ਸਰਪੰਚ ਵਲੋਂ ਆਪਣੇ ਚਹੇਤਿਆਂ ਨੂੰ ਛੱਪੜ 'ਤੇ ਨਾਜਾਇਜ਼ ਕਬਜ਼ਾ ਕਰਵਾਉਣ ਦੇ ਲੱਗੇ ਦੋਸ਼
ਚੋਗਾਵਾਂ/ ਅੰਮ੍ਰਿਤਸਰ, 8 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ )- ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਵਣੀਏਕੇ ਦੇ ਛੱਪੜ ਉੱਪਰ ਪਿੰਡ ਦੇ ਸਰਪੰਚ ਵਲੋਂ ਆਪਣੇ ਚਹੇਤਿਆਂ ਨੂੰ ਨਾਜਾਇਜ਼ ਕਬਜ਼ਾ ਕਰਵਾਉਣ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਸਾਬਕਾ ਚੇਅਰਮੈਨ ਗੁਰਭੇਜ ਸਿੰਘ ਵਣੀਏਕੇ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਜੋ ਪ੍ਰੋਜੈਕਟ ਅਸੀਂ ਪਿਛਲੀ ਸਰਕਾਰ ਸਮੇਂ ਬਣਾਏ ਸਨ ਉਸ ਨੂੰ ਮੌਜੂਦਾ ਸਰਪੰਚ ਤਹਿਸ-ਨਹਿਸ ਕਰ ਰਿਹਾ ਹੈ। ਪਿੰਡ ਦਾ ਛੱਪੜ 8 ਏਕੜ ਦੇ ਕਰੀਬ ਹੈ। ਪਰ ਪਿੰਡ ਦੇ ਸਰਪੰਚ ਮਿਲਖਾ ਸਿੰਘ ਨੇ ਸੁਖਦੇਵ ਸਿੰਘ ਵਲੋਂ ਠੇਕੇ 'ਤੇ ਲਈ ਪੰਚਾਇਤੀ ਜਮੀਨ ਵਿਚੋਂ ਧੱਕੇ ਨਾਲ ਮਿੱਟੀ ਪਟਾ ਕੇ ਛੱਪੜ ਦੀ ਜਗ੍ਹਾ 'ਤੇ ਪਾਈ ਜਾ ਰਹੀ ਹੈ। ਆਪਣੇ ਚਹੇਤਿਆਂ ਦਾ ਨਾਜਾਇਜ਼ ਕਬਜ਼ਾ ਕਰਵਾਇਆ ਜਾ ਰਿਹਾ ਹੈ। ਪਿੰਡ ਦਾ ਛੱਪੜ ਹੁਣ ਕਰੀਬ 4 ਏਕੜ ਦੇ ਕਰੀਬ ਰਹਿ ਗਿਆ ਹੈ। ਜੇਕਰ ਪਿੰਡ ਦੇ ਗ਼ਰੀਬਾਂ ਨੂੰ ਪਲਾਟ ਕੱਟ ਕੇ ਦੇਣੇ ਹਨ ਤਾਂ ਸਰਕਾਰ ਦੀ ਮਨਜ਼ੂਰੀ ਲੈ ਕੇ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਜਾਣ ਨਾ ਕਿ ਆਪਣੇ ਚਹੇਤਿਆਂ ਨੂੰ ਦਿੱਤੇ ਜਾਣ ? ਉਨ੍ਹਾਂ ਅੱਗੇ ਕਿਹਾ ਜਦੋਂ ਉਨ੍ਹਾਂ ਆਪਣੀ ਪੰਚਾਇਤ ਛੱਡੀ ਤਾਂ ਉਨ੍ਹਾਂ ਡੇਢ ਕਰੋੜ ਰੁਪਿਆ ਮੌਜੂਦਾ ਸਰਪੰਚ ਦੇ ਖਾਤੇ ਵਿਚ ਛੱਡਿਆ ਸੀ । ਜਿਸ ਦਾ ਹੁਣ ਕੋਈ ਅਤਾ ਪਤਾ ਨਹੀਂ? ਉਨ੍ਹਾਂ ਕਿਹਾ ਕਿ ਅਸੀਂ ਇਸ ਸੰਬੰਧੀਬੀ. ਡੀ. ਪੀ.ਓ. ਚੋਗਾਵਾਂ ਨੂੰ ਲਿਖਤੀ ਦਰਖਾਸਤਾਂ ਵੀ ਦਿੱਤੀਆਂ। ਪਰ ਸਰਪੰਚ ਵਲੋਂ ਜੇ.ਸੀ.ਬੀ. ਨਾਲ ਮਿੱਟੀ ਪਟਾਉਣੀ ਬੰਦ ਨਾ ਕੀਤੀ। ਇੱਥੇ ਹੀ ਬੱਸ ਨਹੀਂ ਜਦੋਂ ਅਸੀਂ ਛੱਪੜ ਦੇ ਕਬਜ਼ੇ ਦਾ ਵਿਰੋਧ ਕੀਤਾ ਤਾਂ ਸਾਨੂੰ ਸਰਪੰਚ ਮਿਲਖਾ ਸਿੰਘ ਦੀ ਸ਼ਹਿ 'ਤੇ ਸਵਿੰਦਰ ਸਿੰਘ, ਜਸਬੀਰ ਸਿੰਘ ਅਤੇ ਮਹਾਂਬੀਰ ਸਿੰਘ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
;
;
;
;
;
;
;
;