ਚੰਡੀਗੜ੍ਹ 'ਚ ਮੁੜ ਬੰਬ ਧਮਾਕੇ ਦੀ ਈ.ਮੇਲ ਧਮਕੀ, ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ, ਡੀਜੀਪੀ, ਸਕੱਤਰੇਤ ਨਿਸ਼ਾਨੇ 'ਤੇ
ਚੰਡੀਗੜ੍ਹ, 6 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਵਿਚ ਉਸ ਸਮੇਂ ਇਕ ਵਾਰ ਫਿਰ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣ ਗਿਆ ਹੈ, ਜਦੋਂ ਅਣ-ਪਛਾਤੇ ਵਿਅਕਤੀਆਂ ਵਲੋਂ ਈ.ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਧਮਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਅਤੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਭੇਜੀ ਗਈ ਹੈ।
ਇਸ ਤੋਂ ਇਲਾਵਾ ਚੰਡੀਗੜ੍ਹ ਦੇ ਮੇਅਰ ਦਫ਼ਤਰ ਅਤੇ ਸੈਕਟਰ-1 ਸਥਿਤ ਸਿਵਲ ਸਕੱਤਰੇਤ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਵਾਲਾ ਈ.ਮੇਲ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ 'ਚ ਆ ਗਈਆਂ ਹਨ। ਇਸ ਤੋਂ ਬਾਅਦ ਸਾਰੇ ਸੰਵੇਦਨਸ਼ੀਲ ਇਲਾਕਿਆਂ 'ਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ ਅਤੇ ਸ਼ੱਕੀ ਚੀਜ਼ਾਂ ਦੀ ਜਾਂਚ ਲਈ ਖਾਸ ਮੁਹਿੰਮ ਚਲਾਈ ਜਾ ਰਹੀ ਹੈ। ਬੰਬ ਸਕੁਐਡ ਅਤੇ ਡੌਗ ਸਕੁਐਡ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ, ਜਦਕਿ ਸਾਇਬਰ ਸੈੱਲ ਵਲੋਂ ਈ.ਮੇਲ ਭੇਜਣ ਵਾਲਿਆਂ ਦੀ ਪਹਿਚਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
;
;
;
;
;
;
;