JALANDHAR WEATHER

ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਗਠਿਤ ਦਹੇਜ ਵਿਰੋਧੀ ਕਮੇਟੀ ਵਿਚ ਡਾ. ਸਵਰਾਜ ਗਰੋਵਰ ਮੈਂਬਰ ਨਿਯੁਕਤ

ਅੰਮ੍ਰਿਤਸਰ, 6 ਅਪ੍ਰੈਲ (ਜਸਵੰਤ ਸਿੰਘ ਜੱਸ)- ਸਮਾਜ ਵਿਚ ਦਾਜ ਪ੍ਰਥਾ ਦੇ ਵੱਧ ਰਹੇ ਘਾਤਕ ਪ੍ਰਭਾਵਾਂ ਤੋਂ ਮੁਕਤੀ ਦਿਵਾਉਣ ਅਤੇ ਲੋਕ ਜਾਗਰੂਕਤਾ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ, ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ ਸ੍ਰੀਮਤੀ ਜਤਿੰਦਰ ਕੌਰ ਵਲੋਂ ਗਠਿਤ ਜ਼ਿਲ੍ਹਾ ਪੱਧਰੀ ਦਹੇਜ ਵਿਰੋਧੀ ਕਮੇਟੀ ਵਿਚ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸਮਾਜਸੇਵੀ ਡਾ. ਸਵਰਾਜ ਗਰੋਵਰ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਇਸ ਕਮੇਟੀ ਦੇ ਚੇਅਰਮੈਨ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਅਤੇ ਜ਼ਿਲ੍ਹਾ ਕਾਨੂੰਨੀ ਸੇਵਾ ਪ੍ਰਾਧਿਕਰਨ, ਅੰਮ੍ਰਿਤਸਰ ਦੇ ਸਮਾਜ ਸੇਵੀ ਸਕੱਤਰ ਸ੍ਰੀ ਅਮਰਦੀਪ ਸਿੰਘ ਬੈਂਸ ਹਨ। ਇਸ ਤੋਂ ਇਲਾਵਾ ਅਸਿਸਟੈਂਟ ਕਮਿਸ਼ਨਰ ਜਨਰਲ ਸ੍ਰੀ ਨਵਕੀਰਤ ਸਿੰਘ ਰੰਧਾਵਾ, ਪੁਲਿਸ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀ ਜਗਬਿੰਦਰ ਸਿੰਘ ਸੰਧੂ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਇਸ ਕਮੇਟੀ ਵਿਚ ਸ਼ਾਮਿਲ ਹਨ।

ਦੱਸਣਯੋਗ ਹੈ ਕਿ ਸੰਨ 1968 ਤੋਂ ਡਾ. ਸਵਰਾਜ ਗਰੋਵਰ ਸਮਾਜਿਕ ਜਾਗਰੂਕਤਾ, ਮਹਿਲਾ ਸਨਮਾਨ ਅਤੇ ਦਹੇਜ ਵਿਰੋਧੀ ਮੁਹਿੰਮਾਂ ਵਿੱਚ ਰਾਸ਼ਟਰੀ ਪੱਧਰ ’ਤੇ ਲਗਾਤਾਰ ਸਰਗਰਮ ਰਹੀਆਂ ਹਨ। ਉਨ੍ਹਾਂ ਨੇ ਹਜ਼ਾਰਾਂ ਦਾਜ ਵਿਰੋਧੀ ਜਨ-ਚੇਤਨਾ, ਸੰਕਲਪ ਪ੍ਰੋਗਰਾਮਾਂ, ਸੈਮੀਨਾਰਾਂ, ਸੰਗੋਸ਼ਠੀਆਂ, ਰੈਲੀਆਂ ਅਤੇ ਵਿਚਾਰ-ਵਟਾਂਦਰਿਆਂ ਰਾਹੀਂ ਸਮਾਜ ਨੂੰ ਜਾਗਰੂਕ ਕਰਨ ਦੇ ਨਾਲ ਹਜ਼ਾਰਾਂ ਬਿਨ੍ਹਾਂ ਦਾਜ ਵਿਆਹ ਕਰਵਾਏ ਹਨ । ਉਨ੍ਹਾਂ ਦੇ ਇਸ ਸ਼ਲਾਘਾਯੋਗ ਯੋਗਦਾਨ ਲਈ ਦੇਸ਼ ਭਰ ਦੀਆਂ ਅਨੇਕਾਂ ਸੰਸਥਾਵਾਂ ਅਤੇ ਸਮਾਜਿਕ ਸੰਗਠਨਾਂ ਵਲੋਂ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਦੱਸ ਦੇਈਏ  ਕਿ ਡਾ. ਸਵਰਾਜ ਗਰੋਵਰ ਨੇ ਆਪਣੇ ਖੁਦ ਦੇ ਪੁੱਤਰ, ਪੋਤੇ, ਰਿਸ਼ਤੇਦਾਰਾਂ ਅਤੇ ਮਿੱਤਰ ਮੰਡਲੀ ਵਿਚ ਵੀ ਬਿਨ੍ਹਾਂ ਦਾਜ ਵਿਆਹ ਕਰਵਾ ਕੇ ਸਮਾਜ ਅੱਗੇ ਇਕ ਪ੍ਰੇਰਣਾਦਾਇਕ ਉਦਾਹਰਣ ਪੇਸ਼ ਕੀਤੀ ਹੈ।

ਡਾ. ਸਵਰਾਜ ਗਰੋਵਰ ਦੀਆਂ ਸਮਾਜਿਕ ਸੇਵਾਵਾਂ ਦੀ ਖ਼ਿਆਤੀ ਅੰਤਰਰਾਸ਼ਟਰੀ ਪੱਧਰ ਤੱਕ ਵੀ ਪਹੁੰਚ ਚੁੱਕੀ ਹੈ। ਉਨ੍ਹਾਂ ਨੂੰ ਹਾਲੈਂਡ, ਸਾਊਥ ਅਮਰੀਕਾ, ਲੰਡਨ, ਮੌਰੀਸ਼ਸ, ਬੈਂਕਾਕ, ਸਿੰਗਾਪੁਰ, ਸਿਡਨੀ, ਮੈਲਬੋਰਨ, ਨੇਪਾਲ, ਸ਼੍ਰੀਲੰਕਾ, ਬਰਮਾ ਅਤੇ ਹੋਰ ਦੇਸ਼ਾਂ ਵਿਚ ਵੀ ਸੱਦਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਡਾ. ਸਵਰਾਜ ਗਰੋਵਰ ਨੇ ਇਸ ਮੌਕੇ ਕਿਹਾ ਕਿ ਉਹ ਦਾਜ ਵਰਗੀ ਸਮਾਜਿਕ ਕੁ-ਰਿਵਾਜ਼ ਦੇ ਖ਼ਾਤਮੇ ਅਤੇ ਨਾਰੀ ਸਨਮਾਨ ਦੀ ਰੱਖਿਆ ਲਈ ਆਪਣੇ ਇਸ ਸਮਾਜ-ਹਿਤੈਸ਼ੀ ਅਭਿਆਨ ਨੂੰ ਆਖ਼ਰੀ ਸਾਹ ਤੱਕ ਲਗਾਤਾਰ ਜਾਰੀ ਰੱਖਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ