07-05-2025
ਸੈਲਾਨੀਆਂ 'ਤੇ ਹਮਲਾ ਨਿੰਦਣਯੋਗ
ਪਿਛਲੇ ਦਿਨੀਂ ਅੱਤਵਾਦੀਆਂ ਨੇ ਸੈਲਾਨੀਆਂ 'ਤੇ ਘਾਤਕ ਹਮਲਾ ਕੀਤਾ, ਜਿਸ ਵਿਚ 26 ਭਾਰਤੀ ਤੇ ਦੋ ਵਿਦੇਸ਼ੀ ਸੈਲਾਨੀਆਂ ਦੀ ਮੌਤ ਹੋ ਗਈ। ਦੇਸ਼ ਵਿਚ ਇਕ ਸੋਗ ਦੀ ਲਹਿਰ ਫੈਲ ਗਈ। ਕਈ ਸੈਲਾਨੀ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋਏ। ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਤਸਵੀਰਾਂ ਵਾਇਰਲ ਵੀ ਹੋਈਆਂ ਇਕ ਨਵਾਂ ਵਿਆਹਿਆ ਜੋੜਾ ਜਿਸ ਦਾ ਅਜੇ ਹਫ਼ਤਾ ਪਹਿਲਾਂ ਹੀ ਵਿਆਹ ਹੋਇਆ ਸੀ, ਉਹ ਘੁੰਮਣ ਲਈ ਕਸ਼ਮੀਰ ਗਏ ਸਨ। ਪਤੀ ਦੀ ਲਾਸ਼ ਕੋਲ ਵਿਰਲਾਪ ਕਰਦੀ ਹੋਈ ਉਸ ਕੁੜੀ ਦੀ ਫੋਟੋ ਵਾਇਰਲ ਹੋਈ, ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਜਿਨ੍ਹਾਂ ਦੇ ਪਰਿਵਾਰਾਂ 'ਚੋਂ ਮੈਂਬਰ ਚਲੇ ਗਏ ਹਨ, ਉਨ੍ਹਾਂ ਨੂੰ ਪੁੱਛ ਕੇ ਦੇਖੋ ਉਨ੍ਹਾਂ ਦੇ ਦਿਲ 'ਤੇ ਕੀ ਬੀਤ ਰਹੀ ਹੋਣੀ। ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਘਿਨਾਉਣੇ ਕੰਮ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਜਿਹਾ ਘਿਣਾਉਣਾ ਅਣਮਨੁੱਖੀ ਕੰਮ ਮਾਫ਼ ਕਰਨ ਯੋਗ ਨਹੀਂ ਹੈ। ਪੂਰੇ ਦੇਸ਼ ਦੇ ਲੋਕਾਂ ਦੀ ਸੈਲਾਨੀਆਂ ਪ੍ਰਤੀ ਹਮਦਰਦੀ ਹੈ। ਸੈਲਾਨੀਆਂ 'ਤੇ ਹੋਏ ਬੇਰਹਿਮ ਅੱਤਵਾਦੀ ਹਮਲੇ ਤੋਂ ਸਾਰੇ ਹੀ ਦੁਖੀ ਹਨ। ਮਿਨੀ ਸਵਿਟਜ਼ਰਲੈਂਡ ਵਜੋਂ ਜਾਣਿਆ ਜਾਂਦਾ ਇਹ ਖੇਤਰ ਅੱਜ ਜਿੱਥੇ ਇਹ ਕਤਲੇਆਮ ਹੋਇਆ ਹੈ, ਬਹੁਤ ਦੁੱਖ ਵਾਲੀ ਗੱਲ ਹੈ। ਇਸ ਖੇਤਰ ਵਿਚ ਬਹੁਤ ਸੈਲਾਨੀ ਜਾਂਦੇ ਹਨ। ਸ਼ਾਂਤ ਏਰੀਆ ਹੈ। ਬਾਕੀ ਸਮਾਂ ਬਹੁਤ ਵਡਮੁੱਲੀ ਦਾਤ ਹੈ, ਸਮੇਂ ਦਾ ਕੁਝ ਵੀ ਨਹੀਂ ਪਤਾ ਹੈ। ਨਿਹੱਥੇ ਅਤੇ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਮਨੁੱਖਤਾ ਵਿਰੁੱਧ ਅਪਰਾਧ ਹੈ। ਘਟਨਾ ਲਈ ਜ਼ਿੰਮੇਵਾਰੀ ਦੋਸ਼ੀਆਂ ਨੂੰ ਤੁਰੰਤ ਫੜ ਕੇ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੀ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ
ਸੈਰ ਕਰਨਾ ਬਹੁਤ ਜ਼ਰੂਰੀ'
ਜਿਵੇਂ ਆਪਣਾ ਸਰੀਰ ਠੀਕ ਰੱਖਣ ਲਈ ਸਹੀ ਖਾਣਾ-ਪੀਣਾ ਜ਼ਰੂਰੀ ਹੈ, ਉਵੇਂ ਹੀ ਚੰਗੀ ਸਿਹਤ ਲਈ ਸੈਰ ਕਰਨਾ ਵੀ ਬਹੁਤ ਜ਼ਰੂਰੀ ਹੈ। ਸਵੇਰੇ ਦੀ ਸੈਰ ਨਿਰੋਗ ਜੀਵਨ ਦਾ ਆਧਾਰ ਹੁੰਦੀ ਹੈ, ਭੋਜਨ ਨੂੰ ਹਜ਼ਮ ਕਰਨ ਲਈ ਮਨੁੱਖ ਨੂੰ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ. ਸੈਰ ਕਰਨ ਨਾਲ ਮਨੁੱਖ ਦੀ ਪਾਚਣ ਸ਼ਕਤੀ ਠੀਕ ਰਹਿੰਦੀ ਹੈ। ਬਿਮਾਰੀ ਦੀ ਹਾਲਤ ਵਿਚ ਛੇਤੀ ਹੀ ਸਿਆਣੇ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਸਾਨੂੰ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਮਨਪ੍ਰਚਾਵਾ ਕਰਨਾ ਚਾਹੀਦਾ ਹੈ। ਸੈਰ ਕਰਨ ਨਾਲ ਸਾਨੂੰ ਸ਼ੁੱਧ ਹਵਾ ਮਿਲਦੀ ਹੈ। ਇਸ ਲਈ ਸਾਨੂੰ ਸਵੇਰੇ ਦੀ ਸੈਰ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਸਾਡਾ ਸਰੀਰ ਤੰਦਰੁਸਤ ਅਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ।
-ਸਤਵਿੰਦਰ ਕੌਰ ਮੱਲ੍ਹੇਵਾਲ।
ਸਿਹਤ ਦਾ ਧਿਆਨ ਰੱਖੋ
ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਪਿਛਲੇ ਕੁਝ ਦਿਨਾਂ ਤੋਂ ਤੇਜ਼ ਹਵਾਵਾਂ ਅਤੇ ਹਨੇਰੀ ਚੱਲਣ ਕਰਕੇ ਚਾਹੇ ਤਾਪਮਾਨ ਵਿਚ ਕਮੀ ਆਈ ਹੈ। ਪਰ ਸ਼ੁਰੂਆਤ ਵਿਚ ਹੀ ਇਕ ਦੋ ਦਿਨ ਪਈ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਸੀ। ਆਉਣ ਵਾਲੇ ਦਿਨਾਂ ਵਿਚ ਵੀ ਬਹੁਤ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ। ਜੇਕਰ ਕੋਈ ਵੀ ਪ੍ਰੋਗਰਾਮ ਕਰਨਾ ਹੋਵੇ ਤਾਂ ਸਾਨੂੰ ਮੌਸਮ ਨੂੰ ਧਿਆਨ ਵਿਚ ਰੱਖ ਕੇ ਹੀ ਕਰਨਾ ਚਾਹੀਦਾ ਹੈ। ਗਰਮੀ ਬੱਚਿਆਂ, ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਬਹੁਤ ਜਲਦੀ ਆਪਣੀ ਲਪੇਟ ਵਿਚ ਲੈ ਲੈਂਦੀ ਹੈ। ਸਾਰਿਆਂ ਨੂੰ ਹੀ ਗਰਮੀ ਨੂੰ ਧਿਆਨ ਵਿਚ ਰੱਖਦੇ ਹੋਏ ਖਾਣਾ ਪੀਣਾ, ਕੱਪੜੇ ਵਗੈਰਾ ਪਹਿਨਣੇ ਚਾਹੀਦੇ ਹਨ। ਸਾਡੀ ਆਮ ਲੋਕਾਂ ਨੂੰ ਵੀ ਬੇਨਤੀ ਹੈ ਕਿ ਬਿਨਾਂ ਕੰਮ ਤੋਂ ਘਰਾਂ ਵਿਚੋਂ ਬਾਹਰ ਨਾ ਨਿਕਲੀਏ। ਜੋ ਘਰ ਜਾਂ ਬਾਹਰ ਦੇ ਜ਼ਰੂਰੀ ਕੰਮ ਹਨ, ਉਹ ਸਵੇਰੇ ਜਾਂ ਸ਼ਾਮ ਨੂੰ ਕਰ ਲੈਣੇ ਚਾਹੀਦੇ ਹਨ। ਆਓ, ਆਪਾਂ ਸਾਰੇ ਹੀ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਆਪਣੀ-ਆਪਣੀ ਸਿਹਤ ਦਾ ਧਿਆਨ ਰੱਖੀਏ। ਗਰਮੀ ਤੋਂ ਆਪਣਾ ਬਚਾਅ ਕਰੀਏ।
-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਮਿਹਨਤੀ ਬਣੋ
ਸਖ਼ਤ ਮਿਹਨਤ ਇਕ ਅਜਿਹੀ ਚੀਜ਼ ਹੈ, ਜੋ ਅਸੰਭਵ ਨੂੰ ਸੰਭਵ ਬਣਾਉਂਦੀ ਹੈ। ਇਹ ਸਫ਼ਲਤਾ ਦੀ ਕੁੰਜੀ ਹੈ। ਮਿਹਨਤ ਦਾ ਮਤਲਬ ਹੈ ਆਪਣੇ ਕੰਮ ਅਤੇ ਟੀਚਿਆਂ 'ਤੇ ਧਿਆਨ ਕੇਂਦਰਿਤ ਕਰਨਾ। ਹਰ ਸਫ਼ਲ ਵਿਅਕਤੀ ਦੀ ਸਫਲਤਾ ਪਿੱਛੇ ਉਸ ਦੀ ਮਿਹਨਤ ਹੁੰਦੀ ਹੈ। ਇਹ ਨਾ ਸਿਰਫ਼ ਜ਼ਿੰਦਗੀ ਨੂੰ ਬਦਲ ਸਕਦੀ ਹੈ, ਸਗੋਂ ਤੁਹਾਡੇ ਸਵੈ-ਮਾਣ ਨੂੰ ਵੀ ਵਧਾਉਂਦੀ ਹੈ। ਸਾਨੂੰ ਕਿਸੇ ਵੀ ਸਥਿਤੀ ਵਿਚ ਹਾਰ ਨਹੀਂ ਮੰਨਣੀ ਚਾਹੀਦੀ। ਹਮੇਸ਼ਾ ਸਖ਼ਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਅਤੇ ਹਾਲਾਤਾਂ ਬਾਰੇ ਚਿੰਤਾ ਕਰਨੀ ਛੱਡ ਦੇਣੀ ਚਾਹੀਦੀ ਹੈ। ਸਿਰਫ਼ ਮਿਹਨਤ ਨਾਲ ਹੀ ਅਸਲ ਸਫ਼ਲਤਾ ਮਿਲਦੀ ਹੈ।
-ਗਗਨਦੀਪ ਸਿੰਘ ਸਮਰਾਲਾ
ਵਧੀਆ ਲੇਖ
ਪਿਛਲੇ ਦਿਨੀਂ ਜਗਮੋਹਨ ਸਿੰਘ ਲੱਕੀ ਦਾ ਲੇਖ 'ਕਿਤਾਬਾਂ ਦੇ ਲੰਗਰ ਲਾਉਣ ਦੀ ਲੋੜ' ਬਹੁਤ ਹੀ ਸ਼ਲਾਘਾਯੋਗ ਅਤੇ ਅੱਜ ਦੀ ਲੋੜ ਮੁਤਾਬਿਕ ਬਿਆਨਿਆ ਗਿਆ ਲੇਖ ਹੈ। ਅਸੀਂ ਭੋਜਨ ਦੇ ਲੰਗਰ, ਦਵਾਈ ਤੇ ਕੱਪੜਿਆਂ ਦੇ ਲੰਗਰ ਲਗਾਉਂਦੇ ਹਾਂ ਪਰੰਤੂ ਇਨ੍ਹਾਂ ਦੇ ਨਾਲ-ਨਾਲ ਕਿਤਾਬਾਂ ਦੇ ਲੰਗਰ ਲਗਾਉਣੇ ਬਹੁਤ ਜ਼ਰੂਰੀ ਹਨ।
ਇਸ ਨਾਲ ਅੱਜ ਦੇ ਨੌਜਵਾਨਾਂ ਉਸਾਰੂ ਸੇਧ ਮਿਲੇਗੀ ਅਤੇ ਉਹ ਪੜ੍ਹਨ ਲਈ ਉਤਸਾਹਿਤ ਹੋਣਗੇ ਤੇ ਨਸ਼ਿਆਂ ਨੂੰ ਕਿਸੇ ਹੱਦ ਤੱਕ ਠੱਲ੍ਹ ਪਏਗੀ ਅਤੇ ਸਾਡੇ ਮਾਣ ਮੱਤੇ ਇਤਿਹਾਸ ਤੋਂ ਉਹ ਜਾਣੂ ਹੋਣਗੇ ਜਿਸ ਦੀ ਅਜੋਕੇ ਸਮੇਂ ਵਿਚ ਬਹੁਤ ਲੋੜ ਹੈ। ਬਹੁਤ ਥਾਂ ਇਹ ਸੇਵਾ ਜਾਰੀ ਹੈ ਪਰੰਤੂ ਹੋਰ ਲੋੜ ਹੈ। ਸਵ. ਸਰੂਪ ਸਿੰਘ ਅਲੱਗ ਵਲੋਂ ਇਹ ਪਰੰਪਰਾ ਚਲਾਈ ਗਈ ਹੈ।
-ਹਰੀ ਸਿੰਘ 'ਚਮਕ'
62 ਪਰਲ ਇਨਕਲੇਵ, ਫਤਿਹਗੜ੍ਹ ਸਾਹਿਬ।