ਸਿੱਧੂ ਮੂਸੇਵਾਲਾ ਡਾਕੂਮੈਂਟਰੀ ਵਿਵਾਦ 'ਚ ਬੀ.ਬੀ.ਸੀ. ਲੰਡਨ ਸਮੇਤ 3 ਨੂੰ ਨੋਟਿਸ ਜਾਰੀ

ਮਾਨਸਾ, 10 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਦਾ ਮਾਮਲਾ ਭਖ ਗਿਆ ਹੈ। ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਇਸ ਮੁੱਦੇ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦੱਸਣਯੋਗ ਹੈ ਕਿ ਬੀ ਬੀ.ਸੀ. ਲੰਡਨ ਵਲੋਂ ਸਿੱਧੂ ਮੂਸੇਵਾਲਾ ਬਾਰੇ ਖੋਜੀ ਡਾਕੂਮੈਂਟਰੀ ਬਣਾਈ ਹੈ, ਜਿਸ ਦੀ 11 ਜੂਨ ਨੂੰ ਮੁੰਬਈ ਵਿਖੇ ਸਕਰੀਨਿੰਗ ਕੀਤੀ ਜਾਣੀ ਸੀ। ਬਲਕੌਰ ਸਿੰਘ ਨੇ ਇਸ ਤੋਂ ਪਹਿਲਾਂ ਕੰਪਨੀ ਦੇ ਪ੍ਰਬੰਧਕਾਂ ਤੇ ਮਹਾਰਾਸ਼ਟਰ ਦੇ ਡੀ.ਜੀ.ਪੀ. ਨੂੰ ਪੱਤਰ ਲਿਖ ਕੇ ਫ਼ਿਲਮ ਦੀ ਸਕਰੀਨਿੰਗ 'ਤੇ ਰੋਕ ਲਗਾਉਣ ਅਤੇ ਚੈਨਲ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਭਾਵੇਂ ਇਸ ਪੱਤਰ ਤੋਂ ਬਾਅਦ ਚੈਨਲ ਨੇ ਡਾਕੂਮੈਂਟਰੀ ਦੀ ਸਕਰੀਨਿੰਗ ਸਬੰਧੀ ਹੋਣ ਵਾਲਾ ਇਕ ਵਾਰ ਸਮਾਗਮ ਰੋਕ ਦਿੱਤਾ ਪਰ ਬਲਕੌਰ ਸਿੰਘ ਨੇ ਅੱਜ ਸਿਵਲ ਜੱਜ ਸੀਨੀਅਰ ਡਵੀਜ਼ਨ ਮਾਨਸਾ ਦੀ ਅਦਾਲਤ 'ਚ ਡਾਕੂਮੈਂਟਰੀ ਦੀ ਸਕਰੀਨਿੰਗ ਅਤੇ ਜਾਰੀ ਕਰਨ 'ਤੇ ਰੋਕ ਲਗਾਉਣ ਲਈ ਮੁਕੱਦਮਾ ਦਾਇਰ ਕੀਤਾ ਹੈ। ਮਾਣਯੋਗ ਅਦਾਲਤ ਨੇ ਮਾਮਲੇ ਦੀ ਸੁਣਵਾਈ 12 ਜੂਨ 'ਤੇ ਪਾਉਂਦਿਆਂ ਬੀ.ਬੀ.ਸੀ. ਲੰਡਨ ਸਮੇਤ 3 ਜਣਿਆਂ ਨੂੰ ਨੋਟਿਸ ਜਾਰੀ ਕੀਤੇ ਹਨ।