JALANDHAR WEATHER

ਸਰਹੱਦੀ ਪਿੰਡ ਰਾਣੀਆਂ ਵਿਖੇ ਨਗਰ ਕੀਰਤਨ 'ਚ ਹੁਕਮਨਾਮਾ ਲੈਣ ਨੂੰ ਲੈ ਕੇ ਹੋਈ ਤਕਰਾਰ, ਗ੍ਰੰਥੀ ਸਿੰਘ ਨਾਲ ਧੱਕਾ-ਮੁੱਕੀ

ਚੋਗਾਵਾਂ/ਅੰਮ੍ਰਿਤਸਰ, 11 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਰਾਣੀਆਂ ਵਿਖੇ ਨਗਰ ਕੀਰਤਨ 'ਚ ਹੁਕਮਨਾਮਾ ਲੈਣ ਨੂੰ ਲੈ ਕੇ ਹੋਈ ਤਕਰਾਰ 'ਚ ਗ੍ਰੰਥੀ ਸਿੰਘ ਨਾਲ ਧੱਕਾ-ਮੁੱਕੀ ਕਰਨ ਦੀ ਘਟਨਾ ਵਾਪਰਨ ਦੀ ਖ਼ਬਰ ਹੈ। ਇਸ ਸੰਬੰਧੀ ਪੁਲਿਸ ਚੌਕੀ ਕੱਕੜ ਵਿਖੇ ਲਿਖਤੀ ਦਰਖ਼ਾਸਤ ਦਿੰਦਿਆਂ ਗ੍ਰੰਥੀ ਦਿਲਬਾਗ ਸਿੰਘ ਨੇ ਦੋਸ਼ ਲਗਾਉਂਦਿਆਂ ਦੱਸਿਆਂ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿਚ ਦਾਸ ਨੂੰ ਅਰਦਾਸ ਕਰਨ ਅਤੇ ਸਟੇਜ ਸੈਕਟਰੀ ਦੀ ਡਿਊਟੀ ਸੌਂਪੀ ਗਈ। ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਨਾਨਕ ਗੁਰਪੁਰੀ ਸਾਹਿਬ ਵਿਖੇ ਪਹੁੰਚਣ 'ਤੇ ਗੁਰਦੁਆਰਾ ਸਾਹਿਬ ਵਿਖੇ ਹੁਕਮਨਾਮਾ ਲਿਆ ਗਿਆ। ਉਸ ਤੋਂ ਬਾਅਦ ਇਕ ਵਿਅਕਤੀ ਨੇ ਹੁਕਮਨਾਮਾ ਲੈਣ ਤੋਂ ਕਿੰਤੂ-ਪ੍ਰੰਤੂ ਕੀਤਾ। ਨਗਰ ਕੀਰਤਨ ਅਗਲੇ ਪੜਾਅ 'ਤੇ ਪਹੁੰਚਿਆ ਤਾਂ ਹੁਕਮਨਾਮਾ ਲੈਣ ਲਈ ਪ੍ਰਕਾਸ਼ ਕੀਤਾ ਗਿਆ ਤਾਂ ਉਕਤ ਵਿਅਕਤੀ ਨੇ ਉੱਠ ਕੇ ਹੁਕਮਨਾਮਾ ਲੈਣ ਤੋਂ ਰੋਕ ਦਿੱਤਾ। ਪਿੰਡ ਸੂਝਵਾਨ ਵਿਅਕਤੀਆਂ ਵਲੋਂ ਗੱਲ ਨੂੰ ਵਿਚਾਰ ਕੇ ਕੋਈ ਘਟਨਾ ਨਾ ਵਾਪਰ ਜਾਵੇ, ਉਨ੍ਹਾਂ ਨੇ ਸੁੱਖ ਆਸਨ ਕਰਕੇ ਸਮਾਪਤੀ ਕਰ ਦਿੱਤੀ। ਅੱਜ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦਿਲਬਾਗ ਸਿੰਘ ਨੇ ਗ੍ਰੰਥੀ ਸਿੰਘ ਨੂੰ ਮਾੜਾ ਚੰਗਾ ਬੋਲਿਆ ਤੇ ਧੱਕਾ ਮੁੱਕੀ ਕੀਤੀ। ਇਸ ਮੌਕੇ ਗ੍ਰੰਥੀ ਦਿਲਬਾਗ ਸਿੰਘ, ਬਾਬਾ ਬੁੱਢਾ ਗ੍ਰੰਥੀ ਸਭਾ ਦੇ ਇੰਚਾਰਜ ਗੁਰਦੇਵ ਸਿੰਘ ਤੇ ਜੋਬਨਪ੍ਰੀਤ ਸਿੰਘ ਨੇ ਗ੍ਰੰਥੀ ਸਿੰਘ ਨਾਲ ਵਾਪਰੀ ਇਸ ਘਟਨਾ ਦੀ ਸ਼ਬਦਾਂ ਵਿਚ ਨਿੰਦਾ ਕੀਤੀ। ਉਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਮੰਗ ਕੀਤੀ ਕਿ ਗ੍ਰੰਥੀ ਸਿੰਘ ਨੂੰ ਇਨਸਾਫ਼ ਦਿਵਾਇਆ ਜਾਵੇ।

ਇਸ ਮੌਕੇ 'ਤੇ ਦੂਜੀ ਧਿਰ ਦੇ ਦਿਲਬਾਗ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਿੰਡ ਵਿਚ ਨਗਰ ਕੀਰਤਨ ਆਰੰਭ ਕਰਨ ਤੋਂ ਬਾਅਦ ਗ੍ਰੰਥੀ ਸਿੰਘ ਨੂੰ ਵੱਖ-ਵੱਖ ਪੜਾਵਾਂ 'ਤੇ ਹੁਕਮਨਾਮਾ ਨਾ ਲੈਣ ਦਾ ਫ਼ੈਸਲਾ ਕੀਤਾ ਗਿਆ ਸੀ। ਪਰ ਫਿਰ ਵੀ ਉਸ ਨੇ ਇਕ ਦੋ ਪੜਾਵਾਂ ਤੇ ਹੁਕਮਨਾਮਾ ਲਏ। ਜਿਸ ਨੂੰ ਕਿਸੇ ਵਿਅਕਤੀ ਵਲੋਂ ਰੋਕਿਆ ਗਿਆ ਸੀ। ਗ੍ਰੰਥੀ ਸਿੰਘ ਮੇਰੇ ਨਾਲ ਰੰਜਿਸ਼ ਰੱਖਦਾ ਹੈ। ਜਿਸ ਕਰਕੇ ਉਸ ਨੇ ਅੱਜ ਪਾਠ ਦੇ ਭੋਗ ਤੋਂ ਬਾਅਦ ਮੈਨੂੰ ਮਾੜਾ ਚੰਗਾ ਬੋਲਿਆ ਤੇ ਧੱਕਾ-ਮੁੱਕੀ ਕੀਤੀ। ਮੈਂ ਕੋਈ ਝਗੜਾ ਨਹੀਂ ਕੀਤਾ ਤੇ ਮਾਮੂਲੀ ਤਕਰਾਰ ਹੋਈ। ਇਸ ਮੌਕੇ ਪੁਲਿਸ ਚੌਕੀ ਕੱਕੜ ਦੇ ਏ.ਐਸ.ਆਈ. ਮੁਖਤਾਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸ਼ਿਕਾਇਤ ਪ੍ਰਾਪਤ ਹੋਈ ਹੈ ਤੇ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ