ਸਿੱਧੂ ਮੂਸੇਵਾਲਾ ਡਾਕਿਊਮੈਂਟਰੀ ਮਾਮਲਾ: ਬੀ.ਬੀ.ਸੀ. 16 ਜੂਨ ਨੂੰ ਕਰੇਗੀ ਜਵਾਬ ਦਾਇਰ

ਮਾਨਸਾ, 12 ਜੂਨ- ਪੰਜਾਬੀ ਗਾਇਕਾ ਸਿੰਧੂ ਮੂਸੇਵਾਲਾ ’ਤੇ ਬੀ.ਬੀ.ਸੀ. ਚੈਨਲ ਵਲੋਂ ਬਣਾਈ ਗਈ ਦਸਤਾਵੇਜ਼ੀ ਦੀ ਸਕ੍ਰੀਨਿੰਗ ਸੰਬੰਧੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਅਦਾਲਤ ਵਿਚ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਇਸ ਦਸਤਾਵੇਜ਼ੀ ਨੂੰ ਪ੍ਰਕਾਸ਼ਿਤ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਦਾ ਕੇਸ ਅਜੇ ਵੀ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਦਸਤਾਵੇਜ਼ੀ ਕੇਸ ਨੂੰ ਵਿਗਾੜ ਸਕਦੀ ਹੈ, ਜਿਸ ’ਤੇ ਅਦਾਲਤ ਨੇ ਅੱਜ ਦੀ ਤਾਰੀਖ਼ ਤੈਅ ਕੀਤੀ ਸੀ। ਅੱਜ ਬੀ.ਬੀ.ਸੀ. ਚੈਨਲ ਅਤੇ ਬੀ.ਬੀ.ਸੀ. ਬੁਲਾਰੇ ਵਲੋਂ ਵਕੀਲ ਅਦਾਲਤ ਵਿਚ ਪੇਸ਼ ਹੋਏ, ਜਿਨ੍ਹਾਂ ਨੇ ਅਦਾਲਤ ਨੂੰ ਜਵਾਬ ਦੇਣ ਲਈ ਲੰਮਾ ਸਮਾਂ ਮੰਗਿਆ, ਪਰ ਮੂਸੇਵਾਲਾ ਦੇ ਵਕੀਲ ਨੇ ਇਸ ਮਾਮਲੇ ਵਿਚ ਸ਼ਾਰਟ ਨੋਟਿਸ ਮੰਗਿਆ ਅਤੇ ਕਿਹਾ ਕਿ ਦਸਤਾਵੇਜ਼ੀ ਬੀ.ਬੀ.ਸੀ. ਚੈਨਲ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਇਸ ਲਈ ਇਸ ਦਾ ਜਲਦੀ ਨਿਪਟਾਰਾ ਕੀਤਾ ਜਾਵੇ, ਜਿਸ ’ਤੇ ਅਦਾਲਤ ਨੇ ਬੀ.ਬੀ.ਸੀ. ਚੈਨਲਾਂ ਨੂੰ 16 ਜੂਨ ਨੂੰ ਜਵਾਬ ਦੇਣ ਲਈ ਕਿਹਾ ਹੈ। ਇਸ ’ਤੇ ਬੋਲਦਿਆਂ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰਪਾਲ ਮਿੱਤਲ ਨੇ ਕਿਹਾ ਕਿ ਬੀ.ਬੀ.ਸੀ. ਚੈਨਲ ਵਲੋਂ 16 ਜੂਨ ਨੂੰ ਜਵਾਬ ਦਾਇਰ ਕੀਤਾ ਜਾਵੇਗਾ। ਦੂਜੇ ਪਾਸੇ ਬੀ.ਬੀ.ਸੀ. ਚੈਨਲ ਸਾਹਮਣੇ ਪੇਸ਼ ਹੋਏ ਵਕੀਲ ਬਲਵੰਤ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਜਵਾਬ ਲਈ ਸਮਾਂ ਮੰਗਿਆ ਸੀ ਅਤੇ ਉਨ੍ਹਾਂ ਨੂੰ ਸਮਾਂ ਦਿੱਤਾ ਗਿਆ ਹੈ। ਹੁਣ ਉਹ 16 ਜੂਨ ਨੂੰ ਜਵਾਬ ਦਾਇਰ ਕਰਨਗੇ।