ਕਪੂਰਥਲਾ ਤੇ ਫਗਵਾੜਾ ਸ਼ਹਿਰ 'ਚ ਰਾਤ 9:30 ਤੋਂ 12 ਵਜੇ ਤੱਕ ਬਲੈਕ ਆਊਟ ਰਿਹਾ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ-ਡੀ.ਸੀ.
ਭਾਰਤ-ਪਾਕਿ ਜੰਗ ਦਰਮਿਆਨ ਇਹਤਿਆਤ ਵਜੋਂ ਕਪੂਰਥਲਾ ਤੇ ਫਗਵਾੜਾ ਸ਼ਹਿਰ 'ਚ ਰਾਤ 9:30 ਤੋਂ 12 ਵਜੇ ਤੱਕ ਬਲੈਕ ਆਊਟ ਰਿਹਾ ਸਾਇਰਨ ਵੱਜਣ ਤੋਂ ਬਾਅਦ ਲੋਕਾਂ ਨੇ ਘਰਾਂ ਦੀਆਂ ਲਾਈਟਾਂ ਤੇ ਇਨਵਰਟਰ ਬੰਦ ਰੱਖੇ ਪ੍ਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ-ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ-ਡੀ.ਸੀ. ਰਾਤ ਜ਼ਿਲ੍ਹੇ ਵਿਚ ਰਿਹਾ 12 ਵਜੇ ਤੱਕ ਬਲੈਕ ਆਊਟ ਕਪੂਰਥਲਾ, 8 ਮਈ (ਅਮਰਜੀਤ ਕੋਮਲ)-ਭਾਰਤ-ਪਾਕਿ ਜੰਗ ਦਰਮਿਆਨ ਇਕ ਇਹਤਿਆਤੀ ਕਦਮ ਵਜੋਂ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਅੱਜ ਕਪੂਰਥਲਾ ਤੇ ਫਗਵਾੜਾ ਸ਼ਹਿਰ ਵਿਚ ਰਾਤ 9:30 ਵਜੇ ਤੋਂ 12 ਵਜੇ ਤੱਕ ਬਲੈਕ ਆਊਟ ਰਿਹਾ | ਇਸੇ ਦੌਰਾਨ ਸ਼ਹਿਰ ਦੇ ਸਾਰੇ ਖੇਤਰਾਂ ਵਿਚ ਬਿਜਲੀ ਬੰਦ ਰਹੀ | ਇਸ ਤੋਂ ਪਹਿਲਾਂ ਬਲੈਕ ਆਊਟ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਡੀ.ਸੀ. ਚੌਂਕ, ਰਮਨੀਕ ਚੌਂਕ ਤੇ ਮਾਡਲ ਟਾਊਨ ਵਿਚ ਸਾਇਰਨ ਵਜਾਏ ਗਏ | ਪੰਜਾਬ ਪੁਲਿਸ ਦੇ ਜਵਾਨਾਂ ਨੇ ਵੱਖ-ਵੱਖ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਘਰਾਂ ਦੀਆਂ ਲਾਈਟਾਂ ਬੰਦ ਕਰਨ ਤੇ ਸੜਕ 'ਤੇ ਜਾ ਰਹੀਆਂ ਗੱਡੀਆਂ ਨੂੰ ਸੜਕ ਦੇ ਕਿਨਾਰੇ ਹੀ ਲਾਈਟਾਂ ਬੰਦ ਕਰਕੇ ਰੁਕਣ ਲਈ ਕਿਹਾ | ਰਾਤ 9:30 ਵਜੇ ਸਾਇਰਨ ਵੱਜਣ ਤੋਂ ਬਾਅਦ ਸਾਰਾ ਸ਼ਹਿਰ ਬਲੈਕ ਆਊਟ ਹੋ ਗਿਆ ਤੇ ਲੋਕਾਂ ਨੇ ਘਰਾਂ ਦੀਆਂ ਲਾਈਟਾਂ ਤੋਂ ਇਲਾਵਾ ਆਪਣੇ ਇਨਵਰਟਰ ਵੀ ਬੰਦ ਕਰ ਦਿੱਤੇ, ਪਰ ਕੁੱਝ ਘਰਾਂ ਦੇ ਬਾਹਰ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤੇ ਸ਼ਹਿਰ ਵਿਚਲੇ ਮੋਬਾਈਲ ਟਾਵਰਾਂ ਦੀਆਂ ਲਾਈਟਾਂ ਜਗਦੀਆਂ ਦੇਖੀਆਂ ਗਈਆਂ | ਬਲੈਕ ਆਊਟ ਦੌਰਾਨ ਕਪੂਰਥਲਾ ਨੇੜਲੇ ਖੇਤਰਾਂ ਵਿਚ ਲੋਕਾਂ ਨੇ 9:30 ਵਜੇ ਦੇ ਕਰੀਬ ਅਸਮਾਨ ਵਿਚ ਮਿਜ਼ਾਈਲਾਂ ਦੇਖੀਆਂ ਤੇ ਕੁੱਝ ਸਮੇਂ ਬਾਅਦ ਹੀ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ | ਬਲੈਕ ਆਊਟ ਦੌਰਾਨ ਕਪੂਰਥਲਾ ਤੇ ਫਗਵਾੜਾ ਵਿਚਲੇ ਹਸਪਤਾਲ ਖੁੱਲੇ੍ਹ ਰਹੇ | ਇਸੇ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਹ ਬਲੈਕ ਆਊਟ ਕੇਵਲ ਇਹਤਿਆਤ ਵਜੋਂ ਕੀਤਾ ਗਿਆ ਹੈ, ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ |