਨ। ਕਿੱਸਾ ਕਾਵਿ, ਸੂਫੀ ਕਾਵਿ, ਵਾਰ ਕਾਵਿ ਅਤੇ ਗੁਰਮਤਿ ਚਿੰਤਨ ਨਾਲ ਜੁੜੇ ਪਾਤਰਾਂ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਨੇ ਸੰਬੰਧਿਤ ਲਹਿਰ ਦੇ ਦਾਰਸ਼ਨਿਕ ਪਿਛੋਕੜ ਬਾਰੇ ਵੀ ਚਿੰਤਨ ਕੀਤਾ ਹੈ। ਤੀਜੇ ਹਿੱਸੇ ਵਿਚ ਦੇਸ਼ ਦੀ ਆਜ਼ਾਦੀ ਵਿਚ ਜੱਦੋ-ਜਹਿਦ ਕਰਨ ਵਾਲੀਆਂ ਤਹਿਰੀਕਾਂ ਦੇ ਵਿਚਾਰਾਂ ਦੀ ਰੌਸ਼ਨੀ ਵਿਚ ਆਪਣਾ ਆਪ ਕੁਰਬਾਨ ਕਰਨ ਵਾਲੇ ਸੁਤੰਤਰਤਾ ਸੰਗਰਾਮੀਆਂ ਦੇ ਸੰਘਰਸ਼ ਦੀ ਦਾਸਤਾਨ ਪੇਸ਼ ਕਰਦਾ ਹੈ। ਭਾਸ਼ਾ ਵਿਮਰਸ਼ ਅਤੇ ਸਾਹਿਤ ਸਾਹਿਤਕਾਰ ਵਾਲੇ ਅਧਿਆਏ ਵਿਚ ਸੰਸਕ੍ਰਿਤ, ਉਰਦੂ, ਹਿੰਦੀ, ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀ ਹੋਂਦ ਸਮੇਤ ਇਨ੍ਹਾਂ ਭਾਸ਼ਾਵਾਂ ਵਿਚ ਲਿਖੇ ਗਏ ਸਾਹਿਤ ਬਾਰੇ ਗੰਭੀਰ ਚਿੰਤਨ ਕੀਤਾ ਮਿਲਦਾ ਹੈ। ਆਖਰੀ ਹਿੱਸੇ ਵਿਚ ਲੇਖਕ ਨੇ ਬਨਸਪਤੀ, ਕੁਦਰਤ ਤੇ ਮਾਹੌਲ ਦੇ ਪ੍ਰਸੰਗ ਵਿਚ ਸਿਹਤ ਵਿਗਿਆਨ ਨਾਲ ਜੁੜੇ ਨੁਕਤੇ ਸਾਂਝੇ ਕੀਤੇ ਹਨ।
ਕੁੱਲ ਮਿਲਾ ਕੇ ਇਹ ਪੁਸਤਕ ਭਾਸ਼ਾ, ਕਲਾ, ਸਾਹਿਤ, ਇਤਿਹਾਸ ਅਤੇ ਦਰਸ਼ਨ ਦੇ ਵਿਦਿਆਰਥੀਆਂ ਲਈ ਸਾਂਭਣਯੋਗ ਰਚਨਾ ਹੈ ਜਿਸ ਦੇ ਲਘੂ ਲੇਖ ਪਾਠਕਾਂ ਨੂੰ ਸੰਬੰਧਿਤ ਵਿਸ਼ੇ ਦੀਆਂ ਹੋਰ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨ ਦੇ ਸਮਰੱਥ ਹਨ। ਚੰਗੀ ਪੁਸਤਕ ਦਾ ਇਹ ਪਛਾਣ ਚਿੰਨ੍ਹ ਹੁੰਦਾ ਹੈ ਕਿ ਉਹ ਹੋਰ ਕਿਤਾਬਾਂ ਪੜ੍ਹਨ ਲਈ ਪਾਠਕਾਂ ਦੀ ਜਗਿਆਸਾ ਵਧਾਉਂਦੀ ਹੈ। ਡਾ. ਨਰੇਸ਼ ਦੀ ਇਹ ਪੁਸਤਕ ਵੀ ਇਸੇ ਸ਼੍ਰੇਣੀ ਦੀ ਹੈ ਜਿਸਦਾ ਪੰਜਾਬੀ ਸਾਹਿਤ ਸੰਸਾਰ ਵਿਚ ਨਿੱਘਾ ਸਵਾਗਤ ਹੈ।
-ਡਾ. ਜੇ. ਬੀ. ਸੇਖੋਂ
ਮੋਬਾਈਲ : 84370-89769
ਪੰਜਾਬੀ ਪਿੰਗਲ
ਲੇਖਕ : ਡਾ. ਜਸਵੰਤ ਬੇਗੋਵਾਲ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 350 ਰੁਪਏ, ਸਫ਼ੇ : 224
ਸੰਪਰਕ : 98729-91780
ਕਵਿਤਾ ਵਿਚ ਲੈਅ ਤੇ ਸੰਗੀਤਆਤਮਿਕਤਾ ਜ਼ਰੂਰੀ ਮੰਨੀ ਗਈ ਹੈ ਅਤੇ ਇਨ੍ਹਾਂ ਬਿਨਾਂ ਕਵਿਤਾ ਵੀ ਵਾਰਤਕ ਤੁੱਲ ਹੈ। ਕਵਿਤਾ ਲਿਖਣ ਦਾ ਹੁਨਰ ਪਰਪੱਕ ਕਰਨ ਲਈ ਕਵਿਤਾ ਵਿਧਾਨ ਦਾ ਅਧਿਐਨ ਜ਼ਰੂਰੀ ਹੈ। ਸ਼ਾਇਰੀ ਦਾ ਭਾਰਤੀ ਛੰਦ ਸ਼ਾਸਤਰ ਪਿੰਗਲ ਸਭ ਤੋਂ ਜ਼ਿਆਦਾ ਪੁਰਾਤਨ ਮੰਨਿਆ ਜਾਂਦਾ ਹੈ। ਸ. ਜੋਗਿੰਦਰ ਸਿੰਘ ਦੀ ਪੁਸਤਕ 'ਪਿੰਗਲ ਤੇ ਅਰੂਜ਼' ਨੂੰ ਵਧੇਰੇ ਭਰੋਸੇਯੋਗ ਮੰਨਿਆਂ ਜਾਂਦਾ ਹੈ, ਮੇਰੀ ਜਾਚੇ ਇਸ ਤੋਂ ਬਾਅਦ ਛੰਦ ਸ਼ਾਸ਼ਤਰ ਬਾਰੇ ਛਪੀ ਜਸਵੰਤ ਬੇਗੋਵਾਲ ਦੀ ਪੁਸਤਕ 'ਪੰਜਾਬੀ ਪਿੰਗਲ' ਵੀ ਓਨੀ ਹੀ ਮਹੱਤਵਪੂਰਨ ਹੈ। ਇਸ ਪੁਸਤਕ ਵਿਚ ਪਿੰਗਲ-ਸ਼ਾਸਤਰ ਦਾ ਇਤਿਹਾਸ ਵੀ ਵਿਸਤਰਤ ਢੰਗ ਨਾਲ ਦਿੱਤਾ ਗਿਆ ਹੈ। 'ਪੰਜਾਬੀ ਪਿੰਗਲ' ਨੂੰ ਸਤਾਰਾਂ ਖੰਡਾਂ ਵਿਚ ਵਿਚ ਵੰਡਿਆ ਗਿਆ ਹੈ ਤੇ ਹਰ ਬਿੰਦੂ ਦੇ ਵਿਸਥਾਰ ਲਈ ਉੱਪ-ਖੰਡ ਬਣਾਏ ਗਏ ਹਨ। ਪਿੰਗਲ ਦੇ ਇਤਿਹਾਸ ਦੀ ਜਾਣਕਾਰੀ ਦਿੰਦਿਆਂ ਜਸਵੰਤ ਬੇਗੋਵਾਲ ਨੇ ਕੁੱਝ ਹੋਰ ਨਵੇਂ ਤੱਥ ਵੀ ਰੱਖੇ ਹਨ। ਪੁਸਤਕ 'ਪੰਜਾਬੀ ਪਿੰਗਲ' ਦੇ ਵੱਖ ਵੱਖ ਖੰਡਾਂ ਵਿਚ ਭਾਸ਼ਾ, ਪ੍ਰਤੀਕਾਂ, ਮਾਤਰਾਵਾਂ, ਛੰਦਾਂ, ਕਵਿਤਾ ਦੀਆਂ ਵੰਨਗੀਆਂ, ਅਲੰਕਾਰਾਂ, ਬਿੰਬਾਂ, ਰਸਾਂ, ਕਵਿਤਾ ਦੇ ਭੇਦਾਂ ਤੇ ਖੱਲ੍ਹੀ ਕਵਿਤਾ ਬਾਰੇ ਖੁੱਲ੍ਹ ਕੇ ਚਰਚਾ ਹੋਈ ਮਿਲਦੀ ਹੈ। ਛੰਦਾਂ ਬਾਰੇ ਦੋ ਭਾਗਾਂ ਵਿਚ ਜਾਣਕਾਰੀ ਅੰਕਿਤ ਕੀਤੀ ਗਈ ਹੈ, ਵੱਖ ਵੱਖ ਛੰਦਾਂ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਚਾਹਵਾਨਾਂ ਲਈ ਇਹ ਕਿਤਾਬ ਕਾਫ਼ੀ ਉਪਯੋਗੀ ਹੈ। ਗ਼ਜ਼ਲ ਬਾਰੇ ਇਕ ਵੱਖਰਾ ਖੰਡ ਹੈ ਜਿਸ ਵਿਚ ਗ਼ਜ਼ਲ ਤੇ ਆਧੁਨਿਕ ਗ਼ਜ਼ਲ ਸੰਬੰਧੀ ਸੰਵਾਦ ਰਚਾਇਆ ਮਿਲਦਾ ਹੈ। ਪੰਜਾਬੀ ਵਿਚ ਗ਼ਜ਼ਲ ਦਾ ਪ੍ਰਵੇਸ਼ ਤੇ ਆਧੁਨਿਕ ਗ਼ਜ਼ਲਕਾਰਾਂ ਬਾਰੇ ਸੰਖੇਪ ਜਾਣਕਾਰੀ ਵੀ ਇਸ ਵਿਚ ਦਰਜ ਹੈ। 'ਪੰਜਾਬੀ ਪਿੰਗਲ' ਵਿਚ ਚੋਣਵੇਂ ਗ਼ਜ਼ਲਕਾਰਾਂ ਦੇ ਕੁੱਝ ਸ਼ਿਅਰ ਵੀ ਛਾਪੇ ਗਏ ਹਨ। ਪੰਜਾਬੀ ਕਵਿਤਾ ਤੇ ਇਸ ਦੇ ਭੇਦਾਂ ਸੰਬੰਧੀ ਜਾਣਕਾਰੀ ਦੇਣ ਲਈ ਡਾ. ਜਸਵੰਤ ਬੇਗੋਵਾਲ ਨੇ ਕਾਫ਼ੀ ਮਿਹਨਤ ਕੀਤੀ ਹੈ। ਇਸ ਕਿਤਾਬ ਵਿਚ ਪਿੰਗਲ ਤੋਂ ਕੁੱਝ ਬਾਹਰੇ ਵਿਸ਼ਿਆਂ ਨੂੰ ਵੀ ਛੋਹਿਆ ਗਿਆ ਹੈ। 'ਪੰਜਾਬੀ ਪਿੰਗਲ' ਸਰਲ ਭਾਸ਼ਾ ਵਿਚ ਹੈ ਤੇ ਸਹਿਜ ਨਾਲ ਆਪਣਾ ਸੰਦੇਸ਼ ਪਹੁੰਚਾਉਣ ਵਿਚ ਸਫ਼ਲ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਅੰਨ੍ਹਾ ਖੂਹ
ਲੇਖਕ : ਦਰਸ਼ਨ ਸਿੰਘ ਦੋਸਾਂਝ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਸ, ਸਮਾਣਾ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 94640-27466
ਮੂਲ ਤੌਰ 'ਤੇ ਕਵੀ ਦਰਸ਼ਨ ਸਿੰਘ ਦੋਸਾਂਝ ਦਾ ਪਲੇਠਾ ਕਹਾਣੀ ਸੰਗ੍ਰਹਿ 'ਅੰਨ੍ਹਾ ਖੂਹ' 15 ਕਹਾਣੀਆਂ ਦਾ ਸੰਕਲਨ ਹੈ। ਆਪਣੀਆਂ ਕਵਿਤਾਵਾਂ ਵਾਂਗ ਹੀ ਦਰਸ਼ਨ ਸਿੰਘ ਦੋਸਾਂਝ ਸਮਾਜ ਦੇ ਲਿਤਾੜੇ, ਦਰੜੇ ਤੇ ਹਾਸ਼ੀਆਗਤ ਲੋਕਾਂ ਦੇ ਹੱਕ ਵਿਚ ਖੜ੍ਹਦਾ ਹੈ। ਉਸ ਦੀ ਕਾਵਿਕਤਾ, ਸੁਰ-ਤਾਲ, ਲ਼ੈਅ ਆਦਿ ਇਨਾਂ੍ਹ ਕਹਾਣੀਆਂ 'ਚ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਉਹ ਇਨ੍ਹਾਂ ਕਹਾਣੀਆਂ 'ਚ ਸਮਕਾਲ ਦੇ ਤਰਾਸਦਕ ਅਤੇ ਉਤਪੀੜਕ ਦ੍ਰਿਸ਼ਟਾਂਤ ਅਤੇ ਬਿਰਤਾਂਤ ਦੀ ਸਿਰਜਣਾ ਕਰਦੇ ਹਨ। ਸਮਾਜਕ, ਰਾਜਨੀਤਕ ਅਤੇ ਆਰਥਕ ਯਥਾਰਥ ਇਨ੍ਹਾਂ ਕਹਾਣੀਆਂ ਦਾ ਮੁੱਖ ਧੁਰਾ ਬਣਿਆ ਹੈ। ਇਸ ਦੀ ਕਲਾਤਮਕ ਪ੍ਰਸਤੁਤੀ ਨੇ ਇਨ੍ਹਾਂ ਕਹਾਣੀਆਂ ਦੀ ਉਸਾਰੀ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸੰਗ੍ਰਹਿ ਦੀ ਪਹਿਲੀ ਹੀ ਕਹਾਣੀ ਖਾਲੀ ਹੱਥ ਅਤੇ ਕੇਸਰੀ ਪੱਗ ਇਹ ਅੱਤਵਾਦ ਦੇ ਦੁਖਾਂਤ ਨੂੰ ਬੌਧਿਕ ਨਜ਼ਰੀਏ ਤੋਂ ਪੇਸ਼ ਕਰਦੀਆਂ ਹਨ। ਇਹ ਕੋਈ ਨਿਆਂ ਹੈ ਕਹਾਣੀ ਸਮਾਜ ਵਿਚ ਔਰਤ ਦੇ ਹੱਕ ਵਿਚ ਬਣਾਏ ਦਹੇਜ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਦੀ ਜਿਊਂਦੀ -ਜਾਗਦੀ ਮਿਸਾਲ ਹੈ। ਖੋਟੀ ਸ਼ੁਹਰਤ ਪੰਜਾਬ ਦੀ ਅਜੋਕੀ ਸਭ ਤੋਂ ਗੰਭੀਰ ਸਮੱਸਿਆ ਗੈਂਗਸਟਰਵਾਦ ਦੀ ਵਿਨਾਸ਼ਕਾਰੀ ਭੂਮਿਕਾ ਤੇ ਉਂਗਲ ਧਰਦੀ ਹੈ। ਬਹੁਤ ਹੀ ਉਸਾਰੂ ਸੋਚ ਅਤੇ ਰਾਹ ਦਸੇਰਾ ਬਣਨ ਵਾਲੀ ਕਹਾਣੀ ਯੋਧੀ, ਅਪੰਗਤਾ ਨੂੰ ਮਾਤ ਦੇ ਕੇ ਦੂਸਰਿਆਂ ਲਈ ਮਿਸਾਲ ਪੇਸ਼ ਕਰਨ ਦਾ ਉਪਰਾਲਾ ਕਰਦੀ ਹੈ। ਇੰਜ ਹੀ ਪੁੱਤਰ ਦਾ ਮੁੱਲ ਕਹਾਣੀ ਮਜ਼ਦੂਰਾਂ, ਕਿਰਤੀਆਂ ਅਤੇ ਗ਼ਰੀਬਾਂ ਦੀ ਹੋਣੀ ਦਾ ਮਾਰਮਿਕ ਚਿੱਤਰਣ ਕਰਦੀ ਹੈ। ਦੁੱਖਾਂ ਦੀ ਪੰਡ ਆਪਣੇ ਸਿਰਲੇਖ ਮੁਤਾਬਕ ਹੀ ਮੁਲਕ ਦੀ ਵੰਡ ਵਾਲੀ ਮਹਾਤਰਾਸਦੀ ਦੀ ਭਿਆਨਕਤਾ ਅਤੇ ਨਾਸੂਰ ਬਣ ਕੇ ਰਿਸਦੇ ਜ਼ਖ਼ਮਾਂ ਦਾ ਬਿੰਬ ਪੇਸ਼ ਕਰਦੀ ਹੈ। ਗੁਲਾਬ ਕਹਾਣੀ ਵੀ ਦੇਸ਼ ਵੰਡ ਦੇ ਦੁਖਾਂਤ ਦਾ ਦਰਦ ਭਰਿਆ ਤਰਜਮਾ ਹੈ। ਸੰਗ੍ਰਹਿ ਦੀ ਟਾਈਟਲ ਕਹਾਣੀ ਅੰਨ੍ਹਾ ਖੂਹ ਕਸ਼ਮੀਰ ਸਮੱਸਿਆ ਕਰਕੇ ਹੋਏ ਮਨੁੱਖਤਾ ਦੇ ਘਾਣ ਦਾ ਲਹੂ ਭਿੱਜਿਆ ਬਿਰਤਾਂਤ ਹੈ। ਆਪਾਂ ਮਿਲਾਂਗੇ ਕਹਾਣੀ ਪ੍ਰੇਮ ਪ੍ਰਸੰਗ ਅਧਾਰਤ ਹੁੰਦੀ ਹੋਈ ਵੀ, ਪ੍ਰੇਮ ਦੇ ਅਦਰਸ਼ਕ ਰੂਪ ਨੂੰ ਉਜਾਗਰ ਕਰਦੀ ਹੈ। ਜਨਮ ਅਕਾਰਥ ਕੀਨੁ ਫੈਟਂਸੀ ਹੁੰਦਿਆਂ ਹੋਇਆਂ ਵੀ ਸਵੈ-ਪੜਚੋਲ ਰਾਹੀਂ ਚੰਗੇ ਇਨਸਾਨ ਬਣਨ ਲਈ ਪ੍ਰੇਰਣਾ ਪੈਦਾ ਕਰਦੀ ਹੈ। ਸਮਾਜ ਸੇਵਾ ਕਹਾਣੀ ਸਮਾਜ ਸੇਵਾ ਦੇ ਨਾਂਅ 'ਤੇ ਦੁਹਰਾ ਜੀਵਨ ਜੀ ਰਹੇ ਲੋਕਾਂ ਦੇ ਕਿਰਦਾਰ ਦਾ ਪਰਦਾਫਾਸ਼ ਕਰਦੀ ਹੈ। ਬੇਸ਼ੱਕ ਕਈ ਕਹਾਣੀਆਂ ਦੇ ਅੰਤ ਮੌਤ ਦੀ ਅਟਲ ਸੱਚਾਈ ਨੂੰ ਪੇਸ਼ ਕਰਨ ਕਰਕੇ ੳਦਾਸੀ ਭਰਪੂਰ ਹੋ ਗਏ ਹਨ ਫਿਰ ਵੀ ਗ਼ਮੀ 'ਚੋਂ ਖੁਸ਼ੀ, ਨਿਰਾਸ਼ਾ 'ਚੋਂ ਆਸ਼ਾ ਅਤੇ ਉਦਾਸੀ 'ਚੋਂ ਅਨੰਦ ਪ੍ਰਾਪਤ ਕਰਨ ਦੀ ਪ੍ਰੇਰਣਾ ਨਾਲ ਲਬਰੇਜ਼ ਹਨ ਸੰਗ੍ਰਹਿ ਦੀਆਂ ਸਾਰੀਆਂ ਹੀ ਕਹਾਣੀਆਂ। ਲੇਖਕ ਦੀ ਭਾਸ਼ਾ ਸ਼ੈਲੀ ਵਿਚ ਕਾਵਿਕਤਾ ਹੈ। ਰਵਾਨੀ ਹੈ, ਕਥਾ ਰਸ ਹੈ, ਰੌਚਕਤਾ ਹੈ। ਪਾਤਰਾਂ ਦਾ ਮਨੋਵਿਗਿਆਨਕ ਚਰਿਤਰ ਚਿੱਤਰਣ ਹੈ। ਮਾਹੌਲ ਦੀ ਯਥਾਰਥਮਈ ਉਸਾਰੀ ਹੈ। ਸੰਵਾਦ ਤਰਕਪੂਰਣ ਅਤੇ ਢੁਕਵੇਂ ਹਨ। ਕਹਾਣੀਕਾਰ ਨੇ ਬਿਨਾਂ ਕਿਸੇ ਲਾਗ-ਲਪੇਟ, ਕਿਸੇ ਵਾਦ ਤੋਂ ਪ੍ਰਭਾਵਿਤ ਹੋਇਆਂ ਸੱਚ ਨੂੰ ਸੱਚ ਕਹਿਣ ਦੀ ਜੁਰੱਅਤ ਕੀਤੀ ਹੈ। ਇਹ ਕਹਾਣੀਆਂ ਆਮ ਲੋਕਾਂ ਦੀ ਸੁੱਤੀ ਜ਼ਮੀਰ ਨੂੰ ਹਲੂਣਾ ਦੇ ਕੇ ਉਸ ਦੀ ਚੇਤਨਾ ਨੂੰ ਜਗਾਉਣ ਦਾ ਯਤਨ ਕਰਦੀਆਂ ਹਨ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਲਹਿੰਦੇ ਪੰਜਾਬ 'ਚ 14 ਦਿਨ
ਲੇਖਕਾ : ਗੁਰਚਰਨ ਕੌਰ ਥਿੰਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 246+36
ਸੰਪਰਕ : 95011-45039
ਗੁਰਚਰਨ ਕੌਰ ਥਿੰਦ ਇਕ ਜਾਣੀ-ਪਛਾਣੀ ਲੇਖਕਾ ਹੈ। ਮੌਜੂਦਾ ਸਮੇਂ ਉਹ ਕੈਲਗਰੀ, ਕੈਨੇਡਾ ਦੀ ਵਸਨੀਕ ਹੈ। ਉਹਦੀਆਂ ਹੁਣ ਤੱਕ 14 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਵਿਚ 6 ਕਹਾਣੀ ਸੰਗ੍ਰਹਿ, 5 ਨਾਵਲ, 2 ਲੇਖ ਸੰਗ੍ਰਹਿ ਅਤੇ ਇਕ ਸਫ਼ਰਨਾਮਾ ਸ਼ਾਮਿਲ ਹੈ। ਇਨ੍ਹਾਂ ਵਿਚ ਹੀ ਇਕ ਇਕ ਕਿਤਾਬ ਹਿੰਦੀ ਅਤੇ ਅੰਗਰੇਜ਼ੀ ਦੀ ਵੀ ਹੈ। 70-ਸਾਲਾ ਇਹ ਲੇਖਕਾ ਅਜੇ ਵੀ ਲੇਖਨ ਵਿਚ ਮਸਰੂਫ਼ ਹੈ। ਰੀਵਿਊ ਅਧੀਨ ਕਿਤਾਬ ਵਿਚ ਪਾਕਿਸਤਾਨ ਵਿਚ ਬਿਤਾਏ 14 ਦਿਨਾਂ ਦਾ ਬਿਰਤਾਂਤ ਹੈ। ਇਹ ਸਫ਼ਰ ਲੇਖਿਕਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ 16 ਫ਼ਰਵਰੀ 2023 (ਵੀਰਵਾਰ) ਤੋਂ 1 ਮਾਰਚ 2023 (ਬੁੱਧਵਾਰ) ਤੱਕ ਕੀਤਾ। ਇਹ ਯਾਤਰਾ ਲੇਖਿਕਾ ਨੇ ਆਪਣੇ ਪਤੀ, ਬੇਟੇ, ਭਰਾ ਤੇ ਭਾਬੀ ਨਾਲ ਕੀਤੀ। ਇਹਦਾ ਸਬੱਬ ਤਾਂ ਲਾਹੌਰ ਵਿਚ ਹੋਣ ਵਾਲੀ ਪੰਜਾਬੀ ਕਾਨਫਰੰਸ ਸੀ, ਪਰ ਕਿਸੇ ਕਾਰਨ ਇਹ ਕਾਨਫਰੰਸ ਮੁਲਤਵੀ ਹੋ ਗਈ ਤਾਂ ਲੇਖਿਕਾ ਨੇ ਅਹਿਮਦ ਰਜ਼ਾ ਹੁਰਾਂ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਉਸੇ ਸਮੇਂ ਸਪਾਂਸਰਸ਼ਿਪ ਭੇਜਣ ਦੀ ਹਾਮੀ ਭਰ ਦਿੱਤੀ। ਇਸ ਯਾਤਰਾ ਦੌਰਾਨ ਲੇਖਿਕਾ ਨੂੰ ਪਾਕਿਸਤਾਨ ਦੇ ਰਜ਼ਾ ਸਾਹਿਬ ਤੋਂ ਇਲਾਵਾ ਸੁਹੇਲ ਮਾਮੂੰਕਾ, ਦੀਪ ਸਾਈਦਾ, ਤਾਰਿਕ ਜਟਾਲਾ, ਬਾਬਾ ਨਜਮੀ, ਆਸ਼ਿਕ ਰਹੀਲ, ਈਸਾਨ ਬਾਜਵਾ ਦਾ ਨਿੱਘਾ ਸਾਥ ਮਾਣਨ ਦਾ ਮੌਕਾ ਮਿਲਿਆ। ਪੁਸਤਕ ਦੇ ਦੋ ਭਾਗਾਂ ਵਿਚੋਂ ਪਹਿਲੇ ਵਿਚ 34 ਅਤੇ ਦੂਜੇ ਵਿਚ 5 ਚੈਪਟਰ ਹਨ। ਸਫ਼ਰ ਦੌਰਾਨ ਲੇਖਕਾ ਨੇ ਪਰਿਵਾਰਕ ਮੈਂਬਰਾਂ ਨਾਲ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ, ਸ਼ਾਦਮਨ ਚੌਕ, ਅਨਾਰਕਲੀ ਬਜ਼ਾਰ, ਪਿੰਡ ਗੱਟੀ, ਗੁਰਦੁਆਰਾ ਡੇਰਾ ਸਾਹਿਬ, ਫ਼ੈਜ਼ ਫੈਸਟੀਵਲ, ਸ਼ਾਲਾਮਾਰ ਬਾਗ਼,ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ, ਸ਼ਹਿਰ ਲਾਹੌਰ, ਬਸਤੀ ਦਾਨਿਸ਼ਬੰਦਾਂ, ਗੁਰਦੁਆਰਾ ਸੱਚਾ ਸੌਦਾ, ਲਾਹੌਰ ਦਾ ਸ਼ਾਹੀ ਕਿਲ੍ਹਾ, ਲਾਹੌਰ ਦੀਆਂ ਇਤਿਹਾਸਕ ਇਮਾਰਤਾਂ, ਗੁਰਦੁਆਰਾ ਪੰਜਾ ਸਾਹਿਬ, ਇਸਲਾਮਾਬਾਦ ਸ਼ਹਿਰ, ਫੈਸਲ ਮਸਜਿਦ, ਤਕਸ਼ਿਲਾ ਮਿਊਜ਼ੀਅਮ, ਜੂਲੀਆਮਾ, ਬੁੱਧ ਮੱਠ ਦੇ ਖੰਡਰ, ਲਾਇਲਪੁਰ ਆਦਿ ਥਾਵਾਂ ਦਾ ਬੜਾ ਹੀ ਦਿਲਚਸਪ ਬਿਰਤਾਂਤ ਪੇਸ਼ ਕੀਤਾ ਹੈ। ਪੁਸਤਕ ਦੇ ਦੂਜੇ ਭਾਗ ਵਿਚ ਲਹਿੰਦੇ ਪੰਜਾਬ ਦੇ ਸਮਾਜਿਕ ਕਾਰਕੁਨ ਦੀਪ ਸਾਈਦਾ, ਬੇਬਾਕ ਸ਼ਾਇਰ ਬਾਬਾ ਨਜਮੀ, ਈਸਾਨ ਬਾਜਵਾ, ਆਸ਼ਿਕ ਰਹੀਲ, ਅਹਿਮਦ ਰਜ਼ਾ ਨਾਲ ਬੜੀਆਂ ਖੁੱਲ੍ਹੀਆਂ ਗੱਲਾਂ ਬਾਤਾਂ (ਮੁਲਾਕਾਤਾਂ) ਕੀਤੀਆਂ ਹਨ। ਇਹ ਪੁਸਤਕ ਅੰਤਕਾ ਵਿਚ ਸ਼ਾਮਿਲ 87 ਰੰਗੀਨ ਫੋਟੋਆਂ ਨਾਲ ਸ਼ਿੰਗਾਰੀ ਹੋਈ ਹੈ। ਲੇਖਕਾ ਦਾ ਬਿਆਨ ਢੰਗ ਇੰਨਾ ਦਿਲਚਸਪ ਹੈ ਕਿ ਪਾਠਕ ਖੁਦ ਨੂੰ ਸਫ਼ਰ ਵਿਚ ਨਾਲ-ਨਾਲ ਹੀ ਮਹਿਸੂਸ ਕਰਦਾ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 9417691015
ਕਿਤਾਬਾਂ ਦੀ ਅਹਿਮੀਅਤ
ਸੰਪਾਦਕ : ਬਲਵਿੰਦਰ ਕੌਰ ਸੋਹੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫੇ : 158
ਸੰਪਰਕ : 98727-57367
ਬਲਵਿੰਦਰ ਕੌਰ ਸੋਹੀ ਨੇ ਆਪਣੀ ਕਿਤਾਬ ਉਨ੍ਹਾਂ ਪਾਠਕਾਂ ਨੂੰ ਸਮਰਪਿੱਤ ਕੀਤੀ ਹੈ ਜੋ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ ਹਨ ਅਤੇ ਕਿਤਾਬਾਂ ਪੜ੍ਹਨ ਲਈ ਪ੍ਰੇਰਦੇ ਵੀ ਹਨ। ਬਲਵਿੰਦਰ ਕੌਰ ਦੀ ਇਸ ਕਿਤਾਬ ਵਿਚ ਕੋਈ 50 ਲੇਖ ਹਨ ਜੋ ਅੱਜ ਦੀ ਪੀੜ੍ਹੀ ਨੂੰ ਕਿਤਾਬਾਂ ਪੜ੍ਹਨ ਲਈ ਸ਼ੌਕ ਪੈਦਾ ਕਰਨ ਦੀ ਸਿੱਖਿਆ ਦਿੰਦੇ ਹਨ। ਇੰਟਰਨੈੱਟ ਦੇ ਇਸ ਯੱਗ ਵਿਚ ਕਿਤਾਬਾਂ ਪੜ੍ਹਨ ਦਾ ਸ਼ੌਕ ਸਿਰਫ ਘਟਿਆ ਨਹੀਂ ਸਗੋਂ ਚੰਗੇ ਪਾਠਕ ਅਤੇ ਲੇਖਕ ਹੁਣ ਕਿਤਾਬਾਂ ਲਿਖਣ ਤੋਂ ਵੀ ਗੁਰੇਜ਼ ਕਰਨ ਲੱਗੇ ਹਨ। ਪਹਿਲੇ ਹੀ ਲੇਖ ਵਿਚ ਬਲਵਿੰਦਰ ਕੌਰ ਨੇ ਗੂਰੁ ਨਾਨਕ ਦੇਵ ਜੀ ਦਾ ਹਵਾਲਾ ਦਿੰਦੇ ਲਿਖਿਆ ਹੈ ਕਿ 'ਘੜੀਐ ਸਬਦੁ ਸਚੀ ਟਕਸਾਲ' ਦੇ ਬੋਲਾਂ ਰਾਹੀਂ ਗੂਰੁ ਨਾਨਕ ਦੇਵ ਜੀ ਨੇ ਸ਼ਬਦਾਂ ਨੂੰ ਮਾਣ ਦਿੱਤਾ ਹੈ ਪਰ ਅੱਜ ਦੇ ਇਸ ਤਕਨੀਕੀ ਯੁੱਗ ਨੇ ਨਾ ਕੇਵਲ ਸ਼ਬਦਾਂ ਦੇ ਸਤਿਕਾਰ ਸਗੋਂ ਸ਼ਬਦਾਂ ਦੀ ਟਕਸਾਲ ਨੂੰ ਵੀ ਢਾਹ ਲਾਈ ਹੈ।ਅੱਜ ਦੀ ਪੀੜ੍ਹੀ ਕਿਤਾਬਾਂ ਦੀ ਅਹਿਮੀਅਤ ਨੂੰ ਨਹੀਂ ਸਮਝਦੀ ਇਸੇ ਕਰ ਕੇ ਅੱਜ ਦੇ ਬੱਚੇ ਕਿਤਾਬਾਂ ਤੋਂ ਦੂਰ ਹੋਣ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਵਿਸਾਰ ਰਹੇ ਹਨ ਅਤੇ ਇਸ ਗਲ ਨੂੰ ਬਲਵਿੰਦਰ ਕੌਰ ਨੇ ਬੜੀ ਬੇਬਾਕੀ ਨਾਲ ਸੁਚੇਤ ਕੀਤਾ ਹੈ। ਜ਼ਿੰਦਗੀ ਵਿਚ ਕਿਤਾਬਾਂ ਦਾ ਬਹੁਤ ਮਹੱਤਵ ਹੈ ਕਿਤਾਬਾਂ ਨਾ ਕੇਵਲ ਸਾਡੀਆਂ ਦੋਸਤ ਹੀ ਹਨ ਸਗੋਂ ਇਕ ਸੱਚਾ ਸਾਥ ਵੀ ਨਿਭਾਉਂਦੀਆਂ ਹਨ ਇਕ ਸੱਚੇ ਅਤੇ ਪਿਆਰੇ ਸਾਥੀ ਦੀ ਤਰ੍ਹਾਂ ਅਗਵਾਈ ਵੀ ਕਰਦੀਆਂ ਹਨ ਜੇ ਕਰ ਤਹਿ ਦਿਲੋਂ ਮਹਿਸੂਸ ਕੀਤਾ ਜਾਏ ਇਕ ਕਿਤਾਬ ਦੀ ਅਹਿਮੀਅਤ ਨੂੰ। ਕਿਤਾਬਾਂ ਦਿਲ ਪਰਚਾਵੇ ਦਾ ਸਾਧਨ ਹਨ, ਜ਼ਿੰਦਗੀ ਨੂੰ ਸੇਧ ਦਿੰਦੀਆਂ ਹਨ। ਕਿਤਾਬਾਂ ਤੋਂ ਬਿਨਾਂ ਇਹ ਸੰਸਾਰ ਸਿਰਫ ਛਲਾਵਾ ਹੀ ਰਹਿ ਜਾਣਾ ਜੇਕਰ ਨਵੀਂ ਪੀੜ੍ਹੀ ਨੇ ਕਿਤਾਬਾਂ ਦੀ ਅਮੀਰ ਵਿਰਾਸਤ ਤੋਂ ਮੂੰਹ ਮੋੜ ਕੇ ਤਕਨੀਕੀ ਨੂੰ ਗਲ ਲਾਇਆ। ਬਾਲ ਸਾਹਿਤ ਦੀਆਂ ਕਿਤਾਬਾਂ ਰਾਹੀਂ ਬਚਪਨ ਤੋਂ ਹੀ ਬੱਚਿਆਂ ਨੂੰ ਕਿਤਾਬ ਪੜ੍ਹਨ ਵਾਲੇ ਪਾਸੇ ਲਾਇਆ ਜਾਣਾ ਚਾਹੀਦਾ ਹੈ। ਜੇਕਰ ਕਿਤਾਬਾਂ ਹੀ ਨਾ ਰਹੀਆਂ ਤਾਂ ਜ਼ਿੰਦਗੀ ਵਿਚੋਂ ਕਿਤਾਬ ਰੂਪੀ ਅਸ਼ੀਰਵਾਦ ਹੀ ਖ਼ਤਮ ਹੋ ਜਾਣਾ ਜ਼ਿੰਦਗੀ ਸੰਵੇਦਨਾਹੀਣ ਹੋ ਜਾਣੀ ਜ਼ਿੰਦਗੀ ਜਿਊਣ ਦੀ ਸਿੱਖਿਆ ਦੇਣ ਵਾਲੀਆਂ ਕਿਤਾਬਾਂ ਨੂੰ ਸਾਂਭੋ ਅਤੇ ਕਿਤਾਬਾਂ ਪੜ੍ਹਨ ਵਾਲਾ ਸੱਭਿਆਚਾਰ ਵਿਕਸਿਤ ਕਰੋ ਖਾਸ ਕਰ ਪੰਜਾਬੀ ਕੌਮ ਜਿਸ ਦੀ ਇਹ ਕਮਜ਼ੋਰੀ ਹੀ ਰਹੀ ਹੈ ਕਿ ਪੰਜਾਬੀਆਂ ਦਾ ਰੁਝਾਨ ਕਿਤਾਬਾਂ ਪੜ੍ਹਨ ਵੱਲ ਘੱਟ ਹੀ ਰਿਹਾ ਹੈ । ਅੱਜ ਲੋੜ੍ਹ ਹੈ ਨਾਨਕ ਦੇ ਉਸ ਸ਼ਬਦ ਨੂੰ ਮੁੜ ਸਾਕਾਰ ਕਰਨ ਦੀ ਜਿਸ ਦਾ ਹਵਾਲਾ ਬਲਵਿੰਦਰ ਕੌਰ ਵੀ ਆਪਣੀ ਇਸ ਕਿਤਾਬ ਦੀ ਸ਼ੁਰੂਆਤ ਵਿਚ ਦਿੰਦੀ ਹੈ:-
ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁੁ।।
ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ।।
-ਡਾ. ਜਸਬੀਰ ਕੌਰ
ਮੋਬਾਈਲ : 98721-17774
ਅਗਰਵਾਲ ਸਮਾਜ ਦਾ ਆਜ਼ਾਦੀ ਦੀ ਲੜਾਈ ਵਿਚ ਯੋਗਦਾਨ
ਲੇਖਕ : ਪੀ. ਐੱਸ. ਮਿੱਤਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 98781-80944
ਰੀਵਿਊ ਅਧੀਨ ਪੁਸਤਕ ਤੋਂ ਪਹਿਲਾਂ ਪੀ. ਐੱਸ. ਮਿੱਤਲ ਦੀਆਂ ਪੰਜ ਪੁਸਤਕਾਂ ਖੋਜ ਕਾਰਜ ਵਾਲੀਆਂ ਨਿਵੇਕਲੀਆਂ ਹਨ, ਜਿਨ੍ਹਾਂ 'ਚ ਸਿੰਘ ਸਜੇ ਮਿੱਤਲ ਭਾਈਚਾਰੇ ਦਾ ਇਤਿਹਾਸ, ਦਿੱਲੀ ਦੀ ਹਕੀਕਤ, ਹੱਸਦਿਆਂ ਦੇ ਘਰ ਵਸਦੇ, ਵਰਣ ਵਿਵਸਥਾ ਇਕ ਕੱਚਾ ਕੋਹੜ ਅਤੇ ਹੱਡ-ਬੀਤੀਆਂ (ਸਵੈ-ਜੀਵਨੀ) ਜ਼ਿਕਰਯੋਗ ਹਨ। ਪੁਸਤਕ ਦੇ ਮੁਢਲੇ ਪੰਨਿਆਂ 'ਤੇ ਪਵਨ ਗੋਇਲ, ਤਰਸੇਮ ਲਾਲ, ਆਰ. ਕੇ. ਗੁਪਤਾ ਅਤੇ ਤ੍ਰਿਭੁਵਨ ਗੁਪਤਾ ਨੇ ਪੁਸਤਕ ਤੇ ਲੇਖਕ ਦੀ ਸ਼ਲਾਘਾ ਕੀਤੀ ਹੈ। ਸਾਰੇ ਜਾਣਦੇ ਹਨ ਕਿ ਹਿੰਦੁਸਤਾਨ ਦੀ ਆਜ਼ਾਦੀ ਦੇ ਲੰਮੇ ਸੰਘਰਸ਼ ਵਿਚ ਸਾਰੇ ਵਰਗਾਂ ਦੇ ਲੋਕਾਂ ਨੇ ਹਿੱਸਾ ਪਾਇਆ ਤੇ ਅੰਤ ਕਾਂਗਰਸ ਤੇ ਮਹਾਤਮਾ ਗਾਂਧੀ ਦਾ ਬੋਲਬਾਲਾ ਹੁੰਦਾ ਰਿਹਾ, ਪ੍ਰੰਤੂ ਮੁਢਲੇ ਦੌਰ ਭਾਵ 1857 ਦੇ ਗ਼ਦਰ-ਇਨਕਲਾਬ ਦਾ ਮੁੱਢ ਜੋ ਅਗਰਵਾਲ ਸਮਾਜ ਦੇ ਸੰਗਰਾਮੀਆਂ ਨੇ ਪਾਇਆ, ਉਸ ਦਾ ਜ਼ਿਕਰ ਬਹੁਤ ਘੱਟ ਹੋਇਆ ਹੈ। ਇਹ ਪੁਸਤਕ ਉਨ੍ਹਾਂ ਪੰਨਿਆਂ ਦਾ ਇਤਿਹਾਸ ਸਾਂਭੀ ਬੈਠੀ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਲਹੂ-ਭਿੱਜੀਆਂ ਹਨ। ਲੇਖਕ ਨੇ ਬਹੁਤ ਮਿਹਨਤ ਕਰਕੇ ਸਮੁੱਚੇ ਦੇਸ਼ ਦੇ ਅਗਰਵਾਲ ਸਮਾਜ ਦਾ ਆਜ਼ਾਦੀ ਦੀ ਲੜਾਈ ਵਿਚ ਪਾਇਆ ਯੋਗਦਾਨ ਕਲਮਬੱਧ ਕੀਤਾ, ਜੋ ਅੱਖਾਂ ਖੋਲ੍ਹਣ ਵਾਲਾ ਹੈ। ਲੇਖਕ ਲਿਖਦਾ ਹੈ ਕਿ ਅਗਰਵਾਲ ਸਮਾਜ ਦੇਸ਼ ਦਾ ਸਭ ਤੋਂ ਅਮੀਰ ਅਤੇ ਖ਼ੁਸ਼ਹਾਲ ਵਰਗ ਹੈ। ਦੇਸ਼ ਦੀ ਆਰਥਿਕਤਾ ਦਾ 30 ਫ਼ੀਸਦੀ ਹਿੱਸਾ ਇਸ ਦੇ ਹੱਥਾਂ 'ਚ ਹੈ। 1911 ਦੀ ਮਰਦਮਸ਼ੁਮਾਰੀ ਅਨੁਸਾਰ ਅਗਰਵਾਲ ਦੀ ਜਨ-ਸੰਖਿਆ 27 ਲੱਖ, 28 ਹਜ਼ਾਰ, 980 ਸੀ, ਭਾਵ 6/7 ਫ਼ੀਸਦੀ ਹਿੱਸਾ, ਪਰੰਤੂ ਏਨੀਆਂ ਕੁਰਬਾਨੀਆਂ ਤੋਂ ਬਾਅਦ ਰਾਜਨੀਤੀ 'ਚ ਕੋਈ ਸੱਤਾ ਹਾਸਿਲ ਨਹੀਂ ਹੋ ਸਕੀ। ਅਗਰਵਾਲ ਸਮਾਜ ਦਾ ਪਿਛੋਕੜ ਅਗਰਸੈਨ ਰਾਜੇ ਦੇ ਪ੍ਰਤਾਪ ਨਗਰ 'ਤੇ ਰਾਜ ਕਰਨ ਤੋਂ ਸ਼ੁਰੂ ਹੁੰਦਾ ਹੈ। ਵੰਸ਼ ਦਾ ਵਾਧਾ ਹੋਇਆ ਅਤੇ ਅਗਰਵਾਲਾਂ ਦੇ 18 ਗੋਤ ਵਿਗਸਤ ਹੋਏ। ਮਿੱਤਲ, ਗਰਗ, ਗੁਪਤਾ, ਸਿੰਗਲ, ਜੈਨ, ਸਿੰਗਲਾ, ਬਾਂਸਲ, ਗੋਇਲ, ਜਿੰਦਲ ਆਦਿ। ਜ਼ਿਕਰਯੋਗ ਹੈ ਕਿ ਕੁਝ ਸਿੰਘ ਵੀ ਸਜੇ, ਕੁਝ ਜੈਨੀ, ਕੁਝ ਸਨਾਤਨ ਧਰਮੀ, ਕੁਝ ਹਿੰਦੂ ਆਦਿ ਬਣੇ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਵੀ ਬਣੇ। ਲੇਖਕ ਨੇ ਬਹੁਤ ਖੋਜ ਕਰਕੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਪਾਉਣ ਵਾਲੇ ਉੱਤਰ ਪ੍ਰਦੇਸ਼ ਦੇ ਸੈਨਾਨੀ, ਪੰਜਾਬ ਅਤੇ ਹਰਿਆਣਾ ਦੇ ਸੈਨਾਨੀ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਸੈਨਾਨੀ, ਦਿੱਲੀ, ਬਿਹਾਰ, ਬੰਗਾਲ ਦੇ ਸੈਨਾਨੀਆਂ ਦੇ ਵੇਰਵੇ ਦਿੱਤੇ ਹਨ। ਬਾਲਕਾਂ ਅਤੇ ਔਰਤਾਂ ਦੀਆਂ ਕੁਰਬਾਨੀਆਂ ਪੜ੍ਹ ਕੇ ਦਿਲ ਕੰਬ ਜਾਂਦਾ ਹੈ। ਜਲ੍ਹਿਆਂਵਾਲਾ ਬਾਗ਼ ਸਾਕਾ, ਡਾਂਡੀ-ਯਾਤਰਾ, ਭਾਰਤ ਛੱਡੋ ਅੰਦੋਲਨ, ਸਾਈਮਨ ਕਮਿਸ਼ਨ ਭਾਵ ਤਤਕਾਲੀ ਆਜ਼ਾਦੀ ਅੰਦੋਲਨਾਂ 'ਚ ਅਗਰਵਾਲ ਸਮਾਜ ਦਾ ਯੋਗਦਾਨ ਅਦੁੱਤੀ ਹੈ। ਪੁਸਤਕ ਪੜ੍ਹਨਯੋਗ ਹੀ ਨਹੀਂ, ਸਾਂਭਣਯੋਗ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਆਰ. ਐੱਸ. ਐੱਸ., 100 ਸਾਲਾਂ ਦਾ ਸਫ਼ਰ
ਲੇਖਕ : ਪੂਨਯ ਪ੍ਰਸੂਨ ਬਾਜਪਾਈ
ਅਨੁਵਾਦਕ : ਮੋਹਨ ਸਿੰਘ ਔਲਖ
ਪ੍ਰਕਾਸ਼ਕ : ਸਪੈਲ ਬਾਊਂਡ ਪਬਲੀਕੇਸ਼ਨ
ਮੁੱਲ : 250 ਰੁਪਏ, ਸਫ਼ੇ : 210
ਸੰਪਰਕ : 98764-10867
ਪਿਛਲੇ 11 ਵਰ੍ਹਿਆਂ ਤੋਂ ਭਾਰਤ ਦੀ ਰਾਜਨੀਤੀ ਉੱਪਰ ਕਾਬਜ਼ ਭਾਜਪਾ ਦੀ ਚੜ੍ਹਤ ਦੇ ਕਾਰਨ ਸਾਡੇ ਪੱਤਰਕਾਰਾਂ ਦਾ ਧਿਆਨ ਇਸ ਪਾਰਟੀ ਦੀ ਜਨਮਦਾਤਾ ਆਰ.ਐੱਸ.ਐੱਸ. ਦੀ ਉਤਪਤੀ ਅਤੇ ਵਿਕਾਸ ਦੇ ਕਾਰਨਾਂ ਅਤੇ ਇਤਿਹਾਸ ਵਿਚ ਗਿਆ ਹੈ। ਭਾਰਤ ਦੇ ਪ੍ਰਸਿੱਧ ਅਤੇ ਸਿਰੜੀ ਪੱਤਰਕਾਰ ਬਾਜਪਾਈ ਦੀ ਇਹ ਪੁਸਤਕ ਇਕ ਗੰਭੀਰ ਪਾਠਕ ਦੇ ਉਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦਿੰਦੀ ਹੈ, ਜਿਹੜੇ ਉਸ ਦੇ ਜਿਹਨ ਵਿਚ ਸਮੇਂ-ਸਮੇਂ ਉੱਠਦੇ ਰਹਿੰਦੇ ਹਨ। ਕਦੇ ਕੋਈ ਸੋਚ ਸਕਦਾ ਸੀ ਕਿ ਭਾਰਤ ਵਰਗੀ ਵਿਭਿੰਨਤਾ ਵਰਗੇ ਦੇਸ਼ ਵਿਚ ਕਦੇ ਕਿਸੇ ਉਸ ਪਾਰਟੀ ਦੀ ਸੱਤਾ ਵੀ ਵਰ੍ਹਿਆਂ ਤੱਕ ਕਾਇਮ ਰਹਿ ਸਕਦੀ ਹੈ, ਜਿਹੜੀ ਭਾਸ਼ਾ, ਧਰਮਾਂ, ਨਸਲਾਂ ਅਤੇ ਸੱਭਿਆਚਾਰਾਂ ਨਾਲ ਦੀਆਂ ਸਾਰੀਆਂ ਵਿਭਿੰਨਤਾਵਾਂ ਨੂੰ ਤੋੜ ਕੇ 'ਸਭ ਨੂੰ ਇਕ ਜੈਸਾ' ਬਣਾਉਣ ਦਾ ਸੰਕਲਪ ਲਵੇ ਅਤੇ ਚੋਣਾਂ ਵਿਚ ਹੈਰਾਨੀਜਨਕ ਜਿੱਤਾਂ ਵੀ ਪ੍ਰਾਪਤ ਕਰਦੀ ਜਾਵੇ? ਬਾਜਪਾਈ ਨੇ ਬੜੀ ਸਿਦਕਦਿਲੀ ਅਤੇ ਦ੍ਰਿੜ੍ਹਤਾ ਨਾਲ ਇਨ੍ਹਾਂ ਗੱਲਾਂ ਬਾਰੇ ਢੁਕਵੇਂ ਜਵਾਬ ਲੱਭੇ ਹਨ।
ਲੇਖਕ ਅਨੁਸਾਰ ਇਹ 'ਰਾਸ਼ਟਰੀ ਸੋਇਮ ਸੇਵਕ ਸੰਘ' ਡਾ. ਕੇਸ਼ਵ ਬਲਰਾਮ ਹੈਡਗੇਵਾਰ ਦੀ ਸੋਚ ਵਿਚੋਂ ਪੈਦਾ ਹੋਇਆ ਇਕ ਸੰਗਠਨ ਹੈ, ਜੋ ਮੰਨਦਾ ਹੈ ਕਿ ਹਿੰਦੁਸਤਾਨ ਇਕ ਹਿੰਦੂ ਰਾਸ਼ਟਰ ਹੈ। ਹੈਡਗੇਵਾਰ ਦਾ ਜਨਮ 1 ਅਪ੍ਰੈਲ, 1889 ਈ. ਨੂੰ ਨਾਗਪੁਰ ਦੇ ਇਕ ਗ਼ਰੀਬ ਪਰਿਵਾਰ ਵਿਚ ਹੋਇਆ ਸੀ। ਉਸ ਦਾ ਨਾਂਅ ਕੇਸ਼ਵ ਰੱਖਿਆ ਗਿਆ। ਮੂਲ ਰੂਪ ਵਿਚ ਇਹ ਪਰਿਵਾਰ ਆਂਧਰਾ ਪ੍ਰਦੇਸ਼ ਨਾਲ ਸੰਬੰਧ ਰੱਖਦਾ ਸੀ। ਉਸ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਅਤੇ ਉਸ ਦੇ ਦਿਲੋ-ਦਿਮਾਗ਼ ਉੱਪਰ ਭਗਵਾਨ ਰਾਮ, ਸ੍ਰੀ ਕ੍ਰਿਸ਼ਨ, ਸ਼ਿਵਾ ਜੀ ਮਹਾਰਾਜ ਅਤੇ ਮਹਾਰਾਣਾ ਪ੍ਰਤਾਪ ਦਾ ਕਾਫ਼ੀ ਪ੍ਰਭਾਵ ਸੀ ਅਤੇ ਉਹ ਅੰਗਰੇਜ਼ੀ ਸ਼ਾਸਨ ਦੀ ਥਾਂ ਇਥੇ ਹਿੰਦੂਤਵ ਦਾ ਉਭਾਰ ਦੇਖਣਾ ਚਾਹੁੰਦਾ ਸੀ। ਉਸ ਉੱਪਰ ਸਮਰੱਥ ਗੁਰੂ ਰਾਮਦਾਸ ਦੀ ਸੋਚ ਦਾ ਵੀ ਕਾਫ਼ੀ ਅਸਰ ਸੀ, ਜੋ ਗੁਰੂ ਹਰਿਗੋਬਿੰਦ ਜੀ ਨੂੰ ਮਿਲਿਆ ਸੀ ਅਤੇ ਆਪਣੀਆਂ ਬਹੁਤ ਸਾਰੀਆਂ ਸ਼ੰਕਾਵਾਂ ਦੇ ਉੱਤਰ ਪੁੱਛੇ ਸਨ। ਹੈਡਗੇਵਾਰ ਮਹਾਤਮਾ ਗਾਂਧੀ ਦੀ ਸਾਂਝੀ ਸੋਚ ਨੂੰ ਹਿੰਦੂਆਂ ਲਈ ਖ਼ਤਰਨਾਕ ਸਮਝਦਾ ਸੀ। ਇਸ ਕਾਰਨ ਉਸ ਨੇ 1922 ਈ. ਵਿਚ 'ਸੋਇਮ ਸੇਵਕ ਸੰਘ' ਦੀ ਸਥਾਪਨਾ ਕੀਤੀ। ਭਾਵੇਂ ਸੰਘ ਦੇ ਇਤਿਹਾਸ ਬਾਰੇ ਮਾਰਕੀਟ ਵਿਚ ਬਹੁਤ ਸਾਰੀਆਂ ਪੁਸਤਕਾਂ ਉਪਲਬਧ ਹਨ ਪਰ ਬਾਜਪਾਈ ਨੇ ਜਿੰਨੀ ਬੇਲਾਗ਼ਤਾ ਨਾਲ ਇਸ ਬਾਰੇ ਚਰਚਾ ਕੀਤੀ ਹੈ, ਉਹ ਪ੍ਰਸੰਸਾਯੋਗ ਹੈ। ਉਹ ਖੰਡਨ-ਮੰਡਨ ਵਿਚ ਨਹੀਂ ਪਿਆ, ਬਲਕਿ ਜੋ ਅਤੇ ਜਿਵੇਂ ਵਾਪਰਿਆ, ਉਸ ਦਾ ਅੰਕਣ ਕਰਦਾ ਗਿਆ ਹੈ। 36 ਛੋਟੇ-ਛੋਟੇ ਅਧਿਆਵਾਂ ਵਿਚ ਵੰਡੀ ਇਹ ਪੁਸਤਕ ਸੰਘ ਦੀ ਕਹਾਣੀ ਨੂੰ 'ਨਰੇਂਦਰ ਮੋਦੀ' ਕਾਲ ਤੱਕ ਲੈ ਆਉਂਦੀ ਹੈ। ਮੋਦੀ-ਕਾਲ ਵਿਚ ਇਸ ਪਾਰਟੀ ਨੇ ਹਿੰਦੂਤਵ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕੀਤਾ ਪਰ ਇਸ ਪਾਰਟੀ ਦੀ ਕਾਮਯਾਬੀ ਪਿੱਛੇ ਵੱਡੇ-ਵੱਡੇ ਰਾਜਸੀ ਨੇਤਾਵਾਂ ਦੀ ਤਿਕੜਮਪੰਥੀ ਅਤੇ ਕਾਰਪੋਰੇਟ ਜਗਤ ਨੂੰ ਆਪਣੇ ਹੱਥਾਂ ਵਿਚ ਲੈ ਕੇ ਅਥਾਹ ਦੌਲਤ ਦੀ ਤਾਕਤ ਰਹੀ ਹੈ। ਇਸ ਤਾਕਤ ਨੂੰ ਤੋੜੇ ਬਿਨਾਂ ਭਾਜਪਾ ਨੂੰ ਹਰਾਇਆ ਨਹੀਂ ਜਾ ਸਕਦਾ। ...ਇਹ ਇਕ ਚੰਗੀ ਹਵਾਲਾ-ਪੁਸਤਕ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਜ਼ੁਮੈਟੋ ਗਰਲ
ਲੇਖਿਕਾ : ਅੰਮ੍ਰਿਤਪਾਲ ਕਲੇਰ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ ਪਟਿਆਲਾ
ਮੁੱਲ : 190 ਰੁਪਏ, ਸਫ਼ੇ : 86
ਸੰਪਰਕ : 98154-48958
ਲੇਖਿਕਾ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ। ਅੰਮ੍ਰਿਤਪਾਲ ਕਲੇਰ ਪ੍ਰਸਿੱਧ ਕਹਾਣੀਕਾਰ ਭੂਰਾ ਸਿੰਘ ਕਲੇਰ ਦੀ ਸਪੁੱਤਰੀ ਹੈ । ਉਸ ਨੂੰ ਸਾਹਿਤਕ ਮਾਹੌਲ ਘਰ ਵਿਚੋਂ ਮਿਲਿਆ। ਬਚਪਨ ਵਿਚ ਪੰਜਾਬੀ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਲੇਖਿਕਾ ਲੰਮੇ ਸਮੇਂ ਤੋਂ ਨਾਮਵਰ ਅਖਬਾਰਾਂ ਵਿਚ ਛਪ ਰਹੀ ਹੈ। ਆਪਣੇ ਬਚਪਨ, ਸਿੱਖਿਆ, ਸਾਹਿਤਕ ਰੁਝਾਨ ਬਾਰੇ ਉਸ ਨੇ ਕਿਤਾਬ ਦੇ ਆਰੰਭ ਵਿਚ ਲਿਖਿਆ ਹੈ। ਉਹ ਰੇਡੀਓ ਦੀ ਐਂਕਰ, ਪੱਤਰਕਾਰੀ ਡਿਪਲੋਮਾ ਅਤੇ ਮਾਸਟਰ ਡਿਗਰੀ ਹੈ। ਉਸ ਦੀਆਂ ਕਹਾਣੀਆਂ ਵਿਚ ਪੰਜਾਬ ਦੇ ਪਿੰਡਾਂ ਦਾ ਸੱਭਿਆਚਾਰ ਹੈ। ਪਿੰਡਾਂ ਦੀਆਂ ਸੱਥਾਂ, ਪਿੰਡਾਂ ਵਿਚ ਹੁੰਦੇ ਰਿਸ਼ਤੇ, ਪਿੰਡਾਂ ਦੇ ਮੇਲੇ ਘਰੇਲੂ ਔਰਤਾਂ ਦੀਆਂ ਮਜਲਸਾਂ, ਪਿੰਡਾਂ ਵਿਚ ਔਰਤਾਂ ਦੀ ਸਰਪੰਚੀ, ਬੇਮੇਲ ਵਿਆਹ ਬਜ਼ੁਰਗਾਂ ਦੀਆਂ ਰੰਗ ਬਰੰਗੀਆਂ ਗੱਲਾਂ, ਮੇਲਿਆਂ ਵਿਚ ਜੁੜਦੇ ਨੌਜਵਾਨਾ ਦੇ ਦਿਲ, ਕੁਦਰਤੀ ਨਜ਼ਾਰੇ, ਫਸਲਾਂ, ਮੌਸਮ ਪਿੰਡਾਂ ਵਿਚ ਸ਼ਾਮਾਂ, ਸਵੇਰਾਂ, ਪਿੰਡਾਂ ਦਾ ਸਾਦਮੁਰਾਦਾ ਬਚਪਨ, ਪਰਦੇਸਾਂ ਨੂੰ ਗਏ ਲੋਕ ਤੇ ਹੋਰ ਬਹੁਤ ਕੁਝ ਕਹਾਣੀਆਂ ਵਿਚ ਹੈ। ਪਾਤਰਾਂ ਦੇ ਮਲਵਈ ਸੰਵਾਦ ਕਹਾਣੀਆਂ ਦੀ ਵੱਖਰੀ ਪਛਾਣ ਬਣਦੇ ਹਨ। ਕਹਾਣੀਆਂ ਦੇ ਸਿਰਲੇਖ ਕਲਾਤਮਿਕ ਹਨ। ਪੁਸਤਕ ਸਿਰਲੇਖ ਵਾਲੀ ਕਹਾਣੀ ਦੀ ਜਵਾਨ ਕੁੜੀ ਇਕ ਫੈਕਟਰੀ ਵਿਚੋਂ ਸਾਮਾਨ ਲੈ ਕੇ ਮੋਟਰਸਾਈਕਲ 'ਤੇ ਰੱਖ ਘਰ-ਘਰ ਜਾ ਕੇ ਦੇ ਕੇ ਆਉਂਦੀ ਹੈ। ਕੰਪਨੀ ਉਸ ਦਾ ਨਾਂਅ ਬਦਲ ਕੇ ਸੁਖਜੀਤ ਤੋਂ ਸਕਿੰਟੀ ਰੱਖਦੀ ਹੈ। ਉਹ ਹਰਮਨ ਨੂੰ ਪਿਆਰ ਕਰਦੀ ਹੈ। ਮਿਹਨਤੀ ਤੇ ਤੇਜ਼ ਤਰਾਰ ਕੁੜੀ ਹੈ। ਡਾ. ਸਰਬਜੀਤ ਸਿੰਘ ਚੰਡੀਗੜ੍ਹ ਤੇ ਨਾਵਲਕਾਰ ਬੂਟਾ ਸਿੰਘ ਚੌਹਾਨ ਨੇ ਲੇਖਿਕਾ ਦੀ ਕਹਾਣੀ ਕਲਾ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ। ਬੀਰਪਾਲ ਕੌਰ ਹੰਢਿਆਇਆ ਨੇ ਕਹਾਣੀਕਾਰਾ ਨਾਲ ਆਪਣੀ ਨਿੱਜੀ ਤੇ ਸਾਹਿਤਕ ਸਾਂਝ ਦਾ ਜ਼ਿਕਰ ਕੀਤਾ ਹੈ। ਆਪ ਬੀਰਪਾਲ ਕੌਰ ਟਾਈਪਿਸਟ ਹੈ ਤੇ ਸਾਹਿਤਕ ਖਰੜੇ ਟਾਈਪ ਕਰਦੀ ਹੈ। ਸੰਗ੍ਰਹਿ ਵਿਚ ਰੂਹ ਦਾ ਸਾਕ ਗ਼ਰੀਬ ਤੇ ਮਿਹਨਤਕਸ਼ ਪਰਿਵਾਰ ਦੀ ਗਾਥਾ ਹੈ। ਲੀਵ ਆਊਟ ਦਾ ਬਘੇਲ ਸਿੰਘ ਪੋਤਰੀ ਦਾ ਗ਼ੈਰ ਜਾਤੀ ਵਿਚ ਵਿਆਹ ਹੋਣ 'ਤੇ ਦੁਖੀ ਹੈ। ਖੁਦਕਸ਼ੀ ਕਰ ਜਾਂਦਾ ਹੈ। ਕੈਨੇਡਾ ਧੀ ਕੋਲ ਜਾ ਕੇ ਵੀ ਉਦਾਸ ਰਹਿੰਦਾ ਹੈ ਤੇ ਵਾਪਸ ਆ ਜਾਂਦਾ ਹੈ। ਬਦਲ ਗਈ ਮਾਸੀ ਵਿਚ ਰਿਸ਼ਤਿਆਂ ਦਾ ਜੰਜਾਲ ਹੈ, ਧੁਰੋਂ ਪਾਰ ਗਏ ਵਿਚ ਖੰਡਾਂ ਬ੍ਰਹਿਮੰਡਾਂ ਦੀ ਵਿਗਿਆਨਕ ਗੱਲ ਹੈ। ਸਿਵੇ ਦਾ ਧੂੰਆਂ ਦੁਖਾਂਤਿਕ ਕਹਾਣੀ ਹੈ। ਕਰ ਥਈਆ ਥਈਆ ਵਿਚ ਕੁੜੀ ਦਾ ਵਿਆਹ ਬਾਪ ਦੀ ਮਰਜ਼ੀ ਨਾਲ ਉਸ ਮੁੰਡੇ ਨਾਲ ਨਹੀਂ ਹੁੰਦਾ ਜੋ ਉਸ ਦੇ ਸੁਪਨਿਆਂ ਦਾ ਸ਼ਹਿਜ਼ਾਦਾ ਸੀ। ਅਖੀਰ ਇਸੇ ਸਦਮੇ ਨਾਲ ਉਹ ਮਰ ਜਾਂਦੀ ਹੈ। ਸੰਗ੍ਰਹਿ ਦੀਆਂ ਕਹਾਣੀਆਂ ਅਲ੍ਹੜ ਵਰੇਸਾਂ, ਪਲ ਪਲ ਸਹਿਕਦੇ ਰਿਸ਼ਤੇ, ਮੁਛ ਮਰੋੜ, ਟੌਰੇ ਵਾਲੀ ਪੱਗ, ਮੈਂ ਤੇਰੇ ਕੁਰਬਾਨ ਕਥਾ ਰਸ ਭਰਪੂਰ ਦਿਲਚਸਪ ਕਹਾਣੀਆਂ ਹਨ। ਪੁਸਤਕ ਦਾ ਨਿੱਘਾ ਸਵਾਗਤ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160