ਕਪੂਰਥਲਾ ਦੇ ਮੁਹੱਲਾ ਪਰਮਜੀਤ ਗੰਜ ’ਚ ਦੇਰ ਰਾਤ ਹੋਈ ਫਾਇਰਿੰਗ

ਕਪੂਰਥਲਾ, 8 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਦੇ ਮੁਹੱਲਾ ਪਰਮਜੀਤ ਗੰਜ ਵਿਚ ਦੇਰ ਰਾਤ ਇਕ ਚੌਲ ਵਪਾਰੀ ਦੇ ਘਰ ਬਾਹਰ ਕੁਝ ਵਿਅਕਤੀਆਂ ਵਲੋਂ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਵਲੋਂ ਪੰਜ ਰਾਊਂਡ ਫਾਇਰ ਕੀਤੇ ਗਏ ਹਨ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੇ ਡੀ.ਐਸ.ਪੀ. ਸਬ ਡਵੀਜ਼ਨ ਅਤੇ ਥਾਣਾ ਸਿਟੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁਹੱਲਾ ਪਰਮਜੀਤ ਗੰਜ ਵਾਸੀ ਅਸ਼ਵਨੀ ਕੁਮਾਰ ਬਜਾਜ ਜੋ ਕਿ ਚਾਵਲਾਂ ਦਾ ਵਪਾਰੀ ਹੈ ਦੇ ਘਰ ਦੇ ਬਾਹਰ ਅੱਧੀ ਰਾਤ ਲਗਭਗ ਪੌਣੇ 12 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਦੌਰਾਨ ਗੋਲੀ ਵਪਾਰੀ ਦੇ ਇਕ ਮੇਨ ਦਰਵਾਜ਼ੇ ’ਤੇ ਵੀ ਲੱਗੀ। ਮੌਕੇ ’ਤੇ ਪਹੁੰਚੀ ਥਾਣਾ ਸਿਟੀ ਪੁਲਿਸ ਨੇ ਜਾਂਚ ਸ਼ੁਰੂ ਦਿੱਤੀ ਹੈ ਤੇ ਘਟਨਾ ਸਥਾਨ ਤੋਂ ਇਕ ਚੱਲਿਆ ਹੋਇਆ ਕਾਰਤੂਸ ਵੀ ਬਰਾਮਦ ਕੀਤਾ ਹੈ। ਡੀ.ਐਸ.ਪੀ. ਦੀਪ ਕਰਨ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਪੁਰਾਣੀ ਰੰਜਿਸ਼ ਦਾ ਮਾਮਲਾ ਲੱਗ ਰਿਹਾ ਹੈ, ਜਿਸ ਕਾਰਨ ਇਹ ਫਾਇਰਿੰਗ ਦੀ ਘਟਨਾ ਹੋਈ ਹੈ ਅਤੇ ਥਾਣਾ ਸਿਟੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਸਥਾਨ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।