ਮਨਿਸਟੀਰੀਅਲ ਸਟਾਫ਼ ਯੂਨੀਅਨ ਦਾ ਵਫਦ ਮੰਗਾਂ ਸਬੰਧੀ ਸਿੱਖਿਆ ਵਿਭਾਗ ਦੇ ਨਵ-ਨਿਯੁਕਤ ਡਾਇਰੈਕਟਰ ਗੁਰਿੰਦਰ ਸੋਢੀ ਨੂੰ ਮਿਲਿਆ

ਪਠਾਨਕੋਟ, 3 ਮਈ (ਸੰਧੂ)-ਮਨਿਸਟੀਰੀਅਲ ਸਟਾਫ਼ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਵਲੋਂ ਪ੍ਰਧਾਨ ਸਰਬਜੀਤ ਸਿੰਘ ਢੀਂਗਰਾ ਅਤੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਨਵ-ਨਿਯੁਕਤ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਗੁਰਿੰਦਰ ਸਿੰਘ ਸੋਢੀ ਪੀ.ਸੀ.ਐਸ. ਨੂੰ ਆਪਣੀਆਂ ਮੰਗਾਂ ਸਬੰਧੀ ਮਿਲਿਆ ਜਿਨ੍ਹਾਂ ਵਿਚ ਮੁੱਖ ਤੌਰ 'ਤੇ ਸੀਨੀਆਰਤਾ ਸੂਚੀ ਜਲਦ ਤੋਂ ਜਲਦ ਜਾਰੀ ਕਰਨਾ, ਪ੍ਰਮੋਸ਼ਨਾਂ ਕਰਨਾ, ਟਾਈਪ ਟੈਸਟ ਦੀ ਥਾਂ ਉਤੇ ਕੰਪਿਊਟਰ ਟ੍ਰੇਨਿੰਗ ਬਹਾਲ ਕਰਨਾ, ਵਿਧਵਾ ਕਰਮਚਾਰੀਆਂ ਦੇ ਜਾਰੀ ਪੱਤਰ ਵਿਚ ਸੋਧ ਕਰਨੀ ਤੇ ਟਾਈਪ ਟੈਸਟ ਤੋਂ ਪੂਰਨ ਛੋਟ, ਪਹਿਲਾਂ ਤੋਂ ਹੀ ਲਾਗੂ 1 ਫ਼ੀਸਦੀ ਕੋਟਾ ਬਿਨਾਂ ਟੈਟ ਤੋਂ ਲਾਗੂ ਕਰਵਾਉਣਾ, ਦੋ-ਦੋ ਸਕੂਲਾਂ ਦਾ ਵਾਧੂ ਚਾਰਜ ਨਾ ਦੇਣਾ, ਕਲਰਕ ਦੀਆਂ ਬਦਲੀਆਂ ਲਈ ਸਮੇਂ ਵਿਚ ਛੋਟ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਚ ਖ਼ਾਲੀ ਪੋਸਟਾਂ ਭਰਨ ਆਦਿ ਮੰਗਾਂ ਉਤੇ ਗੱਲਬਾਤ ਕੀਤੀ।
ਇਸ ਮੌਕੇ ਨਵ-ਨਿਯੁਕਤ ਡਾਇਰੈਕਟ ਸੋਢੀ (ਸੈ.ਸਿ.) ਪੰਜਾਬ ਵਲੋਂ ਇਹ ਭਰੋਸਾ ਦਿੱਤਾ ਗਿਆ ਕਿ ਜਲਦ ਤੋਂ ਜਲਦ ਹੀ ਸੀਨੀਆਰਤਾ ਸੂਚੀ ਜਾਰੀ ਹੋ ਜਾਵੇਗੀ ਅਤੇ ਸੀਨੀਅਰ ਸਹਾਇਕ ਦੀਆਂ ਪ੍ਰਮੋਸ਼ਨਾਂ ਵੀ ਜਲਦੀ ਹੀ ਕਰ ਦਿੱਤੀਆਂ ਜਾਣਗੀਆਂ। ਟਾਈਪ ਟੈਸਟ ਬਾਰੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪਹਿਲਾਂ ਵੀ ਵਿੱਤ ਵਿਭਾਗ ਨੂੰ ਲਿਖਿਆ ਜਾ ਚੁੱਕਿਆ ਹੈ ਅਤੇ ਹੁਣ ਫਿਰ ਇਸ ਸੰਬੰਧੀ ਵਿੱਤ ਵਿਭਾਗ ਨੂੰ ਲਿਖ ਦਿੱਤਾ ਜਾਵੇਗਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਰਾਜਦੀਪਕ ਗੁਪਤਾ ਪ੍ਰਧਾਨ ਜ਼ਿਲ੍ਹਾ ਪਠਾਨਕੋਟ ਪ੍ਰਧਾਨ ਅਤੇ ਸੂਬਾ ਕਾਰਜਕਾਰੀ ਪ੍ਰਧਾਨ, ਬਿਕਰਮਜੀਤ ਸਿੰਘ ਆਹਲੂਵਾਲੀਆ ਪ੍ਰਧਾਨ ਜ਼ਿਲ੍ਹਾ ਹੁਸ਼ਿਆਰਪੁਰ, ਪਰਮਪਾਲ ਸਿੰਘ ਰੂਬੀ ਜ਼ਿਲ੍ਹਾ ਪ੍ਰਧਾਨ ਮੋਗਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ, ਗੁਰਮੇਲ ਸਿੰਘ ਹੁਸ਼ਿਆਰਪੁਰ, ਸੁਖਜੀਤ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।