20-05-2025
ਆਪ੍ਰੇਸ਼ਨ ਸੰਧੂਰ ਜਾਰੀ ਰਹੇਗਾ
ਭਾਵੇਂ ਜੰਗਬੰਦੀ ਦੇ ਐਲਾਨ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨਾਂ ਦੀ ਭਿਆਨਕ ਸਰਹੱਦੀ ਲੜਾਈ ਖ਼ਤਮ ਹੋ ਗਈ ਹੈ, ਪਰ ਭਾਰਤ ਸਰਕਾਰ ਦਾ ਇਹ ਫ਼ੈਸਲਾ ਕਿ 'ਭਵਿੱਖ ਵਿਚ ਭਾਰਤ 'ਚ ਕਿਸੇ ਵੀ ਅੱਤਵਾਦ ਦੀ ਕਾਰਵਾਈ ਨੂੰ ਦੇਸ਼ ਵਿਰੁੱਧ 'ਜੰਗ ਦੀ ਕਾਰਵਾਈ' ਮੰਨਿਆ ਜਾਵੇਗਾ ਅਤੇ ਉਸ ਦਾ ਤਦਨੁਸਾਰ ਜਵਾਬ ਦਿੱਤਾ ਜਾਵੇਗਾ।' ਇਸ ਤੋਂ ਭਾਵ ਇਹ ਹੈ ਕਿ ਪਹਿਲਗਾਮ ਕਤਲੇਆਮ ਦਾ ਬਦਲਾ ਲੈਣ ਲਈ ਭਾਰਤੀ ਹਥਿਆਰਬੰਦ ਸੈਨਾਵਾਂ ਦੁਆਰਾ ਸ਼ੁਰੂ ਕੀਤਾ ਗਿਆ 'ਆਪ੍ਰੇਸ਼ਨ ਸੰਧੂਰ' ਸਰਹੱਦ ਪਾਰ ਅੱਤਵਾਦ ਦੀਆਂ ਸਾਰੀਆਂ ਕਾਰਵਾਈਆਂ ਵਿਰੁੱਧ ਫ਼ੈਸਲਾਕੁੰਨ ਅਤੇ ਸਖ਼ਤ ਕਾਰਵਾਈ ਵਜੋਂ ਜਾਰੀ ਰਹੇਗਾ। ਇਸ ਲਈ, ਇਸ ਗੰਭੀਰ ਸਮੇਂ ਵਿਚ, ਸਾਨੂੰ ਝੂਠੀਆਂ ਅਤੇ ਗ਼ੈਰ ਜ਼ਿੰਮੇਵਾਰਾਨਾ ਗੱਲਾਂ ਵਿਚ ਸ਼ਾਮਿਲ ਨਹੀਂ ਹੋਣਾ ਚਾਹੀਦਾ। ਬਲਕਿ, ਆਪਣੇ ਦੇਸ਼ ਦੀ ਲੀਡਰਸ਼ਿਪ ਅਤੇ ਹਥਿਆਰਬੰਦ ਸੈਨਾਵਾਂ 'ਤੇ ਭਰੋਸਾ ਰੱਖਦੇ ਹੋਏ ਆਓ! ਆਪਾਂ ਸਾਰੇ ਇਕਮੁੱਠ ਹੋਈਏ ਅਤੇ ਦੇਸ਼ ਦੀ ਆਣ-ਬਾਣ-ਸ਼ਾਨ ਲਈ ਆਪਣਾ ਤਨ-ਮਨ-ਧਨ ਨਾਲ ਸਮਰਪਿਤ ਹੋਣ ਦਾ ਸੰਕਲਪ ਲਈਏ। ਜੈ ਭਾਰਤ ਮਾਤਾ ਦੀ।
-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।
ਬਦਲ ਰਹੀ ਜੀਵਨ-ਸ਼ੈਲੀ
ਸਾਡੀ ਜੀਵਨ-ਸ਼ੈਲੀ ਵਿਚ ਬਹੁਤ ਜ਼ਿਆਦਾ ਬਦਲਾਅ ਆ ਚੁੱਕਿਆ ਹੈ ਜਿਸ ਕਾਰਨ ਅਸੀਂ ਤਰ੍ਹਾਂ-ਤਰ੍ਹਾਂ ਦੀ ਬਿਮਾਰੀਆਂ ਜਿਵੇਂ ਦਿਲ ਰੋਗ, ਕੈਂਸਰ, ਸ਼ੂਗਰ, ਦਮਾ ਵਰਗੀ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਖਾਣ-ਪੀਣ ਵਾਲੀਆਂ ਸਾਰੀਆਂ ਚੀਜ਼ਾਂ ਵਿਚ ਮਿਲਾਵਟ ਦਾ ਬਹੁਤ ਬੋਲਬਾਲਾ ਹੈ। ਜਦੋਂ ਅਸੀਂ ਘਰੇਲੂ ਖਰੀਦਦਾਰੀ ਲਈ ਬਾਜ਼ਾਰ ਜਾਂਦੇ ਹਾਂ ਤਾਂ ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਖਾਣ ਨੂੰ ਤਰਜੀਹ ਦਿੰਦੇ ਹਨ। ਬਾਹਰੀ ਖਾਣੇ ਵਿਚ ਰਸਾਇਣਕ ਪਦਾਰਥਾਂ ਦਾ ਬਾਹਰੀ ਖਾਣੇ ਵਿਚ ਬੇਤਹਾਸ਼ਾ ਇਸਤੇਮਾਲ ਹੁੰਦਾ ਹੈ। ਤਿਉਹਾਰਾਂ ਦੇ ਸੀਜ਼ਨ ਵੇਲੇ ਸਿਹਤ ਮੰਤਰਾਲਾ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਤੇ ਮਿਲਾਵਟੀ ਖੋਆ ਫੜਦਾ ਹੈ। ਜੂਸ ਵਿਚ ਅਨਾਰ ਦੀ ਥਾਂ ਕੋਈ ਰਸਾਇਣਕ ਪਦਾਰਥ ਪਾ ਕੇ ਉਸ ਨੂੰ ਲਾਲ ਕਰ ਦਿੱਤਾ ਜਾਂਦਾ ਹੈ। ਕਿਸੇ ਵੀ ਮੈਰਿਜ ਪੈਲੇਸ ਜਾਂ ਕੋਈ ਵੀ ਪਾਰਟੀ ਵਿਚ ਚਲੇ ਜਾਓ, ਬੱਚਿਆਂ ਦੇ ਨਾਲ-ਨਾਲ ਮਾਂ-ਬਾਪ ਵੀ ਜੰਕ ਫੂਡ ਨੂੰ ਬਹੁਤ ਤਰਜੀਹ ਦਿੰਦੇ ਹਨ ਜਿਸ ਕਾਰਨ ਲੋਕ ਬੇਵਕਤੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਤੋਂ ਬਚਣ ਲਈ ਇਨਸਾਨ ਨੂੰ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਕਰਨਾ ਪਵੇਗਾ। ਸਵੇਰੇ ਜਲਦੀ ਉੱਠ ਕੇ ਸੈਰ ਤੇ ਕਸਰਤ ਕਰਨੀ ਚਾਹੀਦੀ ਹੈ। ਸਵੇਰੇ ਤਾਜ਼ੇ ਫ਼ਲਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ । ਘਰ ਦਾ ਬਣਿਆ ਹੋਇਆ ਸਾਫ਼-ਸੁਥਰਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ।
-ਸੰਜੀਵ ਸਿੰਘ ਸੈਣੀ,
ਮੁਹਾਲੀ
ਕਣਕ ਦੇ ਨਾੜ ਨੂੰ ਅੱਗ
ਇਹ ਧਰਤੀ ਇਕੱਲੀ ਮਨੁੱਖ ਦੇ ਰਹਿਣ ਲਈ ਹੀ ਨਹੀਂ, ਸਗੋਂ ਹੋਰ ਵੀ ਅਨੇਕਾਂ ਜੀਵ ਜੰਤੂਆਂ ਦੇ ਰਹਿਣ ਲਈ ਬਣੀ ਹੈ। ਧਰਤੀ 'ਤੇ ਰਹਿਣ ਵਾਲੇ ਵੱਡੀ ਗਿਣਤੀ ਮਨੁੱਖ ਕਿਸੇ ਨਾ ਕਿਸੇ ਧਰਮ ਨੂੰ ਜ਼ਰੂਰ ਮੰਨਦੇ ਹਨ। ਪਰੰਤੂ ਕੋਈ ਵੀ ਧਰਮ ਕੁਦਰਤੀ ਬਨਸਪਤੀ ਨੂੰ ਅੱਗ ਨਾਲ ਫੂਕਣ ਬਾਰੇ ਨਹੀਂ ਕਹਿੰਦਾ, ਸਗੋਂ ਕੁਦਰਤੀ ਬਨਸਪਤੀ ਨੂੰ ਬਚਾਉਣ ਦੇ ਰਾਹ 'ਤੇ ਚੱਲਣ ਦੀ ਹੀ ਸਿੱਖਿਆ ਦਿੰਦਾ ਹੈ। ਜੇਕਰ ਗੱਲ ਇਕੱਲੇ ਪੰਜਾਬ ਦੀ ਹੀ ਕੀਤੀ ਜਾਵੇ ਤਾਂ ਅਨੇਕਾਂ ਹੀ ਕਿਸਾਨ ਇਹ ਤਰਕ ਦੇ ਕੇ ਝੋਨੇ ਦੀ ਪਰਾਲੀ ਨੂੰ ਹਰ ਵਰ੍ਹੇ ਅੱਗ ਲਗਾ ਕੇ ਵਾਤਾਵਰਨ ਦੂਸ਼ਿਤ ਕਰਦੇ ਹਨ ਕਿ ਅੱਗ ਲਗਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਉਨ੍ਹਾਂ ਕੋਲ। ਜਦਕਿ ਕਣਕ ਦਾ ਨਾੜ ਝੋਨਾ ਲਗਾਉਣ ਤੱਕ ਆਪਣੇ ਆਪ ਹੀ ਖ਼ਤਮ ਹੋ ਜਾਂਦਾ ਹੈ। ਕਣਕ ਦੇ ਨਾੜ ਨੂੰ ਅੱਗ ਲਗਾਉਣਾ ਕਿਸਾਨਾਂ ਦੀ ਕੋਈ ਮਜਬੂਰੀ ਨਹੀਂ ਸਗੋਂ ਗੰਦੀ ਆਦਤ ਤੇ ਕਾਨੂੰਨ ਦਾ ਡਰ ਨਾ ਹੋਣਾ ਹੀ ਹੈ। ਨਾੜ ਨੂੰ ਅੱਗ ਲਗਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ, ਇਸ ਤੋਂ ਇਲਾਵਾ ਅਨੇਕਾਂ ਮਿੱਤਰ ਕੀੜੇ ਵੀ ਅੱਗ ਦੀ ਬਲੀ ਚੜ੍ਹ ਜਾਂਦੇ ਹਨ। ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਟਾਲਾ ਹੀ ਵੱਟਣਾ ਚਾਹੀਦਾ ਹੈ ਤਾਂ ਕਿ ਕੁਦਰਤ ਦੀ ਦਿਨੋ ਦਿਨ ਹੋ ਰਹੀ ਬਰਬਾਦੀ ਨੂੰ ਰੋਕਿਆ ਜਾ ਸਕੇ।
-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਆਤਮ-ਨਿਰੀਖਣ
ਹਰੇਕ ਮਨੁੱਖ ਅੰਦਰ ਗੁਣਾਂ ਦਾ ਖਜ਼ਾਨਾ ਛੁਪਿਆ ਹੁੰਦਾ ਹੈ। ਮਨੋਵਿਗਿਆਨ ਅਨੁਸਾਰ ਸਾਡੇ ਅੰਦਰ 75 ਫ਼ੀਸਦੀ ਗੁਣ ਜਮਾਂਦਰੂ, ਖ਼ਾਨਦਾਨੀ ਹੁੰਦੇ ਹਨ ਅਤੇ 15 ਫ਼ੀਸਦੀ ਹੋਰ ਗੁਣ ਜਦੋਂ ਸਾਡੀ ਉਮਰ ਸਿਰਫ਼ ਪੰਜ ਸਾਲਾਂ ਦੀ ਹੁੰਦੀ ਹੈ ਤਾਂ ਜੁੜ ਜਾਂਦੇ ਹਨ। ਇਸ ਤਰ੍ਹਾਂ 5 ਸਾਲ ਦੀ ਉਮਰ ਵਿਚ ਹੀ ਸਾਡੇ ਅੰਦਰ 90 ਫ਼ੀਸਦੀ ਗੁਣਾ ਦਾ ਖਜ਼ਾਨਾ ਛੁਪਿਆ ਹੁੰਦਾ ਹੈ। ਲੋੜ ਹੁੰਦੀ ਹੈ ਆਪਣੇ ਅੰਦਰ ਛੁਪੇ ਗੁਣਾਂ ਦੇ ਖਜ਼ਾਨੇ ਨੂੰ ਖੋਜਣ ਦੀ ਅਤੇ ਇਨ੍ਹਾਂ ਛੁਪੇ ਗੁਣਾਂ ਦੇ ਅਨੁਸਾਰ ਜੀਵਨ ਦਾ ਨਿਸ਼ਾਨਾ ਨਿਰਧਾਰਿਤ ਕਰਨ ਦੀ। ਮਨੋਵਿਗਿਆਨੀਆਂ ਅਨੁਸਾਰ ਇਨ੍ਹਾਂ ਛੁਪੇ ਗੁਣਾਂ ਨੂੰ ਪਹਿਚਾਨਣ ਲਈ ਸਭ ਤੋਂ ਉੱਤਮ ਢੰਗ ਆਤਮ ਨਿਰੀਖਣ ਵਿਧੀ ਹੁੰਦੀ ਹੈ। ਆਤਮ ਨਿਰੀਖਣ ਜਾਂ ਦਰਸ਼ਨ ਵਿਧੀ ਵਿਚ ਵਿਅਕਤੀ ਆਪਣੇ ਦਿਮਾਗ ਤੇ ਮਨ ਦੇ ਕੰਮਾਂ ਦਾ ਕ੍ਰਮਬੱਧ ਢੰਗ ਨਾਲ ਅਧਿਐਨ ਕਰਦਾ ਹੈ। ਇਸ ਵਿਧੀ ਵਿਚ ਮਨੁੱਖ ਕਿਸੇ ਵੀ ਘਟਨਾ ਜਾਂ ਸਥਿਤੀ ਦੇ ਸੰਬੰਧ ਵਿਚ ਆਪਣੇ ਵਿਹਾਰ ਨੂੰ ਸਮਝਦਾ ਹੈ, ਵਿਸ਼ਲੇਸ਼ਣ ਕਰਦਾ ਹੈ ਤੇ ਆਪਣੀ ਰਣਨੀਤੀ ਬਣਾਉਂਦਾ ਹੈ। ਆਤਮ ਨਿਰੀਖਣ ਵਿਧੀ ਵਿਚ ਮਨੁੱਖ ਸਥਿਤੀ ਦੇ ਹਿਸਾਬ ਨਾਲ ਚਿੰਤਨ ਕਰਕੇ ਆਪਣੀਆਂ ਮਾਨਸਿਕ ਯੋਗਤਾਵਾਂ 'ਤੇ ਸਮਰੱਥਾਵਾਂ ਵਿਚ ਵਾਧਾ ਕਰਦਾ ਹੈ। ਮਾਨਸਿਕ ਕਿਰਿਆਵਾਂ ਵਿਚ ਵਾਧੇ ਦੇ ਨਾਲ ਹੀ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨਾ ਸਿੱਖਦਾ ਹੈ।
-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ, ਹੁਸ਼ਿਆਰਪੁਰ।
ਜੰਗਬੰਦੀ ਦਾ ਐਲਾਨ
ਬੇਸ਼ੱਕ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ। ਜੋ ਟਰੰਪ ਕਰਕੇ ਸੰਭਵ ਹੋ ਸਕਿਆ ਪਰ ਦੋਵਾਂ ਦੇਸ਼ਾਂ ਦੇ ਲਈ ਲਾਹੇਵੰਦ ਹੈ। ਆਪ੍ਰੇਸ਼ਨ ਸੰਧੂਰ ਬੇਹੱਦ ਸਫਲ ਰਿਹਾ। ਭਾਰਤੀ ਸੈਨਾ ਦੇ ਵੀਰ ਜਵਾਨਾਂ ਨੇ ਆਪਰੇਸ਼ਨ ਸੰਧੂਰ ਦੇ ਤਹਿਤ ਕਈ ਅੱਤਵਾਦੀ ਟਿਕਾਣਿਆਂ ਨੂੰ ਖ਼ਤਮ ਕੀਤਾ ਅਤੇ ਕਈ ਅੱਤਵਾਦੀ ਮਾਰ ਦਿੱਤੇ ਹਨ। ਭਾਰਤੀਆਂ ਨੇ ਪਾਕਿਸਤਾਨ ਸਥਿਤ ਅੱਤਵਾਦੀਆਂ ਨੂੰ ਸਿਖਲਾਈ ਦੇ ਰਹੇੇ ਕਈ ਕੈਂਪਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਨੂੰ ਤਹਿਸ ਨਹਿਸ ਕਰ ਦਿੱਤਾ। ਪਾਕਿਸਤਾਨ ਨੂੰ ਆਪਣੀਆਂ ਬਹੁਤ ਸਾਰੀਆਂ ਉਡਾਨਾਂ ਨੂੰ ਡਾਈਵਰਟ ਕਰਨਾ ਪਿਆ ਉਥੇ ਆਪਣੇ ਬਹੁਤ ਸਾਰੇ ਹਵਾਈ ਅੱਡੇ ਬੰਦ ਕਰਨੇ ਪਏ। ਇਸੇ ਤਰ੍ਹਾਂ ਭਾਰਤ ਨੂੰ ਵੀ ਇਹੀ ਕੁਝ ਕਰਨਾ ਪਿਆ। ਭਾਰਤ ਵਿਚ ਮੌਕ ਡਰਿੱਲ ਕਾਰਵਾਈ ਕੀਤੀ ਗਈ ਜੋ ਕਿ ਸਫ਼ਲ ਰਹੀ ਅਤੇ ਭਾਰਤ ਦੇ ਸਾਰੇ ਨਾਗਰਿਕਾਂ ਨੇ ਸਹਿਯੋਗ ਦਿੱਤਾ। ਚਾਹੇ 1965 ਦੀ ਜੰਗ ਹੋਵੇ ਜਾਂ 1971 ਦੀ ਜੰਗ, ਚਾਹੇ ਕਾਰਗਿਲ ਦਾ ਯੁੱਧ ਹੋਵੇ ਚਾਹੇ ਹੁਣ ਵਾਲਾ ਯੁੱਧ, ਪਾਕਿਸਤਾਨ ਨੂੰ ਹਮੇਸ਼ਾ ਆਪਣੇ ਮੂੰਹ ਦੀ ਖਾਣੀ ਪਈ। ਪਰ ਪਾਕਿਸਤਾਨ ਆਪਣੀਆਂ ਦਹਿਸ਼ਤਗਰਦੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਨਹੀਂ ਹਟਿਆ। ਪਰ ਫਿਰ ਵੀ ਆਪਣੀਆਂ ਤਿੰਨੋ ਸੈਨਾਵਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਭਾਰਤੀ ਲੋਕਾਂ ਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ। ਕਿਉਂਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ। ਬੇਸ਼ੱਕ ਜੰਗਬੰਦੀ ਹੋ ਚੁੱਕੀ ਹੈ ਪਰ ਫਿਰ ਵੀ ਭਾਰਤੀ ਫ਼ੌਜਾਂ ਅਤੇ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਦੇ ਮਾੜੇ ਮਨਸੂਬਿਆਂ ਤੋਂ ਚੌਕਸ ਰਹਿਣਾ ਚਾਹੀਦਾ ਹੈ।
-ਨਰਿੰਦਰ ਭੱਪਰ ਝਬੇਲਵਾਲੀ
ਜ਼ਿਲਾ ਸ੍ਰੀ ਮੁਕਤਰ ਸਾਹਿਬ।