JALANDHAR WEATHER

11-04-2025

 ਸਰੀਰਕ ਸਿਹਤ ਦਾ ਖਜ਼ਾਨਾ

ਅੱਜ ਦੇ ਜ਼ਮਾਨੇ ਵਿਚ ਸਿਹਤ ਠੀਕ ਰਹਿਮੀ ਬਹੁਤ ਜ਼ਰੂਰੀ ਹੈ। ਜੇ ਅਸੀਂ ਤੰਦਰੁਸਤ ਹਾਂ ਤਾਂ ਸੰਸਾਰ ਵੀ ਸਾਨੂੰ ਸੋਹਣਾ ਲੱਗਦਾ ਹੈ। ਨਹੀਂ ਤਾਂ ਆਪਣੇ ਹੀ ਘਰ ਦੇ ਮੈਂਬਰਾਂ 'ਤੇ ਖਿਝ ਆਉਣ ਲੱਗਦੀ ਹੈ। ਸਿਆਣੇ ਕਹਿੰਦੇ ਹਨ ਕਿ ਜੇ ਅਸੀਂ ਤੰਦਰੁਸਤ ਹਾਂ ਤਾਂ ਸੁੱਕੀਆਂ ਰੋਟੀਆਂ ਵੀ ਪਰੌਂਠਿਆਂ ਵਾਂਗੂੰ ਲੱਗਦੀਆਂ ਹਨ। ਜੇ ਅਸੀਂ ਸਿਹਤ ਪੱਖੋਂ ਤੰਦਰੁਸਤ ਨਹੀਂ, ਤਾਂ ਚਾਹੇ ਪਾਰਕ ਜਾਂ ਬਗੀਚੇ ਵਿਚ ਬੈਠ ਜਾਈਏ, ਭਾਵੇਂ ਪੰਜ ਤਾਰਾ ਹੋਟਲ ਵਿਚ ਬੈਠ ਕੇ ਖਾਣਾ ਖਾ ਲਈਏ, ਫਿਰ ਵੀ ਜ਼ਿੰਦਗੀ ਦਾ ਆਨੰਦ ਨਹੀਂ ਆਉਂਦਾ।
ਚੰਗੀ ਸਿਹਤ ਲਈ ਸੈਰ ਤੇ ਕਸਰਤ ਕਰੋ। ਹੋ ਸਕੇ ਤਾਂ ਸਾਈਕਲ ਵੀ ਚਲਾਓ। ਜੰਕ ਫੂਡ ਤੋਂ ਪਰਹੇਜ਼ ਕਰੋ। ਹਮੇਸ਼ਾ ਭੁੱਖ ਰੱਖ ਕੇ ਖਾਓ। ਪੇਟ ਨੂੰ ਕੂੜਾਦਾਨ ਨਾ ਬਣਾਓ। ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹੋ। ਮਾਂ-ਪਿਓ ਦਾ ਸਤਿਕਾਰ ਕਰੋ। ਘਰ ਪਰਿਵਾਰਕ ਸਾਂਝ, ਪਿਆਰ, ਨਿਮਰਤਾ, ਸਹਿਣਸ਼ੀਲਤਾ ਨਾਲ ਬਣਦਾ ਹੈ। ਚੰਗੀ ਸਿਹਤ ਲਈ ਵਧੀਆ ਪੌਸ਼ਟਿਕ ਭੋਜਨ ਖਾਓ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਭਾਈਚਾਰਕ ਸਾਂਝ ਦੀ ਅਹਿਮੀਅਤ

ਮਨੁੱਖ ਇਕ ਸਮਾਜੀ ਜੀਵ ਹੈ ਅਤੇ ਸਮਾਜ ਵਿਚ ਰਹਿੰਦਿਆਂ ਉਸ ਨੂੰ ਦੂਸਰਿਆਂ ਨਾਲ ਮੇਲ-ਮਿਲਾਪ ਰੱਖਣਾ ਤੇ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ, ਅਜਿਹਾ ਕਰਨ ਨਾਲ ਹੀ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ। ਸਿਆਣਿਆਂ ਦਾ ਕਥਨ ਹੈ ਕਿ ਕਿਸੇ ਦੀ ਖ਼ੁਸ਼ੀ ਵਿਚ ਸ਼ਾਮਿਲ ਹੋਣ ਨਾਲ ਉਸ ਦੀ ਖ਼ੁਸ਼ੀ ਵਿਚ ਵਾਧਾ ਹੁੰਦਾ ਹੈ ਅਤੇ ਕਿਸੇ ਦੇ ਦੁੱਖ ਜਾਂ ਗ਼ਮ ਵਿਚ ਸ਼ਰੀਕ ਹੋਣ ਨਾਲ ਉਸ ਦਾ ਦੁੱਖ/ਗ਼ਮ ਘੱਟਦਾ ਹੈ। ਕਿਸੇ ਦੀ ਖ਼ੁਸ਼ੀ ਦੇ ਮੌਕੇ 'ਤੇ ਭਾਵੇਂ ਸ਼ਾਮਿਲ ਹੋਣਾ ਰਹਿ ਜਾਵੇ, ਪਰ ਦੁੱਖ ਜਾਂ ਗ਼ਮ ਵਿਚ ਜ਼ਰੂਰ ਸ਼ਰੀਕ ਹੋਣਾ ਚਾਹੀਦਾ ਹੈ। ਅਜੋਕੇ ਸਮੇਂ ਭਾਈਚਾਰਕ ਸਾਂਝ ਖ਼ਤਮ ਹੁੰਦੀ ਜਾ ਰਹੀ ਹੈ, ਕਿਉਂਕਿ ਲੋਕ ਦੂਜਿਆਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਨਹੀਂ ਹੁੰਦੇ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।